NRIs ਦੀ ਬਦੌਲਤ ਪੰਜਾਬ ਦਾ ਇਹ ਪਹਿਲਾ ਸਕੂਲ ਹੋਵੇਗਾ ਡਿਜ਼ੀਟਲ
Monday, Nov 12, 2018 - 12:52 PM (IST)
ਹੁਸ਼ਿਆਰਪੁਰ— ਵਿਦੇਸ਼ਾਂ 'ਚ ਰਹਿੰਦੇ ਐੱਨ. ਆਰ. ਆਈਜ਼. ਦਾ ਦਿਲ ਅੱਜ ਵੀ ਆਪਣੇ ਵਤਨ ਲਈ ਧੜਕਦਾ ਹੈ। ਸਿੱਖਿਆ ਦੀ ਮਸ਼ਾਲ ਜਲਾਉਣ 'ਚ ਉਨ੍ਹਾਂ ਦੀ ਭੂਮਿਕਾ ਨਿਰਾਲੀ ਹੈ। ਐੱਨ. ਆਰ. ਆਈਜ਼ ਦੀਆਂ ਕੋਸ਼ਿਸ਼ਾਂ ਸੱਦਕਾ ਹੀ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਢੇ ਫਤਿਹ ਸਿੰਘ ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਇਸ ਸਰਕਾਰੀ ਸਕੂਲ ਦੇ ਬੱਚੇ ਬੱਸਾਂ 'ਚ ਆਉਂਦੇ-ਜਾਂਦੇ ਹਨ ਅਤੇ ਹੋਰ ਸਹੂਲਤਾਂ ਵੀ ਨਿੱਜੀ ਸਕੂਲਾਂ ਵਾਂਗ ਹੀ ਦਿੱਤੀਆਂ ਗਈਆਂ ਹਨ। ਸਕੂਲ ਦੀ ਨੁਹਾਰ ਬਦਲਣ ਲਈ ਜਿੱਥੇ ਸਟਾਫ ਨੇ ਪ੍ਰਿੰਸੀਪਲ ਤੋਂ ਪ੍ਰੇਰਿਤ ਹੋ ਕੇ ਆਪਣੀ ਤਨਖਾਹ 'ਚੋਂ ਪੈਸੇ ਦਿੱਤੇ, ਉਥੇ ਹੀ ਐੱਨ. ਆਰ. ਆਈਜ਼ ਵੀ ਪਿੱਛੇ ਨਹੀਂ ਰਹੇ। ਸਕੂਲ ਦੇ ਨਿਰਮਾਣ 'ਤੇ ਲਗਭਗ 7 ਲੱਖ ਰੁਪਏ ਖਰਚੇ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਇਹ ਸਕੂਲ ਪੰਜਾਬ ਦਾ ਪਹਿਲਾ ਡਿਜ਼ੀਟਲ ਸਕੂਲ ਬਣਨ ਜਾ ਰਿਹਾ ਹੈ। ਇਸ ਦੇ ਲਈ ਵਿਦਿਆਰਥੀਆਂ ਨੂੰ ਸਵੈਪ ਕਾਰਡ ਫਰੀ 'ਚ ਉਪਲੱਬਧ ਕਰਵਾਏ ਜਾ ਰਹੇ ਹਨ। 6ਵੀਂ ਜਮਾਤ ਤੋਂ ਲੈ ਕੇ 12ਵੀਂ ਤੱਕ ਦੀਆਂ ਲੜਕੀਆਂ ਨੂੰ ਮੁਫਤ ਸਿੱਖਿਆ, ਸਕੂਲ ਯੂਨੀਫਾਰਮ ਦੇ ਨਾਲ-ਨਾਲ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਪ੍ਰਿੰਸੀਪਲ ਸ਼ੈਲੇਂਦਰ ਸਿੰਘ ਦੇ ਇਥੇ ਆਉਣ ਤੋਂ ਪਹਿਲਾਂ ਇਹ ਸਕੂਲ ਵੀ ਬਾਕੀ ਸਰਕਾਰੀ ਸਕੂਲਾਂ ਵਾਂਗ ਹੀ ਸੀ। ਹਰ ਪੰਜ ਕਿਲੋਮੀਟਰ ਦੇ ਦਾਇਰੇ 'ਚ ਇਕ ਸੀਨੀਅਰ ਸੈਕੰਡਰੀ ਸਕੂਲ ਸਥਾਪਤ ਹੈ। ਇਸ ਸਕੂਲ 'ਚ ਵਿਦਿਆਰਥੀ 30 ਕਿਲੋਮੀਟਰ ਦੂਰ ਤੋਂ ਪੜ੍ਹਨ ਆਉਂਦੇ ਹਨ। ਇਸ ਦੇ ਲਈ ਦੋ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਬੱਸਾਂ ਦੇ ਰੱਖ-ਰਖਾਅ ਦਾ ਖਰਚ ਐੱਨ. ਆਰ. ਆਈਜ਼. ਵਾਹਨ ਕਰਦੇ ਹਨ। ਇਨ੍ਹਾਂ 'ਚ ਮਛਰੀਵਾਲ, ਭਾਗੋਵਾਲ, ਜੰਡਿਆਲਾ, ਬੇਗਮਪੁਰ, ਲਾਂਬੜਾ, ਫੱਤੂਵਾਲ, ਖਾਨਪੁਰ, ਨੰਦਾਚੌਰ, ਫਾਬੀਆ, ਚੱਕ ਰਾਜੂ ਸਿੰਘ ਤੋਂ ਇਲਾਵਾ 23 ਹੋਰ ਪਿੰਡਾਂ ਦੇ ਵਿਦਿਆਰਥੀ ਪੜ੍ਹਦੇ ਹਨ।
ਪ੍ਰਿੰਸੀਪਲ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਆਧੁਨਿਕ ਰੂਪ ਦੇਣ 'ਚ ਐੱਨ. ਆਰ. ਆਈਜ਼. ਗੁਰਪ੍ਰੀਤ ਸਿੰਘ ਰੀਹਲ ਟੋਰਾਂਟੋ ਕੈਨੇਡਾ, ਲਖਬੀਰ ਸਿੰਘ ਜਰਮਨੀ, ਸੁਰੇਂਦਰ ਸਿੰਘ ਰੀਹਲ ਕੈਲੇਗਰੀ ਕੈਨੇਡਾ, ਹਰਜਿੰਦਰ ਸਿੰਘ ਰਾਣਾ ਕੈਨੇਡਾ, ਸਰਪੰਚ ਜਸਪਾਲ, ਹਰਭਜਨ ਸਿੰਘ, ਸੁਰੇਂਦਰ ਸਿੰਘ, ਜਸਬੀਰ ਸਿੰਘ ਦਾ ਸਹਿਯੋਗ ਹੈ। ਜਦੋਂ ਉਹ ਸਕੂਲ ਆਏ ਸਨ ਤਾਂ ਬੱਚਿਆਂ ਦੀ ਗਿਣਤੀ 445 ਸੀ ਜੋ ਵਧ ਕੇ 600 ਹੋ ਚੁੱਕੀ ਹੈ।
10 ਬੱਸਾਂ ਚਲਾਉਣ ਦੀ ਯੋਜਨਾ
ਪ੍ਰਿੰਸੀਪਲ ਨੇ ਦੱਸਿਆ ਕਿ ਆਉਣ ਵਾਲੇ ਸਾਲ 'ਚ ਵਿਦਿਆਰਥੀਆਂ ਦਾ ਅੰਕੜਾ ਇਕ ਹਜ਼ਾਰ ਤੋਂ ਪਾਰ ਹੋ ਜਾਵੇਗਾ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਬੱਸਾਂ ਦੀ ਗਿਣਤੀ 2 ਤੋਂ 10 ਕਰਨ ਦੀ ਯੋਜਨਾ ਹੈ। ਇਸ ਦੇ ਲਈ ਐੱਨ. ਆਰ. ਆਈਜ਼. ਸਹਿਯੋਗ ਕਰ ਰਹੇ ਹਨ। ਸ਼ੈਲੇਂਦਰ ਸਿੰਘ ਇਸ ਤੋਂ ਪਹਿਲਾਂ ਜ਼ਿਲਾ ਇੰਸਪੈਕਸ਼ਨ ਟੀਮ ਇੰਚਾਰਜ, ਜ਼ਿਲਾ ਸੁਪਰਵਾਈਜ਼ਰ, ਉੱਪ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਸਕੂਲ 'ਚ ਸਿੱਖਿਆ ਦਾ ਪੱਧਰ ਦੇਖਦੇ ਹੋਏ 54 ਮਾਤਾ-ਪਿਤਾ ਨੇ ਇਸੇ ਸਾਲ ਨਿੱਜੀ ਸਕੂਲਾਂ ਤੋਂ ਹਟਾ ਕੇ ਆਪਣੇ ਬੱਚਿਆਂ ਦਾ ਇਸ ਸਕੂਲ 'ਚ ਦਾਖਲਾ ਕਰਵਾਇਆ ਹੈ। ਬੇਅੰਤ ਸਿੰਘ, ਨਿਰਮਲਾ ਦੇਵੀ, ਉਮਾਸ਼ੰਕਰ ਨੇ ਦੱਸਿਆ ਕਿ ਜਦੋਂ ਮੁਫਤ 'ਚ ਉਸ ਪੱਧਰ ਦੀ ਸਿੱਖਿਆ ਮਿਲ ਰਹੀ ਹੋਵੇ ਤਾਂ ਉਹ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ 'ਚ ਕਿਉਂ ਪੜ੍ਹਾਉਣ।
ਸਵੈਪ ਕਾਰਡ ਜ਼ਰੀਏ ਕਰਨਗੇ ਟਰਾਂਜੈਕਸ਼ਨ
ਇਸ ਸਕੂਲ ਦੇ ਵਿਦਿਆਰਥੀ ਆਪਣੇ ਟਰਾਂਜ਼ੈਕਸ਼ਨ ਸਵੈਪ ਕਾਰਡ ਦੇ ਜ਼ਰੀਏ ਕਰਨਗੇ ਅਤੇ ਕਾਰਡ ਵੀ ਵਿਦਿਆਰਥੀਆਂ ਨੂੰ ਮੁਫਤ 'ਚ ਦਿੱਤੇ ਜਾਣਗੇ। ਸਵੈਪ ਕਾਰਡ ਜ਼ਰੀਏ ਵਿਦਿਆਥੀ ਖਾਣ-ਪੀਣ ਦੇ ਸਾਮਾਨ ਸਮੇਤ ਹੋਰ ਵੀ ਸਟੇਸ਼ਨਰੀ ਲੈ ਸਕਣਗੇ।