ਪਿਛਲੇ ਦੋ ਸਾਲਾਂ ਦੇ ਮੁਕਾਬਲੇ 2020 ''ਚ ਐਕਸਾਈਜ਼ ਮਾਮਲਿਆਂ ''ਚ ਹੋਇਆ ਇਜ਼ਾਫ਼ਾ

Sunday, Aug 09, 2020 - 04:40 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਰਿਣੀ): ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਸ ਵਿਭਾਗ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਵਲੋਂ ਪਿਛਲੇ ਕਰੀਬ ਢਾਈ ਸਾਲਾਂ ਤੋਂ ਵੱਡੀ ਪ੍ਰਾਪਤੀ ਕੀਤੀ ਗਈ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਥਾਨਕ ਪੁਲਸ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਅਨੁਸਾਰ ਸਾਲ 2018 ਤੋਂ ਲੈ ਕੇ 2 ਅਗਸਤ 2020 ਤੱਕ ਜ਼ਿਲ੍ਹਾ ਪੁਲਸ ਵਲੋਂ ਨਜਾਇਜ਼ ਸ਼ਰਾਬ, ਲਾਹਣ (ਐਕਸਾਈਜ਼ ਐਕਟ) ਦੇ ਕੁੱਲ 1231 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਤੇ ਲਾਹਣ ਦੀ ਬਰਾਮਦਗੀ ਵੱਖ-ਵੱਖ ਥਾਣਿਆਂ ਦੀਆਂ ਪੁਲਸ ਟੀਮਾਂ ਵਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੁੱਤਰ ਨੂੰ ਵੇਖਣ ਲਈ ਤਰਸੇ ਮਾਪੇ, 6 ਸਾਲਾਂ ਤੋਂ ਸਾਊਦੀ 'ਚ ਰਹਿ ਰਹੇ ਅਵਤਾਰ ਨੇ ਪਤਨੀ 'ਤੇ ਲਾਏ ਵੱਡੇ ਦੋਸ਼

ਪੁਲਸ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸਾਲ 2018 ਤੇ 2019 ਦੇ ਮੁਕਾਬਲੇ 2020 ਦੇ ਮੱਧ ਤੱਕ ਐਕਸਾਈਜ਼  ਮਾਮਲਿਆਂ ਦੀ ਗਿਣਤੀ 'ਚ ਕਾਫ਼ੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ। ਪੁਲਸ ਵਿਭਾਗ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਸ ਮੁਖੀਆ ਵਲੋਂ ਲਗਾਤਾਰ ਨਸ਼ਿਆਂ ਦੇ ਸੌਦਾਗਰਾਂ ਦਾ ਪਰਦਾਫ਼ਾਸ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਨਵ- ਨਿਯੁਕਤ ਐੱਸ.ਐੱਸ.ਪੀ. ਡੀ ਸੁਡਰਵਿਲੀ ਵਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਖੇਤਰ ਅੰਦਰ ਨਸ਼ਿਆਂ ਪ੍ਰਤੀ ਵਿਸ਼ੇਸ਼ ਹਦਾਇਤਾਂ ਪੁਲਸ ਥਾਣਿਆਂ ਨੂੰ ਜਾਰੀ ਕੀਤੀਆਂ ਗਈਆਂ ਹਨ। ਪਿਛਲੇ ਦਿਨੀ ਐੱਸ.ਐੱਸ.ਪੀ. ਡੀ ਸੁਡਰਵਿਲੀ.ਵਲੋਂ ਰਾਤ ਸਮੇਂ ਪੁਲਸ ਟੀਮਾਂ ਨਾਲ ਫਲੈਗ ਮਾਰਚ ਕਰਦਿਆਂ ਜਿੱਥੇ ਕੋਰੋਨਾ ਹਦਾਇਤਾਂ ਦੀ  ਉਲੰਘਣਾ ਕਰਨ ਵਾਲਿਆਂ ਨੂੰ ਫੜ੍ਹਿਆ ਗਿਆ ਸੀ, ਉਥੇ ਹੀ ਰਾਤ ਸਮੇਂ ਆਉਣ ਜਾਣ ਵਾਲੇ ਵਹੀਕਲਾਂ 'ਤੇ ਵੀ ਸਖਤੀ ਨਾਲ ਛਾਣਬੀਣ ਕੀਤੀ ਜਾ ਰਹੀ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਡੀ ਸੁਡਰਵਿਲੀ ਨੇ ਦੱਸਿਆ ਕਿ ਖੇਤਰ ਅੰਦਰ ਨਸ਼ਿਆਂ ਪ੍ਰਤੀ ਪੁਲਸ ਪ੍ਰਸ਼ਾਸਨ ਵਧੇਰੇ ਚੌਕਸ ਹੈ ਤੇ ਪੁਲਸ ਟੀਮਾਂ ਲਗਾਤਾਰ ਨਾਕਿਆਂ, ਗਸ਼ਤ ਜ਼ਰੀਏ ਅਜਿਹੇ ਸਮੱਗਲਰਾਂ ਨੂੰ ਫੜ੍ਹਣ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਐਸਐਸਪੀ ਨੇ ਦੱਸਿਆ ਕਿ ਪੁਲਸ ਦਾ ਮਕਸਦ ਹੈ ਖੇਤਰ ਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣਾ ਅਤੇ ਅਜਿਹੇ ਗੋਰਖ ਧੰਦਿਆਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਆਮ ਲੋਕਾਂ ਦਾ ਪੁਲਸ ਨੂੰ ਸਹਿਯੋਗ ਬੇਹੱਦ ਜ਼ਰੂਰੀ ਹੈ। ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਸਬੰਧੀ ਉਨ੍ਹਾਂ ਕਿਹਾ ਕਿ ਹੋਰਨਾਂ ਸਮਾਜਿਕ ਬੁਰਾਈਆਂ ਵਾਂਗ ਨਸ਼ਿਆਂ ਖ਼ਿਲਾਫ਼ ਵੀ ਸਖਤੀ ਨਾਲ ਨਜਿੱਠਿਆ ਜਾਵੇਗਾ, ਜਿਸ ਸਬੰਧੀ ਰੋਜ਼ਾਨਾ ਪੁਲਸ ਬਲ ਵੱਲੋਂ ਖੇਤਰ ਅੰਦਰ ਸਖ਼ਤੀ ਵਧਾਈ ਜਾ ਰਹੀ ਹੈ।

