ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਨੂੰ ਅੱਤਵਾਦੀ ਹਮਲੇ ਦੀ ਆਈ ਈਮੇਲ

11/26/2019 11:28:01 AM

ਚੰਡੀਗੜ੍ਹ (ਸੁਸ਼ੀਲ) - ਸੈਕਟਰ-11 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ’ਚ ਅੱਤਵਾਦੀ ਹਮਲੇ ਦੀ ਧਮਕੀ ਭਰੀ ਈਮੇਲ ਮਿਲਣ ਨਾਲ ਕਾਲਜ ਅਤੇ ਪੁਲਸ ਵਿਭਾਗ ’ਚ ਹਡ਼ਕੰਪ ਮੰਚ ਗਿਆ। ਆਪਰੇਸ਼ਨ ਸੈੱਲ ਅਤੇ ਸੈਕਟਰ-11 ਥਾਣਾ ਪੁਲਸ ਦੀਆਂ ਟੀਮਾਂ ਸੋਮਵਾਰ ਸਵੇਰੇ ਕਾਲਜ ’ਚ ਪਹੁੰਚੀਆਂ। ਪੁਲਸ ਟੀਮਾਂ ਨੇ ਕਾਲਜ ਦੇ ਅੰਦਰ ਜਾ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ। ਕਾਲਜ ਦੇ ਬਾਹਰ ਤਾਇਨਾਤ ਪੁਲਸਕਰਮੀ ਹਰ ਵਿਦਿਆਰਥੀ ਦੀ ਚੈਕਿੰਗ ਕਰਨ ਮਗਰੋਂ ਅੰਦਰ ਜਾਣ ਦਿੱਤੇ ਜਾ ਰਹੇ ਸਨ। ਉਥੇ ਹੀ ਸਾਈਬਰ ਸੈੱਲ ਦੀ ਟੀਮ ਈਮੇਲ ਭੇਜਣ ਵਾਲੇ ਨੂੰ ਟਰੇਸ ਕਰਨ ’ਚ ਲੱਗੀ ਹੋਈ ਹੈ। ਪੁਲਸ ਨੂੰ ਮੇਲ ਭੇਜਣ ਵਾਲੇ ਦਾ ਆਈ.ਪੀ. ਐਡਰੈੱਸ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਪੁਲਸ ਪਤਾ ਲਾਏਗੀ ਕਿ ਈਮੇਲ ਕਿੱਥੋਂ ਭੇਜੀ ਗਈ ਹੈ। ਆਪਰੇਸ਼ਨ ਸੈੱਲ ਅਤੇ ਥਾਣਾ ਪੁਲਸ ਦੇਰ ਰਾਤ ਤੱਕ ਕਾਲਜ ਦੇ ਬਾਹਰ ਤਾਇਨਾਤ ਸੀ। ਸੈਕਟਰ-11 ਥਾਣਾ ਪੁਲਸ ਨੇ ਮਾਮਲੇ ’ਚ ਡੀ.ਡੀ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਕਾਲਜ ਦੀ ਪ੍ਰਿੰਸੀਪਲ ਪ੍ਰੋ. ਰਮਾ ਅਰੋਡ਼ਾ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਦਫਤਰ ਆ ਕੇ ਉਨ੍ਹਾਂ ਨੇ ਕਾਲਜ ਦੀ ਆਫੀਸ਼ੀਅਲ ਈਮੇਲ ਚੈੱਕ ਕੀਤੀ। ਉਨ੍ਹਾਂ ਨੂੰ ਐਤਵਾਰ ਰਾਤ ਨੂੰ ਆਈ ਇੱਕ ਈਮੇਲ ਸ਼ੱਕੀ ਵਿਖਾਈ ਦਿੱਤੀ। ਜਦੋਂ ਉਨ੍ਹਾਂ ਨੇ ਈਮੇਲ ਖੋਲ੍ਹੀ ਤਾਂ ਵੇਖ ਕੇ ਹੈਰਾਨ ਰਹਿ ਗਈ। ਈਮੇਲ ’ਚ ਲਿਖਿਆ ਸੀ ਕਿ ਕੱਲ ਸੈਕਟਰ-11 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ’ਚ ਅੱਤਵਾਦੀ ਹਮਲਾ ਹੋਵੇਗਾ। ਪ੍ਰਿੰਸੀਪਲ ਨੇ ਤੁਰੰਤ ਮਾਮਲੇ ਦੀ ਸੂਚਨਾ ਡੀ.ਜੀ.ਪੀ. ਸੰਜੈ ਬੈਨੀਵਾਲ ਅਤੇ ਐੱਸ.ਐੱਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੂੰ ਦਿੱਤੀ। ਅੱਤਵਾਦੀ ਹਮਲੇ ਦੀ ਸੂਚਨਾ ਮਿਲਦੇ ਕਾਲਜ ਅਤੇ ਪੁਲਸ ਵਿਭਾਗ ’ਚ ਹਡ਼ਕੰਪ ਮੱਚ ਗਿਆ। ਸੈਕਟਰ-11 ਥਾਣਾ ਪੁਲਸ ਅਤੇ ਆਪਰੇਸ਼ਨ ਸੈੱਲ ਦੀ ਟੀਮ ਕਾਲਜ ’ਚ ਪਹੁੰਚੀ।

