ਲੱਖਾਂ ਦਾ ਘਪਲਾ ਕਰਨ ਵਾਲਾ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਨਹੀਂ ਹੋਇਆ ਜਾਂਚ ''ਚ ਸ਼ਾਮਲ
Sunday, Apr 08, 2018 - 12:11 PM (IST)
ਸਾਹਨੇਵਾਲ/ਕੁਹਾੜਾ (ਜਗਰੂਪ)- ਬੀਤੇ ਦਿਨੀਂ ਸਰਕਾਰੀ ਸਕੂਲ ਕੂੰਮਕਲਾਂ ਦੇ ਪ੍ਰਿੰਸੀਪਲ ਸ. ਲਾਲ ਸਿੰਘ ਵੱਲੋਂ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਉਛਲੇ ਮਾਮਲੇ ਨੂੰ ਲੈ ਕੇ ਡਿਪਟੀ ਡੀ. ਈ. ਓ. ਸ. ਚਰਨਜੀਤ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਪ੍ਰਿੰਸੀਪਲ ਨੂੰ ਲਗਭਗ 1 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਾ ਘਪਲੇਬਾਜ਼ ਮੰਨਿਆ ਗਿਆ ਹੈ, ਜਦਕਿ ਉਕਤ ਜਾਂਚ 'ਚ ਸਬੰਧਤ ਪ੍ਰਿੰਸੀਪਲ ਵੱਲੋਂ ਸ਼ਾਮਿਲ ਨਾ ਹੋਣ ਅਤੇ ਬਹਾਨੇਬਾਜ਼ੀ ਕਰਨ ਦਾ ਜ਼ਿਕਰ ਵੀ ਜਾਂਚ ਅਧਿਕਾਰੀ ਵੱਲੋਂ ਆਪਣੀ ਰਿਪੋਰਟ 'ਚ ਕੀਤਾ ਗਿਆ ਹੈ।
ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕਰਨ ਵਾਲੀ ਟੀਮ ਪੰਜਾਬ ਸੀਟੂ ਦੇ ਪ੍ਰਦੇਸ਼ ਸਕੱਤਰ ਕਾਮਰੇਡ ਅਮਰਨਾਥ ਕੂੰਮਕਲਾਂ, ਕਨਵੀਨਰ ਕਿਸਾਨ ਸੰਘਰਸ਼ ਕਮੇਟੀ ਸੁਖਵਿੰਦਰ ਸਿੰਘ ਰਤਨਗੜ੍ਹ, ਸਮਾਜ ਸੇਵੀ ਸਮਰਾਟ ਕਰਿਆਨਾ ਸਟੋਰ, ਮਾਘੀ ਰਾਮ, ਸਿਕੰਦਰ ਬਖਸ਼, ਕਾਮਰੇਡ ਹਰੀ ਰਾਮ ਨੇ ਉਕਤ ਪ੍ਰਿੰਸੀਪਲ ਉਪਰ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਡਿਪਟੀ ਡੀ. ਈ. ਓ. ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਲੱਖਾਂ ਦਾ ਨਿਕਲਿਆ ਘਪਲਾ
ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਡਾ. ਚਰਨਜੀਤ ਸਿੰਘ ਵੱਲੋਂ ਕੀਤੀ ਗਈ ਜਾਂਚ 'ਚ ਪ੍ਰਿੰਸੀਪਲ ਲਾਲ ਸਿੰਘ ਵੱਲੋਂ ਕੀਤਾ ਗਿਆ ਸਾਰਾ ਮਾਮਲਾ ਇਕ ਲੱਖ ਤੋਂ ਜ਼ਿਆਦਾ ਦੀ ਰਕਮ (1,09,464) ਦਾ ਨਿਕਲਿਆ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਨੂੰ ਅੱਗੇ ਭੇਜਦੇ ਹੋਏ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਛੁੱਟੀਆਂ ਲਈ ਵੀ ਮਨਮਰਜ਼ੀ ਕਰਦਾ ਸੀ ਪ੍ਰਿੰਸੀਪਲ
ਇਸ ਪੂਰੇ ਮਾਮਲੇ 'ਚ ਡਿਪਟੀ ਡੀ. ਈ. ਓ. ਵੱਲੋਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਉਕਤ ਪ੍ਰਿੰਸੀਪਲ ਛੁੱਟੀਆਂ ਲੈਣ ਸਮੇਂ ਵੀ ਆਪਣੀ ਕਥਿਤ ਮਨਮਰਜ਼ੀ ਕਰਦਾ ਸੀ, ਜੋ ਕਿਸੇ ਵੀ ਉੱਚ ਅਧਿਕਾਰੀ ਨੂੰ ਸੂਚਿਤ ਕਰਨਾ ਜ਼ਰੂਰੀ ਨਹੀਂ ਸੀ ਸਮਝਦਾ।
ਬੀ, ਸੀ ਕੈਟਾਗਰੀ ਬਾਅਦ 'ਚ, ਪਹਿਲਾਂ 'ਮੈਂ'
ਜੇਕਰ ਅਸਲੀਅਤ ਦੇਖੀ ਜਾਵੇ ਤਾਂ ਇਸ ਮਾਮਲੇ 'ਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਉਕਤ ਪ੍ਰਿੰਸੀਪਲ ਵੱਲੋਂ ਤਨਖਾਹ ਟ੍ਰਾਂਸਫਰ ਕਰਨ ਸਮੇਂ ਵੀ ਆਪਣੇ ਆਪ ਨੂੰ ਹੀ ਪਹਿਲ ਦਿੱਤੀ ਗਈ, ਜਦਕਿ ਬੀ ਅਤੇ ਸੀ ਕੈਟਾਗਰੀ ਨੂੰ ਪਿੱਛੇ ਧੱਕ ਦਿੱਤਾ ਗਿਆ, ਜਿਸਦਾ ਪ੍ਰਮਾਣ ਬੈਂਕ ਦੇ ਟ੍ਰਾਂਸਫਰ ਅਕਾਊਂਟ ਤੋਂ ਭਲੀਭਾਂਤ ਮਿਲਦਾ ਹੈ।
