ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਮਹਿੰਗੀਆਂ ਹਵਾਈ ਟਿਕਟਾਂ ਵੇਚਣ ਵਾਲਿਆਂ ’ਤੇ ਨਕੇਲ ਪਾਵੇ ਸਰਕਾਰ : ਢੀਂਡਸਾ

Wednesday, Aug 18, 2021 - 01:54 PM (IST)

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਮਹਿੰਗੀਆਂ ਹਵਾਈ ਟਿਕਟਾਂ ਵੇਚਣ ਵਾਲਿਆਂ ’ਤੇ ਨਕੇਲ ਪਾਵੇ ਸਰਕਾਰ : ਢੀਂਡਸਾ

ਚੰਡੀਗੜ੍ਹ (ਅਸ਼ਵਨੀ) : ਕੈਨੇਡਾ ਸਰਕਾਰ ਵਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਕਾਰਣ ਭਾਰਤ ਵਿਸ਼ੇਸ ਤੌਰ ’ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਮਾਤਰਾ ਵਿਚ ਭੁਗਤਾਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧ ਵਿਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਧਿਆਨ ਖਿੱਚਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰੀ ਹਵਾਬਾਜੀ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਨੂੰ ਇਸ ਸਬੰਧ ਵਿਚ ਲੋੜੀਂਦੇ ਕਦਮ ਚੁੱਕ ਕੇ ਹਵਾਈ ਯਾਤਰਾ ਦੀਆਂ ਵਧੀਆਂ ਕੀਮਤਾਂ ’ਤੇ ਨਕੇਲ ਪਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਮਸਲੇ ’ਤੇ ਸਬੰਧਤ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਤਾਂ ਜੋ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਰਾਹਤ ਮਿਲ ਸਕੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ, ਜਿਨ੍ਹਾਂ ਨੇ ਕੈਨੇਡੀਅਨ ਯੂਨੀਵਰਸਿਟੀਆਂ ਵਿਚ ਦਾਖਲਾ ਲਿਆ ਹੈ, ਉਹ ਵੱਧ ਖਰਚਿਆਂ ਦੇ ਬਾਵਜੂਦ ਵਿਦੇਸ਼ ਜਾਣ ਲਈ ਅਸਿੱਧੇ ਰਸਤਿਆਂ ਨੂੰ ਅਪਣਾ ਰਹੇ ਹਨ ਅਤੇ ਇਸ ਦੇ ਲਈ ਏਅਰਲਾਈਨ ਕੰਪਨੀਆਂ ਵਲੋਂ ਵਿਦਿਆਰਥੀਆਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ’ਚ ਕਿਉਂ ਵਧ ਜਾਂਦੈ ਦੇਸ਼ ਵਿਰੋਧੀ ਤਾਕਤਾਂ ਦਾ ਖ਼ਤਰਾ?

