ਹਰਿਆਣਾ ਸਰਕਾਰ ਵੱਲੋਂ 26-27 ਨਵੰਬਰ ਨੂੰ ਸਰਹੱਦਾਂ ਬੰਦ ਰੱਖਣ ਦਾ ਫੈਸਲਾ ਮੰਦਭਾਗਾ : ਬੈਂਸ
Thursday, Nov 26, 2020 - 12:23 AM (IST)
ਲੁਧਿਆਣਾ,(ਪਾਲੀ)-ਲੋਕ ਇਨਸਾਫ ਪਾਰਟੀ (ਲਿਪ) ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਦੇ 'ਦਿੱਲੀ ਚੱਲੋ' ਅੰਦੋਲਨ ਨੂੰ ਪੂਰਨ ਸਮਰਥਨ ਦੇਣ ਦੇ ਐਲਾਨ ਨਾਲ ਹਰਿਆਣਾ ਸਰਕਾਰ ਵੱਲੋਂ 26-27 ਨਵੰਬਰ ਨੂੰ ਆਪਣੀਆਂ ਸਰਹੱਦਾਂ ਬੰਦ ਰੱਖਣ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਵੱਡੀ ਗਿਣਤੀ 'ਚ ਅਹੁਦੇਦਾਰ ਅਤੇ ਵਰਕਰ ਕਿਸਾਨੀ ਝੰਡੇ ਹੇਠ ਦਿੱਲੀ ਵੱਲ ਕੂਚ ਕਰਨਗੇ ਅਤੇ ਹਰ ਹੀਲੇ ਦਿੱਲੀ ਵਿਖੇ ਪੁੱਜ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਲ੍ਹਣ ਦਾ ਕੰਮ ਕਰਨਗੇ। ਜਦ ਕੇਂਦਰ ਸਰਕਾਰ ਕਿਸਾਨੀ 'ਤੇ ਕੁਹਾੜਾ ਚਲਾਉਣ ਦੇ ਮਨਸੂਬੇ ਤਿਆਰ ਕਰ ਰਹੀ ਸੀ, ਲੋਕ ਇਨਸਾਫ ਪਾਰਟੀ ਉਦੋਂ ਤੋਂ ਹੀ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸੰਘਰਸ਼ ਕਰਦੀ ਆ ਰਹੀ ਹੈ ਅਤੇ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਮੌਤ ਦੇ ਵਾਰੰਟਾਂ 'ਤੇ ਮੋਹਰ ਲਾਈ ਗਈ ਅਤੇ ਹੁਣ ਉਹ ਫਿਰ ਨਕਲੀ ਮੁਖੌਟਾ ਲਾ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਉਸ ਦੇ ਮੰਤਰੀ ਇਕੋ ਰਾਗ ਵਾਰ-ਵਾਰ ਅਲਾਪ ਰਹੇ ਹਨ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ, ਜਿਸ ਸਬੰਧੀ ਕਿਸਾਨਾਂ ਤੋਂ ਕਿਸੇ ਵੀ ਕਿਸਮ ਦੀ ਸਲਾਹ ਨਹੀਂ ਲਈ ਗਈ। ਜੇਕਰ ਕਿਸਾਨ ਨਹੀਂ ਚਾਹੁੰਦੇ ਤਾਂ ਫਿਰ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਸੰਵਿਧਾਨਿਕ ਹੱਕਾਂ ਤੇ ਡਾਕਾ ਮਾਰਦੇ ਹੋਏ ਕਾਨੂੰਨ ਲਾਗੂ ਕਰਨ ਦੀ ਕੀ ਲੋੜ ਹੈ? ਬੈਂਸ ਨੇ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਕਿਸਾਨ ਵਿਰੋਧੀ ਕੇਂਦਰੀ ਖੇਤੀ ਸੁਧਾਰ ਕਾਨੂੰਨ ਕਾਰਨ ਪਹਿਲਾਂ ਹੀ ਦੇਸ਼ ਦਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੋ ਚੁੱਕਾ ਹੈ ਅਤੇ ਹੋਰ ਨਾਂ ਹੋਵੇ ਇਸ ਲਈ ਕਿਸਾਨਾਂ ਦੀ ਸਹਿਮਤੀ ਨਾਲ ਇਸ ਕੇਂਦਰੀ ਖੇਤੀ ਸੁਧਾਰ ਕਾਨੂੰਨ ਵਿਚ ਸੋਧ ਕਰ ਕੇ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਰਣਧੀਰ ਸਿੰਘ ਸਿਵੀਆ, ਬਲਦੇਵ ਸਿੰਘ, ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ, ਅਮਿਤ ਕਪੂਰ, ਮਨਪ੍ਰੀਤ ਸਿੰਘ ਮਨੀ ਆਦਿ ਹਾਜ਼ਰ ਸਨ।