ਪੰਜਾਬ ਸਰਕਾਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਹਮਲਾ, ਡੀ. ਜੀ. ਪੀ. ਤੇ ਏ. ਜੀ. ਨੂੰ ਲੈ ਕੇ ਚੁੱਕੇ ਸਵਾਲ
Friday, Nov 05, 2021 - 05:24 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ’ਤੇ ਆਪਣੀ ਹੀ ਸਰਕਾਰ ’ਤੇ ਵੱਡੇ ਹਮਲੇ ਬੋਲੇ ਹਨ। ਸਿੱਧੂ ਨੇ ਕਿਹ ਕਿ 2017 ਵਿਚ ਦੋ ਵੱਡੇ ਮੁੱਦਿਆਂ ’ਤੇ ਇਕ ਸਰਕਾਰ ਬਣੀ ਸੀ ਅਤੇ ਦੂਜੀ ਡਿੱਗੀ ਸੀ। ਦੋ ਮੁੱਦਿਆਂ ’ਤੇ ਹੀ ਕੈਪਟਨ ਨੂੰ ਲਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਉਸ ਨੇ ਬੇਅਦਬੀ ਅਤੇ ਨਸ਼ੇ ਦੇ ਮੁੱਦੇ ’ਤੇ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਡਰੱਗ ਮਾਮਲੇ ਨੂੰ ਸਲਝਾਉਣ ਲਈ ਐਡਵੋਕੇਟ ਅਤੇ ਡੀ. ਜੀ. ਪੀ. ਦੀ ਅਹਿਮ ਭੂਮਿਕਾ ਹੁੰਦੀ ਹੈ। ਮੌਜੂਦਾ ਡੀ. ਜੀ. ਪੀ. ਸੁਖਬੀਰ ਦੇ ਨੇੜੇ ਸੀ ਜਦਕਿ ਸੁਮੇਧ ਸੈਣੀ ਨੂੰ ਬੇਲ ਦਿਵਾਉਣ ਵਾਲੇ ਵਕੀਲ ਨੂੰ ਏ. ਜੀ. ਲਗਾ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਮਾਣ ਨੂੰ ਠੇਸ ਪੁੱਜ ਰਹੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਵਾਪਸ ਲਿਆ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ : ਸਿੱਧੂ
ਸਿੱਧੂ ਨੇ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ, ਜਿਸ ਦਿਨ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਨੂੰ ਬਦਲ ਦਿੱਤਾ ਜਾਵੇਗਾ, ਉਸ ਦਿਨ ਹਰ ਵਰਕਰ ਸਟਾਰ ਪ੍ਰਚਾਰਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਡਰੱਗ ਵੱਡੇ ਮੁੱਦੇ ਹਨ ਜੇ ਦੋਵੇਂ ਹੱਲ ਨਾ ਹੋਏ ਅਤੇ ਅਸੀਂ ਕਿਸ ਹੱਕ ਨਾਲ ਪਿੰਡਾਂ ਵਿਚ ਲੋਕਾਂ ਕੋਲੋਂ ਵੋਟ ਮੰਗਣ ਜਾਵਾਂਗੇ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਬੇਅਦਬੀ ਤੇ ਡਰੱਗ ਦੇ ਮਾਮਲੇ ਵਿਚ ਕੋਈ ਰੁਝਾਨ ਨਹੀਂ ਦਿਖਾਇਆ।
ਇਹ ਵੀ ਪੜ੍ਹੋ : ਸਿੱਧੂ ਪਰਿਵਾਰ ਨੇ ਨਹੀਂ ਮਨਾਈ ਦਿਵਾਲੀ, ਧੀ ਰਾਬੀਆ ਨੇ ਇੰਸਟਾਗ੍ਰਾਮ ’ਤੇ ਆਖੀ ਵੱਡੀ ਗੱਲ
ਚੰਨੀ ਸਰਕਾਰ ਦੇ ਫ਼ੈਸਲਿਆਂ ਨੂੰ ਘੇਰਿਆ