ਵਰਣਨਯੋਗ ਹੈ ਕਿ ਨਵੀਂ ਆਈ ਜ਼ਿਲ੍ਹਾ ਪੁਲਿਸ ਮੁਖੀ ਡੀ ਸੁਡਰਵਿਲੀ ਵੱਲੋਂ ਚਾਰਜ ਸੰਭਾਲਦਿਆਂ ਹੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਸਦਕਾ ਜ਼ਿਲ੍ਹਾ ਵਾਸੀ ਆਪਣੇ ਆਪ ਨੂੰ ਕਾਫ਼ੀ ਹੱਦ ਤੱਕ ਸੁਰੱਖਿਅਤ ਸਮਝਣ ਲੱਗੇ ਹਨ ਅਤੇ ਇਸ ਗੱਲ ਦੀਆਂ ਚਰਚਾਵਾਂ ਵੀ ਹੋਣ ਲੱਗੀਆਂ ਹਨ। ਇਹ ਵੀ ਵਰਣਨਯੋਗ ਹੈ ਕਿਜ਼ਿਲ੍ਹਾ ਪੁਲਸ ਵੱਲੋਂ  ਨਸ਼ਿਆਂ ਖ਼ਿਲਾਫ਼ ਸਖਤੀ ਕਰਦਿਆਂ ਰੋਜ਼ਾਨਾ ਹੀ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਤੇ ਲਾਹਣ ਦੀ  ਬਰਾਮਦਗੀ ਕਰਦਿਆਂ ਸਮੱਗਲਰਾਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ।ਪੁਲਸ ਟੀਮਾਂ ਵਲੋਂ ਗੁਪਤ ਸੂਚਨਾ, ਨਾਕਾਬੰਦੀ, ਗਸ਼ਤ ਦੇ ਅਧਾਰ 'ਤੇ ਅਜਿਹੇ ਸਮਗਲਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਜੋ ਸ਼ਰ੍ਹੇਆਮ ਇਸ ਗੋਰਖਧੰਦੇ ਨੂੰ ਅੰਜ਼ਾਮ ਦੇਣ ਵਿੱਚ ਲੱਗੇ ਹੋਏ ਹਨ।

2018 ਤੋਂ 2 ਅਗਸਤ 2020 ਤੱਕ ਦੇ ਮਾਮਲਿਆਂ ਦਾ ਵੇਰਵਾ:
ਸਾਲ-----ਐਕਸਾਈਜ ਐਕਟ ਦੇ ਮਾਮਲੇ----ਗ੍ਰਿਫਤਾਰੀ
2018----------366-----------------374
2019----------402-----------------372
2 ਅਗਸਤ 2020 ਤੱਕ--463----------397
ਸਮਗਲਰਾਂ ਕੋਲੋਂ ਬਰਾਮਦ ਕੀਤੀ ਗਈ ਰਾਸ਼ੀ-2, 10, 000 ਰੁਪਏ


Shyna

Content Editor

Related News