ਸਰਕਾਰੀ ਸਕੂਲਾਂ ਵਿਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ, 18 ਵਾਰਦਾਤਾਂ ਮੰਨੀਆਂ

07/02/2020 7:06:22 PM

ਜਲੰਧਰ(ਮਹੇਸ਼) - ਸਰਕਾਰੀ ਸਕੂਲਾਂ ਸਮੇਤ ਹੋਰ ਥਾਵਾਂ 'ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਥਾਣਾ ਪਤਾਰਾ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਰਣਜੀਤ ਸਿੰਘ ਦੀ ਅਗਵਾਈ ਵਿਚ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 9 ਗੈਸ ਸਲੰਡਰ ਅਤੇ 8 ਐੱਲ. ਈ. ਡੀ. ਸਮੇਤ ਭਾਰੀ ਮਾਤਰਾ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਉਕਤ ਜਾਣਕਾਰੀ ਪੱਤਰਕਾਰਾਂ ਨੂੰ ਐੱਸ. ਪੀ. (ਇਨਵੈਸਟੀਗੇਸ਼ਨ) ਸਰਬਜੀਤ ਸਿੰਘ ਬਾਹੀਆ ਅਤੇ ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਨੇ ਦਿੰਦੇ ਹੋਏ ਦੱਸਿਆ ਕਿ ਨਹਿਰ ਪੁਲੀ ਕੰਗਣੀਵਾਲ ਦੇ ਨੇੜੇ ਥਾਣਾ ਪਤਾਰਾ ਦੇ ਮੁਖੀ ਰਣਜੀਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਤੇਜ਼ ਰਫਤਾਰ ਮੋਟਰਸਾਈਕਲ 'ਤੇ ਪਿੰਡ ਕਬੂਲਪੁਰ ਵੱਲੋਂ ਆ ਰਹੇ 2 ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਗਿਆ। ਏ. ਐੱਸ. ਆਈ. ਰਾਮ ਪ੍ਰਕਾਸ਼ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਬਾਈਕ ਚਲਾਉਣ ਵਾਲੇ

ਨੌਜਵਾਨ ਨੇ ਆਪਣਾ ਨਾਂ ਹਰਪ੍ਰੀਤ ਸਿੰਘ ਉਰਫ ਹੈਪੀ ਕੁਲਵਿੰਦਰ ਸਿੰਘ ਵਾਸੀ ਪਿੰਡ ਮੁਖਲੀਆਣਾ, ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਦੱਸਿਆ ਅਤੇ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਪਛਾਣ ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਿਊ ਗੀਤਾ ਕਾਲੋਨੀ, ਥਾਣਾ ਡਵੀਜ਼ਨ ਨੰ. 5 ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਮੌਜੂਦ ਇਕ ਬੋਰੇ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 2 ਐੱਲ. ਈ. ਡੀ. ਅਤੇ ਪ੍ਰੋਜੈਕਟਰ ਦੀ ਸਪੀਕਰ ਬਰਾਮਦ ਹੋਇਆ, ਜਿਸ ਸਬੰਧੀ ਉਨ੍ਹਾਂ ਦੱਸਿਆ ਕਿ ਸਾਮਾਨ ਚੋਰੀ ਦਾ ਹੈ ਅਤੇ ਇਸ ਨੂੰ ਵੇਚਣ ਲਈ ਘੁੰਮ ਰਹੇ ਸਨ। ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮਈ ਅਤੇ ਜੂਨ ਮਹੀਨੇ ਵਿਚ ਉਨ੍ਹਾਂ ਥਾਣਾ ਪਤਾਰਾ ਦੇ ਏਰੀਏ ਵਿਚ 4 ਥਾਵਾਂ 'ਤੇ ਚੋਰੀਆਂ ਕੀਤੀਆਂ ਸਨ। ਇਸ ਸਬੰਧੀ ਥਾਣਾ ਪਤਾਰਾ ਵਿਚ ਕੇਸ ਵੀ ਦਰਜ ਹਨ। ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਉਹ ਵੱਖ-ਵੱਖ ਥਾਣਿਆਂ ਦੇ ਏਰੀਏ 'ਚ ਕੁੱਲ 18 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਸ ਨੇ ਕਈ ਵਾਰਦਾਤਾਂ ਜ਼ਿਲਾ ਹੁਸ਼ਿਆਰਪੁਰ ਵਿਚ ਵੀ ਕੀਤੀਆਂ ਹਨ। ਮੁਲਜ਼ਮਾਂ ਕੋਲੋਂ ਬਰਾਮਦ ਹੋਏ ਚੋਰੀ ਦੇ ਸਮਾਨ ਵਿਚ ਗੈਸ ਭੱਠੀਆਂ, ਵਾਟਰ ਫਿਲਟਰ, ਕੰਪਿਊਟਰ ਸੈੱਟ, ਪੰਖੇ, ਕੰਪਿਊਟਰ ਸਕ੍ਰੀਰਾਂ, ਗੈਸ ਚੂਲਾ, ਡਬਲ ਗੈਸ ਚੂਲਾ, ਸਿਪ੍ਰਿਟ ਏ. ਸੀ. ਪੈਨਾਸੋਨਿਕ, ਵਿੰਡੋ ਏ. ਸੀ. ਵੋਲਟਲ, ਇਨਵਰਟਰ, ਯੂ. ਪੀ. ਐੱਸ., ਡੀ. ਵੀ. ਡੀ.

ਪਲੇਅਰ, ਫਰਿਜ, ਸੋਫਾ ਸੈਟ 5 ਸੀਟਰ, ਪਲਾਸਟਿਕ ਦੀ ਕੁਰਸੀਆਂ ਅਤੇ ਇਕ ਘੁੰਮਣ ਵਾਲੀ ਕੀਮਤੀ ਕੁਰਸੀ ਆਦਿ ਵੀ ਸ਼ਾਮਲ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 


Harinder Kaur

Content Editor

Related News