ਸਿੱਧੂ ਨੇ ਨੇ ਲਏ ਬਗੈਰ ਚੰਨੀ ਸਰਕਾਰ ਦੇ ਕੁਝ ਫੈਸਲਿਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ਅੱਜ ਦੋ ਹੀ ਰਸਤੇ ਹਨ ਜਾਂ ਤਾਂ ਗੱਲਾਂ ਕਰਕੇ ਲੌਲੀਪਾਪ ਦੇ ਕੇ ਸਰਕਾਰ ਬਣਾਓ ਜਾਂ ਫਿਰ ਪੰਜਾਬ ਨੂੰ ਬਿਹਤਰੀਨ ਸੂਬਾ ਬਣਾਉਣ ਲਈ ਅਹਿਮ ਕਦਮ ਚੁੱਕੇ ਜਾਣ। ਸਿੱਧੂ ਨੇ ਕਿਹਾ ਜੇਕਰ ਸਰਕਾਰ ਵਿਚ ਨਸ਼ੇ ਦੇ ਮਾਮਲੇ ’ਤੇ ਐੱਸ. ਟੀ. ਐੱਫ. ਦੀ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਹੈ ਤਾਂ ਉਹ ਰਿਪੋਰਟ ਪਾਰਟੀ ਨੂੰ ਸੌਂਪੇ ਅਸੀਂ ਇਸ ਨੂੰ ਨਸ਼ਰ ਕਰਾਂਗੇ। ਉਨ੍ਹਾਂ ਕਿਹਾ ਕਿ ਪਿਛਲੇ ਸਰਕਾਰ ਦੇ ਮੁੱਖ ਮੰਤਰੀ ਨੇ ਬੇਅਦਬੀ ’ਤੇ ਕਈ ਐੱਸ. ਆਈ. ਟੀਜ਼ ਬਣਾਈਆਂ, ਕਈ ਕਮਿਸ਼ਨ ਬਿਠਾਏ ਗਏ, ਕਈ ਮਾਮਲੇ ਦਰਜ ਹੋਏ ਪਰ ਇਸ ਦਾ ਨਤੀਜਾ ਕੀ ਨਿਕਲਿਆ।
ਇਹ ਵੀ ਪੜ੍ਹੋ : ਪੰਜਾਬ ’ਚ ਹੋਰ ਘੱਟ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਮਨਪ੍ਰੀਤ ਬਾਦਲ ਨੇ ਦਿੱਤਾ ਵੱਡਾ ਬਿਆਨ
ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਹਾਈਕਮਾਨ ਵੀ ਬੇਅਦਬੀ ਅਤੇ ਡਰੱਗ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੈ, ਹਾਈਕਮਾਨ ਨੇ ਇਨ੍ਹਾਂ ਦੋਵੇਂ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਹੈ। ਇਸ ਦੌਰਾਨ ਕਰਤਾਰਪੁਰ ਕੌਰੀਡੋਰ ਮਾਮਲੇ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਲਾਂਘਾ ਲੋਕਾਂ ਦੀ ਆਸਥਾ ਨਾਲ ਜੁੜਿਆ ਹੈ ਅਤੇ ਸਿੱਧੂ ਨੇ ਆਪਣਾ ਕਰਮ ਕੀਤਾ, ਜਿਹੜੇ ਇਸ ਮਾਮਲੇ ’ਤੇ ਸਿਆਸਤ ਕਰ ਰਹੇ ਹਨ, ਇਸ ਦਾ ਲੋਕਾਂ ਨੂੰ ਸਭ ਪਤਾ ਹੈ।
ਇਹ ਵੀ ਪੜ੍ਹੋ : ਦੀਵਾਲੀ ਵਾਲੀ ਸ਼ਾਮ ਦਸੂਹੇ ਨੇੜੇ ਵਾਪਰਿਆ ਵੱਡਾ ਹਾਦਸਾ, ਸਕੇ ਭੈਣ-ਭਰਾ ਦੀ ਮੌਤ
ਅਸਤੀਫਾ ਵੀ ਲਿਆ ਵਾਪਸ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਨਵਜੋਤ ਸਿੱਧੂ ਨੇ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਖੁਦ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਸਾਫ ਆਖਿਆ ਹੈ ਕਿ ਜਿਸ ਦਿਨ ਨਵਾਂ ਏ. ਜੀ. ਆਏਗਾ ਉਸ ਦਿਨ ਮੈਂ ਆਪਣਾ ਚਾਰਜ ਸੰਭਾਲ ਲਵਾਂਗਾ। ਸਿੱਧੂ ਨੇ ਕਿਹਾ ਕਿ ਪੰਜਾਬ ਲਈ ਉਹ ਕਿਸੇ ਕੀਮਤ ’ਤੇ ਕਿਸੇ ਨਾਲ ਵੀ ਹੀ ਸਮਝੌਤਾ ਨਹੀਂ ਕਰ ਸਕਦੇ ਹਨ। ਭਾਵੇਂ ਕੋਈ ਵੀ ਹੋਵੇ, ਉਨ੍ਹਾਂ ਲਈ ਕੋਈ ਅਹੁਦਾ ਮਾਇਨਾ ਨਹੀਂ ਰੱਖਦਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?