ਕਾਲਜ ’ਚ ਪੁੱਜੀਆਂ ਐੱਸ.ਐੱਸ.ਪੀ., ਐੱਸ.ਪੀ. ਸਿਟੀ ਅਤੇ ਡੀ.ਐੱਸ.ਪੀ. ਸੈਂਟਰਲ ਅਤੇ ਪੁਲਸ ਦੀਆਂ ਟੀਮਾਂ ਨੇ ਕਾਲਜ ਅੰਦਰ ਚੈਕਿੰਗ ਮੁਹਿੰਮ ਚਲਾਈ, ਜਿਸ ਦੌਰਾਨ ਉਨ੍ਹਾਂ ਨੂੰ ਕਾਲਜ ਦੇ ਅੰਦਰੋਂ ਕੁਝ ਨਹੀਂ ਮਿਲਿਆ। ਪੁਲਸ ਨੇ ਕਾਲਜ ਦੇ ਗੇਟ ’ਤੇ ਥਾਣਾ ਪੁਲਸ ਅਤੇ ਕਮਾਂਡੋ ਤਾਇਨਾਤ ਕਰ ਦਿੱਤਾ। ਗੇਟ ’ਤੇ ਤਾਇਨਾਤ ਪੁਲਸਕਰਮੀ ਅੰਦਰ ਜਾਣ ਵਾਲੇ ਹਰ ਕਿਸੇ ਦੀ ਚੈਕਿੰਗ ਕਰਨ ’ਚ ਲੱਗੇ ਹੋਏ ਸਨ। ਪੁਲਸ ਅਫਸਰਾਂ ਨੇ ਈਮੇਲ ਦੀ ਜਾਂਚ ਲਈ ਸਾਈਬਰ ਸੈੱਲ ਦੇ ਮਾਹਰਾਂ ਨੂੰ ਬੁਲਾਇਆ। ਸਾਈਬਰ ਸੈੱਲ ਦੀ ਟੀਮ ਕਾਲਜ ’ਚ ਪਹੁੰਚੀ। ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਦੀ ਈਮੇਲ ’ਤੇ ਭੇਜੀ ਗਈ ਈਮੇਲ ਦੇ ਐਡਰੈੱਸ ਨੂੰ ਨੋਟ ਕਰ ਕੇ ਆਈ.ਪੀ. ਐਡਰੈੱਸ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਈਬਰ ਸੈੱਲ ਈਮੇਲ ਭੇਜਣ ਵਾਲੇ ਦਾ ਸੁਰਾਗ ਲਾਉਣ ’ਚ ਲੱਗੀ ਹੋਈ ਹੈ।

ਕਾਲਜ ’ਚ ਪੁਲਸ ਨੂੰ ਵੇਖ ਕੇ ਵਿਦਿਆਰਥੀ ਹੋਏ ਹੈਰਾਨ
ਕਾਲਜ ਦੇ ਬਾਹਰ ਪੁਲਸ ਨੂੰ ਤਾਇਨਾਤ ਵੇਖ ਕੇ ਵਿਦਿਆਰਥੀ ਹੈਰਾਨ ਹੋ ਗਏ। ਪੁਲਸ ਹਰ ਕਿਸੇ ਦੀ ਚੈਕਿੰਗ ਕਰਨ ’ਚ ਲੱਗੀ ਹੋਈ ਸੀ। ਕਾਲਜ ਅੰਦਰ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਅੱਤਵਾਦੀ ਹਮਲੇ ਦੀ ਧਮਕੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਡਰ ਵਿਖਾਈ ਦੇਣ ਲੱਗਾ। ਕਈ ਵਿਦਿਆਰਥੀ ਤਾਂ ਕਾਲਜ ਆਉਣ ਤੋਂ ਬਾਅਦ ਵਾਪਸ ਘਰ ਚਲੇ ਗਏ। ਕਾਲਜ ਦੇ ਅੰਦਰ ਸਾਰਾ ਦਿਨ ਚੈਕਿੰਗ ਦਾ ਮਾਹੌਲ ਬਣਿਆ ਰਿਹਾ।

ਹਾਈ ਕੋਰਟ ਅਤੇ ਜ਼ਿਲਾ ਅਦਾਲਤ ਨੂੰ ਉਡਾਉਣ ਦੀ ਪਹਿਲਾਂ ਆ ਚੁੱਕੀ ਹੈ ਧਮਕੀ 
ਇਸ ਤੋਂ ਪਹਿਲਾਂ ਵੀ ਹਾਈ ਕੋਰਟ ਅਤੇ ਜ਼ਿਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਸਭ ਤੋਂ ਪਹਿਲਾਂ ਪੰਜਾਬ ਤੇ ਹਰਿਅਣਾ ਹਾਈ ਕੋਰਟ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਹਾਈ ਕੋਰਟ ’ਚ ਸੁਰੱਖਿਆ ਵਧਾ ਦਿੱਤੀ ਸੀ। ਇਸਤੋਂ ਬਾਅਦ ਜ਼ਿਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਪੱਤਰ ਜ਼ਿਲਾ ਵਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਮਿਲਿਆ ਸੀ। ਇਸਤੋਂ ਬਾਅਦ ਪੁਲਸ ਨੇ ਜ਼ਿਲਾ ਅਦਾਲਤ ’ਚ ਸਖਤ ਸੁਰੱਖਿਆ ਕੀਤੀ ਸੀ। ਦੋਹਾਂ ਮਾਮਲਿਆਂ ’ਚ ਪੁਲਸ ਧਮਕੀ ਭਰੇ ਪੱਤਰ ਨੂੰ ਭੇਜਣ ਵਾਲੇ ਤੱਕ ਨਹੀਂ ਪਹੁੰਚ ਸਕੀ ਸੀ।

 


rajwinder kaur

Content Editor

Related News