ਸਰਕਾਰ ਵੱਲੋਂ ਪਸ਼ੂ ਮੇਲਿਆਂ ਦੀ ਈ-ਆਕਸ਼ਨ ਦੇ ਰਹੀ ‘ਕੋਰੋਨਾ’ ਨੂੰ ਖੁੱਲ੍ਹਾ ਸੱਦਾ, ਆ ਸਕਦੈ ਕੋਰੋਨਾ ਦਾ ਹੜ੍ਹ
Sunday, Apr 25, 2021 - 12:20 PM (IST)
ਮੋਹਾਲੀ (ਪਰਦੀਪ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਚਲਦਿਆਂ ਜਿੱਥੇ ਦੇਸ਼ ਭਰ ਵਿੱਚ ਸਮੇਂ ਦੀਆਂ ਸਰਕਾਰਾਂ ਇਸ ਮਹਾਮਾਰੀ ਨੂੰ ਮਾਤ ਦੇਣ ’ਚ ਲੱਗੀਆਂ ਹੋਈਆਂ ਹਨ, ਉਥੇ ਹੀ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਵੱਲੋਂ ਪਸ਼ੂ ਮੇਲਿਆਂ ਦੀ ਈ-ਆਕਸ਼ਨ ਸਬੰਧੀ ਸ਼ਾਰਟ ਨਿਲਾਮੀ ਨੋਟਿਸ ਕੱਢ ਅਖ਼ਬਾਰਾਂ ’ਚ ਕੱਢਿਆ ਗਿਆ ਹੈ। 12 ਮਈ 2021 ਨੂੰ ਕਰਵਾਈ ਜਾ ਰਹੀ ਇਸ ਈ-ਆਕਸ਼ਨ ਵਿੱਚ ਹਿੱਸਾ ਲੈਣ ਲਈ ਸਕਿਉਰਿਟੀ ਦੀ 5 ਫੀਸਦੀ ਰਕਮ 3 ਕਰੋਡ਼ 53 ਲੱਖ 10 ਹਜ਼ਾਰ ਰੱਖੀ ਗਈ ਹੈ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਪ੍ਰਾਈਵੇਟ ਪਸ਼ੂ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਜ਼ਿੱਦ ’ਤੇ ਅੜੀ ਹੋਈ ਹੈ। ਕੋਰੋਨਾ ਦੇ ਚਲਦਿਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਪ੍ਰਾਈਵੇਟ ਅਦਾਰੇ ਬੰਦ ਕਰ ਰੱਖੇ ਗਏ ਹਨ, ਉਥੇ ਰਾਤ ਦਾ ਕਰਫਿਊ ਦੌਰਾਨ ਵੀ ਸਖ਼ਤੀ ਵਰਤੀ ਜਾ ਰਹੀ ਹੈ ਪਰ ਵਿਸ਼ਾ ਮਾਹਰਾਂ ਅਨੁਸਾਰ ਸਰਕਾਰ ਦਾ ਪਤਾ ਨਹੀਂ ਇਸ ਵਿੱਚ ਕੀ ਮਜਬੂਰੀ ਹੈ ਕਿ ਉਹ ਪੰਜਾਬ ਭਰ ਦੇ ਪਸ਼ੂ ਮੇਲਿਆਂ ਨੂੰ ਚੱਲਦਾ ਰੱਖਣ ਲਈ ਬਜ਼ਿੱਦ ਹੈ ਅਤੇ ਪਸ਼ੂਆਂ ਦੇ ਆਦਾਨ ਪ੍ਰਦਾਨ ਦੌਰਾਨ ਹੁੰਦੇ ਕਰੋੜਾਂ ਰੁਪਏ ਦੇ ਵਪਾਰ ਨੂੰ ਚੱਲਦਾ ਰੱਖਣਾ ਚਾਹੁੰਦੀ ਹੈ । ਜਦਕਿ ਇਨ੍ਹਾਂ ਪਸ਼ੂ ਮੇਲਿਆਂ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਲੋਕੀਂ ਇਕੱਠੇ ਹੁੰਦੇ ਹਨ। ਪੰਜਾਬ ਭਰ ’ਚ ਕੁੱਲ 24 ਥਾਵਾਂ ਉੱਤੇ ਪਸ਼ੂ ਮੇਲੇ ਮਹੀਨਾਵਾਰੀ ਲਗਦੇ ਹਨ ਜਦਕਿ ਇਨ੍ਹਾਂ ਵਿੱਚ ਅੰਮ੍ਰਿਤਸਰ ਖੰਨਾ ਅਤੇ ਸੁਭਾਨਪੁਰ ਵਿੱਚ ਰੋਜ਼ਾਨਾ ਪਸ਼ੂ ਮੇਲੇ ਲਗਦੇ ਹਨ । ਇਸ ਸਬੰਧੀ ਵਿਸ਼ਾ ਮਾਹਰਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਹੈ ਤਾਂ ਫਿਰ ਕਿਉਂ ਸਰਕਾਰ ਪਸ਼ੂ ਮੇਲਿਆਂ ਨੂੰ ਬੰਦ ਨਹੀਂ ਕਰਵਾ ਰਹੀ?
ਇਹ ਵੀ ਪੜ੍ਹੋ : ਵਿਆਹ ’ਚ ਹੋਇਆ ਵੱਡਾ ਇਕੱਠ : ਮੈਰਿਜ ਪੈਲੇਸ ਦੇ ਐੱਮ. ਡੀ. ਸਮੇਤ 6 ਖ਼ਿਲਾਫ਼ ਮਾਮਲਾ ਦਰਜ
ਕੀ ਸਰਕਾਰ ਪਸ਼ੂਆਂ ਦੇ ਆਦਾਨ ਪ੍ਰਦਾਨ ਦੌਰਾਨ ਹੁੰਦੇ ਵਪਾਰਕ ਕਰੋੜਾਂ ਰੁਪਏ ਦੇ ਵਪਾਰ ਦੇ ਚਲਦਿਆਂ ਆਪਣਾ ਖਜ਼ਾਨਾ ਭਰਨਾ ਚਾਹੁੰਦੀ ਹੈ ? ਕੀ ਸਰਕਾਰ ਨੂੰ ਇਨ੍ਹਾਂ ਪਸ਼ੂ ਮੇਲਿਆਂ ਦੌਰਾਨ ਹੁੰਦੀ ਹਜ਼ਾਰਾਂ ਦੀ ਗਿਣਤੀ ’ਚ ਵੱਡੀ ਭੀੜ ਨਜ਼ਰ ਨਹੀਂ ਆਉਂਦੀ ? ਇਸ ਸਬੰਧੀ ਸਿਹਤ ਮਾਹਿਰਾਂ ਦਾ ਸਪਸ਼ਟ ਕਹਿਣਾ ਹੈ ਕਿ ਜਦੋਂ ਸਮਾਜਕ ਦੂਰੀਨੂੰ ਬਰਕਰਾਰ ਰੱਖਣ ਦੇ ਲਈ ਸਿਹਤ ਮਹਿਕਮੇ ਵੱਲੋਂ ਲਗਾਤਾਰ ਲੋਕਾਂ ਦੇ ’ਤੇ ਸਖ਼ਤੀ ਕੀਤੀ ਜਾ ਰਹੀ ਹੈ ਤਾਂ ਫਿਰ ਕਿਉਂ ਪਸ਼ੂ ਮੰਡੀਆਂ ਦੇ ’ਚ ਹੀ ਲੋਕ ਆਵਾਰਾ ਪਸ਼ੂਆਂ ਦੇ ਵਾਂਗ ਖੁੱਲ੍ਹੇ ਘੁੰਮਦੇ ਨਜ਼ਰ ਆ ਰਹੇ ਹਨ । ਮਾਸਕ ਦੀ ਵਰਤੋਂ ਹਰ ਇੱਕ ਲਈ ਜ਼ਰੂਰੀ ਕੀਤੀ ਹੋਈ ਹੈ ਅਤੇ ਬਕਾਇਦਾ ਪੁਲਸ ਪਾਰਟੀ ਵੱਲੋਂ ਨਾਕੇ ਲਗਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਚਲਾਨ ਵੀ ਕੱਟੇ ਜਾ ਰਹੇ ਹਨ । ਪਸ਼ੂ ਮੰਡੀਆਂ ਵਿੱਚ ਸਮਾਜਕ ਦੂਰੀ, ਮਾਸਕ ਅਤੇ ਹੋਰ ਕਾਨੂੰਨੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਪਸ਼ੂ ਮੰਡੀਆਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਖੁੱਲ੍ਹੇ ਘੁੰਮ ਰਹੇ ਉਨ੍ਹਾਂ ਲੋਕਾਂ ਦਾ ਚਲਾਨ ਨਹੀਂ ਕੱਟਿਆ ਜਾ ਰਿਹਾ ਜਿਨ੍ਹਾਂ ਨੇ ਮਾਸਕ ਦੀ ਵਰਤੋਂ ਨਹੀਂ ਕੀਤੀ ।
ਇਹ ਵੀ ਪੜ੍ਹੋ : ਪੰਜਾਬ ’ਚ ਆਕਸੀਜਨ ਦੀ ਮੰਗ ਵਧੀ, ਮੁੱਖ ਮੰਤਰੀ ਵਲੋਂ ਕੰਟਰੋਲ ਰੂਮ ਬਣਾਉਣ ਦੇ ਹੁਕਮ
ਵੱਡੀਆਂ 2 ਮੰਡੀਆਂ ’ਚ ਹੈ ਖ਼ਤਰਾ ਵਧੇਰੇ
ਭਾਵੇਂ ਕਿ ਪੰਜਾਬ ਵਿੱਚ 24 ਥਾਂਵਾਂ ’ਤੇ ਲੱਗਣ ਵਾਲੀਆਂ ਇਹ ਮੰਡੀਆਂ ਕਿਸੇ ਵੱਡੇ ਖ਼ਤਰੇ ਵੱਲ ਸੰਕੇਤ ਕਰ ਰਹੀਆਂ ਹਨ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਦੀਆਂ ਵੱਡੀਆਂ ਦੋ ਮੰਡੀਆਂ ਪੰਜਾਬ ਵਿਚ ਕੋਰੋਨਾ ਦਾ ਹੜ੍ਹ ਲਿਆ ਸਕਦੀਆਂ ਹਨ। ਰੋਜ਼ਾਨਾ ਲੱਗਣ ਵਾਲੀਆਂ ਸੁਜਾਨਪੁਰ ਤੇ ਅੰਮ੍ਰਿਤਸਰ ਮੰਡੀਆਂ ਵਿੱਚ ਭੀੜ ਆਮ ਮੰਡੀ ਦੀ ਥਾਂ ਦੋਗੁਣੀ ਤਿੱਗਣੀ ਹੁੰਦੀ ਹੈ । ਜਦੋਂ ਕਿ ਪੰਜਾਬ ’ਚ ਲੱਗਣ ਵਾਲੀ ਹਰੇਕ ਮੰਡੀ ਵਿੱਚ ਲਗਭਗ ਦੱਸ ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਇਸ ਸਭ ਤੋਂ ਸਿਹਤ ਮਹਿਕਮਾ ਬੁਰੀ ਤਰ੍ਹਾਂ ਨਾਲ ਬੇਖ਼ਬਰ ਹੈ। ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਪਸ਼ੂ ਮੰਡੀਆਂ ਤੋਂ ਸਾਲਾਨਾ ਘੱਟੋ-ਘੱਟ 70 ਕਰੋੜ 62 ਲੱਖ ਰੁਪਏ ਦਾ ਮੁਨਾਫ਼ਾ ਹੁੰਦਾ ਹੈ ਜਦੋਂ ਕਿ ਬੋਲੀ ਦਿੱਤੇ ਜਾਣ ਤੋਂ ਬਾਅਦ ਹੀ ਮੁਨਾਫ਼ਾ ਹੋਰ ਵੀ ਵਧ ਸਕਦਾ ਹੈ ।