ਕੈਨੇਡਾ ਲਈ ਕੋਈ ਸਿੱਧੀ ਉਡਾਣ ਨਾ ਹੋਣ ਕਾਰਣ ਜ਼ਿਆਦਾਤਰ ਉਡਾਣਾਂ ਜਰਮਨੀ, ਮੈਕਸੀਕੋ, ਮਲੇਸ਼ੀਆ, ਮਾਲਦੀਵ, ਸਰਬੀਆ, ਕਤਰ ਅਤੇ ਹੋਰ ਦੇਸ਼ਾਂ ਤੋਂ ਹੋ ਕੇ ਜਾ ਰਹੀਆਂ ਹਨ। ਇਨ੍ਹਾਂ ਅਸਿੱਧੇ ਰਸਤਿਆਂ ਲਈ ਹਵਾਈ ਕਿਰਾਇਆ ਸਿੱਧੀਆਂ ਉਡਾਣਾਂ ਦੇ ਮੁਕਾਬਲੇ ਵਿਚ 5 ਗੁਣਾ ਤੱਕ ਜ਼ਿਆਦਾ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੋਰੋਨਾ ਦੇ ਖ਼ੌਫ ਦਰਮਿਆਨ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ ਭੇਜਣ ਦੀ ਜਲਦੀ ਵਿਚ ਹਨ, ਭਾਵੇਂ ਉਨ੍ਹਾਂ ਨੂੰ ਇਸ ਦੀ ਵੱਧ ਕੀਮਤ ਹੀ ਕਿਉਂ ਨਾ ਦੇਣੀ ਪਵੇ ਪਰ ਢੀਂਡਸਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਮਾਪਿਆਂ ਦੀ ਇਸ ਮਜ਼ਬੂਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਹਵਾਈ ਕਿਰਾਏ ਵਿਚ ਹੋਏ ਬੇਤਹਾਸਾ ਵਾਧੇ ਨੂੰ ਕੰਟਰੋਲ ਕਰਨ ਲਈ ਤੁਰੰਤ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਅਮਰੀਕਾ ਵਲੋਂ ਵਿਸ਼ਵਾਸ ’ਚ ਨਾ ਲੈਣ ਕਾਰਨ ਦੇਸ਼ ਨੂੰ ਵੱਡਾ ਆਰਥਿਕ ਤੇ ਰਣਨੀਤਕ ਨੁਕਸਾਨ

ਮਾਪਿਆਂ ਦਾ ਦਰਦ ਬਿਆਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮਾਪੇ ਪਹਿਲਾਂ ਹੀ ਆਰਥਿਕ ਤੰਗੀ ਕੱਟ ਕੇ ਬੜੀ ਮੁਸ਼ਕਿਲ ਨਾਲ ਆਪਣੇ ਜਿਗਰ ਦੇ ਟੁਕੜੇ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਵਿਦੇਸ਼ ਭੇਜਦੇ ਹਨ। ਅਜਿਹੇ ਵਿਚ ਏਅਰਲਾਈਨ ਕੰਪਨੀਆਂ ਵਲੋਂ ਪੰਜ ਗੁਣਾ ਹਵਾਈ ਕਿਰਾਇਆ ਵਸੂਲ ਕੇ ਉਨ੍ਹਾਂ ’ਤੇ ਦੋਹਰੀ ਮਾਰ ਮਾਰੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮਾਂ-ਪਿਉ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਮੈਕਸੀਕੋ ਤੋਂ ਹੁੰਦੇ ਹੋਏ ਕੈਨੇਡਾ ਗਈ ਹੈ। ਇਸ ਯਾਤਰਾ ਲਈ ਉਨ੍ਹਾਂ ਦੇ ਕਰੀਬ ਤਿੰਨ ਲੱਖ ਰੁਪਏ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਹੋਰ ਵਿਦਿਆਰਥੀ ਦਿੱਲੀ ਤੋਂ ਫਰੈਂਕਫਰਟ ਹੁੰਦੇ ਹੋਏ ਟੋਰਾਂਟੋ ਗਿਆ। ਉਸ ਨੇ 28 ਘੰਟਿਆਂ ਤੱਕ ਟਰਮੀਨਲ ’ਤੇ ਉਡੀਕ ਕੀਤੀ ਅਤੇ ਫਿਰ ਮਾਂਟਰੀਅਲ ਲਈ ਉਡਾਣ ਭਰੀ ਅਤੇ ਉਥੋਂ ਟੋਰਾਂਟੋ ਲਈ ਇੱਕ ਟਰੇਨ ਵਿਚ ਸਵਾਰ ਹੋਇਆ। ਪਰਮਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆ ਰਹੀਆਂ ਅਜਿਹੀ ਮੁਸ਼ਕਲਾਂ ਪ੍ਰਤੀ ਧਿਆਨ ਦੇਣ ਅਤੇ ਹਵਾਈ ਕਿਰਾਏ ਕੰਟਰੋਲ ਵਿਚ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।     

ਇਹ ਵੀ ਪੜ੍ਹੋ : 10 ਸਾਲ ਬਾਅਦ ਜਗਬੀਰ ਸਿੰਘ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News