ਪੰਜਾਬ ਦੇ ਸਰਕਾਰੀ ਸਕੂਲਾਂ ਨੇ ਮਾਪਿਆਂ ਲਈ ਜਗਾਈ ਵੱਡੀ ਆਸ ਦੀ ਕਿਰਨ

Saturday, Aug 01, 2020 - 02:23 PM (IST)

ਪੰਜਾਬ ਦੇ ਸਰਕਾਰੀ ਸਕੂਲਾਂ ਨੇ ਮਾਪਿਆਂ ਲਈ ਜਗਾਈ ਵੱਡੀ ਆਸ ਦੀ ਕਿਰਨ

ਮੋਹਾਲੀ (ਨਿਆਮੀਆਂ) : ਅੰਗਰੇਜ਼ੀ ਵਿਸ਼ੇ ਦੇ ਸ਼ਾਨਦਾਰ ਨਤੀਜਿਆਂ ਨੇ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਮਾਪਿਆਂ ਲਈ ਵੱਡੀ ਆਸ ਦੀ ਕਿਰਨ ਜਗਾਈ ਹੈ, ਹੁਣ ਇਹ ਬੱਚੇ ਹੋਰਨਾਂ ਵਿਸ਼ਿਆਂ ਤੋਂ ਇਲਾਵਾ ਅੰਗਰੇਜ਼ੀ ’ਚ ਨਿਪੁੰਨਤਾ ਹਾਸਲ ਕਰ ਸਕਣਗੇ। ਮਾਤ ਭਾਸ਼ਾ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਪ੍ਰਤੀ ਮੁਹਾਰਤ ਹਾਸਲ ਕਰਵਾਉਣ ਲਈ ਸਕੂਲ ਸਿੱਖਿਆ ਮਹਿਕਮੇ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਜੋ ਜ਼ਮੀਨੀ ਹਕੀਕਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਅਸਲ ਟੀਚੇ ਸੁਣਨਾਂ, ਬੋਲਣਾ, ਪੜ੍ਹਨਾ, ਲਿਖਣਾ ਦੇ ਚਾਰੇ ਹੁਨਰਾਂ ਦੇ ਯੋਗ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਸੀ, ਉਨ੍ਹਾਂ ਨੂੰ ਬੂਰ ਪਿਆ ਹੈ ਅਤੇ ਸਰਕਾਰੀ ਸਕੂਲਾਂ ਦਾ ਅੰਗਰੇਜ਼ੀ ਨਤੀਜਾ ਰਿਕਾਰਡ 98.44 ਫੀਸਦੀ ਰਿਹਾ।

ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਇਸ ਵਰ੍ਹੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਿੱਜੀ ਸਕੂਲਾਂ ਤੋਂ ਆਏ ਸਵਾ ਲੱਖ ਤੋਂ ਵੱਧ ਵਿਦਿਆਰਥੀਆਂ ਦੇ ਜ਼ਿਆਦਾਤਰ ਮਾਪਿਆਂ ਦਾ ਇਹੀ ਵੱਡਾ ਗਿਲ੍ਹਾ ਸੀ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਵਿਸ਼ੇ ’ਚ ਭਾਵੇ ਚੰਗੇ ਅੰਕ ਲੈ ਜਾਂਦੇ ਸਨ, ਪਰ ਉਹ ਭਾਸ਼ਾ ਦੇ ਚਾਰੇ ਹੁਨਰਾਂ ਤੋਂ ਪਰਪੱਕ ਨਾ ਹੋਣ ਕਾਰਣ ਵਿਸ਼ੇ ਦੀ ਅਸਲ ਮੁਹਾਰਤ ਜਾਂ ਸਮਝ ਤੋਂ ਅਧੂਰੇ ਰਹਿ ਜਾਂਦੇ ਸਨ, ਜੋ ਉਸ ਦੇ ਭਵਿੱਖ ਲਈ ਖਤਰਨਾਕ ਹੈ, ਦੂਜੇ ਬੰਨੇ ਉਹ ਵੱਧ ਨੰਬਰਾਂ ਦੀ ਇਸ ਖੇਡ ’ਚ ਆਪਣੀ ਮਾਤ ਭਾਸ਼ਾ ਅਤੇ ਹੋਰਨਾਂ ਵਿਸ਼ਿਆਂ ਨਾਲ ਵੀ ਇਨਸਾਫ ਨਹੀਂ ਕਰ ਪਾਉਂਦੇ ਸੀ, ਪਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਿਛਲੇ ਸਮੇਂ ਦੌਰਾਨ ਅੰਗਰੇਜ਼ੀ ਦੀ ਮਹਾਰਤ ਦਾ ਜਿਸ ਰੂਪ 'ਚ ਵੱਖ-ਵੱਖ ਪਲੇਟਫਾਰਮਾਂ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ, ਉਹ ਜੱਗ ਜ਼ਾਹਿਰ ਹੈ।
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਸਿਮਰਜੀਤ ਕੌਰ ਜਿਸ ਨੇ 12ਵੀਂ ’ਚੋਂ 449/450 ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ ਵੱਡਾ ਨਾਮਣਾ ਖੱਟਿਆ ਹੈ, ਦਾ ਕਹਿਣਾ ਹੈ ਕਿ ਉਹ ਪਹਿਲਾਂ ਨਿੱਜੀ ਸਕੂਲ 'ਚ ਪੜ੍ਹਦੀ ਸੀ, ਜਿੱਥੇ ਨੰਬਰਾਂ ਦੀ ਦੌੜ ਦੇ ਪੈਮਾਨੇ ਨੂੰ ਮੁੱਖ ਟੀਚਾ ਰੱਖਿਆ ਗਿਆ ਸੀ, ਬੇਸ਼ੱਕ ਉਹ ਇੰਨੇ ਨੰਬਰ ਉੱਥੇ ਵੀ ਪੜ੍ਹਕੇ ਲੈ ਜਾਂਦੀ ਪਰ ਸਰਕਾਰੀ ਸਕੂਲ ਦੇ ਅੰਗਰੇਜ਼ੀ ਅਧਿਆਪਕਾਂ ਨੇ ਇਸ ਭਾਸ਼ਾ ਦੇ ਚਾਰੇ ਹੁਨਰਾਂ ਸੁਣਨਾਂ, ਬੋਲਣਾ, ਪੜ੍ਹਨਾ, ਲਿਖਣਾ ਦੀ ਜੋ ਮੁਹਾਰਤ ਹਾਸਲ ਕਰਵਾਈ ਹੈ, ਉਹ ਉਸ ਤੋਂ ਵਾਂਝੀ ਰਹਿ ਜਾਂਦੀ ਅਤੇ ਭਵਿੱਖ ’ਚ ਵੀ ਉਸ ਨੂੰ ਇਸ ਦੇ ਸਿੱਟੇ ਭੁਗਤਣੇ ਪੈਣੇ ਸਨ। ਹਰਪ੍ਰੀਤ ਸਿੰਘ ਪ੍ਰਾਜੈਕਟ ਹੈੱਡ ਅਤੇ ਸਟੇਟ ਸਹਾਇਕ ਡਾਇਰੈਕਟਰ ਦਾ ਕਹਿਣਾ ਹੈ ਕਿ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਰਾਹੀਂ ਹੋਰਨਾਂ ਜਮਾਤਾਂ ਦੇ ਨਾਲ-ਨਾਲ 12ਵੀਂ ਦੇ ਅੰਗਰੇਜ਼ੀ ਭਾਸ਼ਾ ਵਿਸ਼ੇ ਦੇ ਨਤੀਜਿਆਂ 'ਚ ਜ਼ਬਰਦਸਤ ਸੁਧਾਰ ਹੋਇਆ।