ਇਹ ਵੀ ਪੜ੍ਹੋ : ਐਤਵਾਰ ਲਾਕਡਾਊਨ ਦੌਰਾਨ ਵੀ ਬਹਾਲ ਰਹੀਆਂ ਰੇਲ ਸੇਵਾਵਾਂ
ਪਸ਼ੂ ਮੰਡੀਆਂ ਦੀ ਜੜ੍ਹ ਵਿੱਚ ਲੁਕਿਆ ਹੈ ਕੋਰੋਨਾ - ਮਾਹਿਰ
ਵਿਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਪਸ਼ੂ ਮੰਡੀਆਂ ਦੀ ਜੜ੍ਹ ਵਿੱਚ ਕੋਰੋਨਾ ਲੁਕਿਆ ਹੋਇਆ ਹੈ ਕਿਉਂਕਿ ਪਸ਼ੂ ਮੰਡੀਆਂ ਵਿੱਚ ਸਮਾਜਕ ਦੂਰੀ ਦੀਆਂ ਸ਼ਰ੍ਹੇਆਮ ਧੱਜੀਆਂ ਉੱਡਦੀਆਂ ਹਨ ਅਜਿਹੀਆਂ ਥਾਵਾਂ ’ਤੇ ਲੋਕ ਨਾ ਤਾਂ ਮਾਸਕ ਪਾਉਂਦੇ ਹਨ ਅਤੇ ਨਾ ਹੀ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਹਨ । ਇੱਥੋਂ ਤਕ ਨਾ ਹੀ ਪਸ਼ੂ ਮੰਡੀਆਂ ਵਿੱਚ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦਾ ਕੋਈ ਨਾਕਾ ਲਗਾ ਕੇ ਲੋਕਾਂ ’ਤੇ ਸਖ਼ਤੀ ਵੀ ਨਹੀਂ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਤੋਂ ਸੇਵਾਮੁਕਤ ਹੋ ਚੁੱਕੇ ਡਾ. ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਕੇਸ ਆਏ ਹਨ ਜਿਨ੍ਹਾਂ ਵਿਚ ਲੋਕਾਂ ਨੇ ਪਸ਼ੂ ਮੰਡੀਆਂ ਤੋਂ ਕੋਰੋਨਾ ਆਪਣੇ ਘਰ ਲਿਆਂਦਾ ਹੈ ਪਰ ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਦਾ ਕੋਈ ਵੀ ਅੰਕੜਾ ਤਿਆਰ ਨਹੀਂ ਕੀਤਾ , ਜੋ ਕਿ ਸਰਕਾਰ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣਾ ਹੈ ਤਾਂ ਹਾਲ ਦੀ ਘੜੀ ਸਰਕਾਰ ਨੂੰ ਪਸ਼ੂ ਮੰਡੀਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਨੋਟ : ਜੇ ਪਸ਼ੂ ਮੇਲੇ ਬੰਦ ਨਾ ਹੋਏ ਤਾਂ ਪੰਜਾਬ ’ਚ ਆ ਸਕਦਾ ਹੈ ਕੋਰੋਨਾ ਦਾ ਹੜ੍ਹ, ਇਸ ਸਬੰਧੀ ਕੀ ਹੈ ਤੁਹਾਡੀ ਰਾਏ?