ਏਅਰਪੋਰਟ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਸਰਕਾਰ ਬਣਦਾ ਮੁਆਵਜ਼ਾ ਦੇਵੇ : ਹਰਸਿਮਰਤ

Sunday, Feb 16, 2020 - 12:45 AM (IST)

ਮੁੱਲਾਂਪੁਰ ਦਾਖਾ, (ਕਾਲੀਆ)-ਏਅਰਫੋਰਸ ਹਲਵਾਰਾ 'ਚ ਬਣਨ ਵਾਲੇ ਅੰਤਰਰਾਸ਼ਟਰੀ ਏਅਰਪੋਰਟ ਲਈ ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਹੈ ਪਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦੇ ਰਹੀ ਜਿਸ ਕਰ ਕੇ ਕਿਸਾਨਾਂ ਵਿਚ ਭਾਰੀ ਬੇਚੈਨੀ ਹੈ। ਕਿਸਾਨਾਂ ਨੂੰ ਜ਼ਮੀਨ ਦਾ ਪੂਰਾ ਮੁੱਲ ਅਤੇ ਮੁਆਵਜ਼ਾ ਦਿਵਾਉਣ ਲਈ ਮੈਂ ਲੋਕ ਸਭਾ ਵਿਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਵਾਂਗੀ ਅਤੇ ਬਣਦਾ ਮੁਆਵਜ਼ਾ ਦਿਵਾਵਾਂਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਵਾਰਾ ਏਅਰਫੋਰਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਏਅਰਪੋਰਟ ਲਈ ਜ਼ਮੀਨਾਂ ਦੇ ਰਹੇ ਹਨ, ਉਨ੍ਹਾਂ ਦੇ ਬੱਚਿਆਂ ਨੂੰ ਰੋਜ਼ਗਾਰ ਦੇਣਾ ਵੀ ਏਅਰਪੋਰਟ ਅਥਾਰਿਟੀ ਦਾ ਪਹਿਲਾ ਕਾਰਜ ਹੈ ਅਤੇ ਇਸ ਨੂੰ ਵੀ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ ਜਿਸ ਨੇ ਸਾਰੇ ਦੇਸ਼ ਦਾ ਅਨਾਜ ਪੈਦਾ ਕਰ ਕੇ ਢਿੱਡ ਭਰਿਆ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਧਰ ਤੋਂ ਮਜ਼ਬੂਤ ਕਰਨਾ ਮੁੱਢਲਾ ਫਰਜ਼ ਹੈ ਨਾ ਕਿ ਕਿਸਾਨਾਂ ਦੇ ਹੱਕ 'ਤੇ ਡਾਕਾ ਮਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਨਾ ਦਿੱਤਾ ਜਾਵੇ।

ਇਸ ਮੌਕੇ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਬੀਬੀ ਬਾਦਲ ਨੂੰ ਬੁੱਕੇ ਭੇਟ ਕਰ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਹਲਕਾ ਰਾਏਕੋਟ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਚੜ੍ਹਦੀ ਕਲਾ ਲਈ ਵੀ ਵਿਚਾਰਾਂ ਕੀਤੀਆਂ। ਇਸ ਸਮੇਂ ਜਥੇਦਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸਰਕਲ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਗੁਰਚੀਨ ਸਿੰਘ ਰੱਤੋਵਾਲ, ਸਰਪੰਚ ਦਵਿੰਦਰ ਸਿੰਘ ਕਹਿਲ, ਰਮਨਦੀਪ ਸਿੰਘ ਸੁਧਾਰ, ਗਗਨਦੀਪ ਸਿੰਘ ਛੰਨਾ, ਅੰਗਰੇਜ਼ ਸਿੰਘ, ਕਰਮਜੀਤ ਗੋਲਡੀ, ਸੁਖਰਾਜ ਮਹੋਰਨਾ, ਸੰਨੀ ਗਰੇਵਾਲ ਆਦਿ ਅਕਾਲੀ ਵਰਕਰ ਹਾਜ਼ਰ ਸਨ।


Related News