ਔਖੀ ਅੰਗਰੇਜ਼ੀ ਹੁਣ ਬੱਚਿਆਂ ਲਈ ਸਰਲ ਬਣੀ, ਇਹ ਸਭ ਕੁਝ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਖ਼ਤ ਘਾਲਣਾ ਅਤੇ ਅਧਿਆਪਕਾਂ ਦੀ ਮਿਹਨਤ ਨਾਲ ਸੰਭਵ ਹੋ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਭਾਸ਼ਾ ਦਾ ਅਧਿਆਪਨ ਕੌਸ਼ਲ ਵਿਕਾਸ ਨਾਲ ਜੁੜਿਆ ਹੋਇਆ ਹੈ, ਜਦੋਂ ਵਿਦਿਆਰਥੀ ਕੋਈ ਭਾਸ਼ਾ ਪੜ੍ਹਦਾ ਹੈ ਤਾਂ ਉਸ ਨੂੰ ਉਸ ਭਾਸ਼ਾ 'ਚ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਆਉਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਨੇ ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਪਿਛਲੇ ਸਾਲਾਂ 'ਚ ਇਨ੍ਹਾਂ ਚਾਰਾਂ ਹੁਨਰਾਂ ਦੇ ਵਿਕਾਸ ਦੀ ਨਵੀਂ ਸ਼ੁਰੂਆਤ ਕੀਤੀ ਹੈ। ਇਨ੍ਹਾਂ ਤੱਥਾਂ ਦੇ ਆਧਾਰ ’ਤੇ ਰਿਸੋਰਸ ਪਰਸਨਾਂ ਨੂੰ ਸਟੇਟ ਪੱਧਰ ’ਤੇ ਵਿਸ਼ੇਸ਼ ਟਰੇਨਿੰਗ ਦਿੱਤੀ ਅਤੇ ਸਿਲੇਬਸ ਅਤੇ ਪਾਠ ਪੁਸਤਕ 'ਚ ਜ਼ਰੂਰੀ ਬਦਲਾਅ ਕੀਤੇ ਗਏ ਅਤੇ ਗੈਰ ਜ਼ਰੂਰੀ ਥਿਊਰੀ ਦਾ ਭਾਰ ਘਟਾਇਆ, ਅਧਿਆਪਕਾਂ ਨੂੰ ਜਮਾਤ 'ਚ ਸਿਰਫ਼ ਲੈਕਚਰ ਵਿਧੀ ਤੋਂ ਹਟ ਕੇ ਵੱਖੋ-ਵੱਖਰੀਆਂ ਸਿਰਜਨਾਤਮਕ ਅਤੇ ਕਿਰਿਆਤਮਕ ਵਿਧੀਆਂ ਰਾਹੀਂ ਪੜ੍ਹਾਉਣ ਦੀ ਟਰੇਨਿੰਗ ਦਿੱਤੀ, ਪੜ੍ਹੋ ਪੰਜਾਬ ਰਾਹੀਂ ਅਧਿਆਪਕ ਮੈਨੂਅਲ ਤਿਆਰ ਕੀਤਾ ਗਿਆ।


 


author

Babita

Content Editor

Related News