ਗੋਸਾਈਂ ਹੱਤਿਆਕਾਂਡ ''ਚ ਐੱਨ. ਆਈ. ਏ. ਵਲੋਂ ਅਦਾਲਤ ''ਚ ਚਲਾਨ ਪੇਸ਼
Saturday, May 05, 2018 - 07:49 AM (IST)

ਮੋਹਾਲੀ (ਕੁਲਦੀਪ) - ਪੰਜਾਬ 'ਚ ਟਾਰਗੈੱਟ ਕਿਲਿੰਗ ਦੇ ਕੇਸਾਂ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਵੱਲੋਂ ਸ਼ੁੱਕਰਵਾਰ ਨੂੰ ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਹੱਤਿਆਕਾਂਡ ਸਬੰਧੀ ਮੋਹਾਲੀ ਸਥਿਤ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਕੁਲ 16 ਮੁਲਜ਼ਮਾਂ ਹਰਦੀਪ ਸਿੰਘ ਉਰਫ ਸ਼ੇਰਾ, ਰਮਨਦੀਪ ਸਿੰਘ ਕੈਨੇਡੀਅਨ ਉਰਫ਼ ਬੱਗਾ, ਧਰਮਿੰਦਰ ਸਿੰਘ ਉਰਫ਼ ਗੁਗਨੀ, ਅਨਿਲ ਕੁਮਾਰ ਉਰਫ ਕਾਲਾ, ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਉਰਫ ਮਨੀ, ਰਵੀਪਾਲ, ਪਹਾੜ ਸਿੰਘ, ਪ੍ਰਵੇਜ਼ ਉਰਫ ਫਾਰੂ, ਮਲੂਕ ਤੋਮਰ, ਹਰਮੀਤ ਸਿੰਘ ਪੀ. ਐੱਚ. ਡੀ., ਗੁਰਵਿੰਦਰ ਸਿੰਘ ਉਰਫ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਅਤੇ ਗੁਰਜੰਟ ਸਿੰਘ ਖਿਲਾਫ਼ ਚਲਾਨ ਪੇਸ਼ ਕਰ ਦਿੱਤਾ ਗਿਆ ।
ਇਕ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਦੀ ਕੁੱਝ ਦਿਨ ਪਹਿਲਾਂ ਜੇਲ 'ਚ ਅਚਾਨਕ ਮੌਤ ਹੋਣ ਦੇ ਕਾਰਨ ਉਸ ਦੀ ਮੌਤ ਸਬੰਧੀ ਰਿਪੋਰਟ ਅਦਾਲਤ 'ਚ ਅਗਲੀ ਤਰੀਕ 'ਤੇ ਪੇਸ਼ ਕਰ ਦਿੱਤੀ ਜਾਵੇਗੀ।
ਚਾਰ ਮੁਲਜ਼ਮ ਫਿਲਹਾਲ ਏਜੰਸੀ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ, ਜਿਨ੍ਹਾਂ ਦੇ ਵਿਦੇਸ਼ਾਂ ਵਿਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 22 ਮਈ ਤੈਅ ਕੀਤੀ ਹੈ ।
ਅਦਾਲਤ 'ਚ ਇਕ ਮੁਲਜ਼ਮ ਤਲਜੀਤ ਸਿੰਘ ਉਰਫ਼ ਜਿੰਮੀ ਦੀ ਇਸ ਕੇਸ ਵਿੱਚ ਭੂਮਿਕਾ ਸਪੱਸ਼ਟ ਨਾ ਹੋਣ ਕਾਰਨ ਉਸ ਨੂੰ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਦਾਇਰ ਵੀ ਕੀਤੀ ਗਈ ਹੈ।