ਜਲੰਧਰ: ਗੋਪਾਲ ਨਗਰ ਗੋਲ਼ੀਕਾਂਡ ਦਾ ਮੁੱਖ ਮੁਲਜ਼ਮ ਪਿੰਪੂ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ
Thursday, Jun 23, 2022 - 02:57 PM (IST)
ਜਲੰਧਰ (ਜ. ਬ.)– ਗੋਪਾਲ ਨਗਰ ਗੋਲ਼ੀਕਾਂਡ ਦੇ ਮੁੱਖ ਮੁਲਜ਼ਮ ਪੁਨੀਤ ਸੋਨੀ ਉਰਫ਼ ਪਿੰਪੂ ਨੂੰ ਆਖਿਰਕਾਰ ਸਪੈਸ਼ਲ ਆਪਰੇਸ਼ਨ ਯੂਨਿਟ (ਐੱਸ. ਓ. ਯੂ.) ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਪੂ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ, ਜਿਸ ਨੂੰ ਦੇਰ ਰਾਤ ਜਲੰਧਰ ਲਿਆਂਦਾ ਗਿਆ, ਹਾਲਾਂਕਿ ਸੀ. ਆਈ. ਏ. ਸਟਾਫ਼-1 ਦੀ ਪੁਲਸ ਉਸ ਦੇ ਪਿੱਛੇ ਲੱਗੀ ਹੋਈ ਸੀ ਪਰ ਕੁਝ ਸਮੇਂ ਤੋਂ ਢਿੱਲੀ ਪਈ ਸੀ. ਆਈ. ਏ. ਸਟਾਫ਼ ਦੀ ਪੁਲਸ ਨੰ ਪਿੰਪੂ ਦਾ ਕੋਈ ਸੁਰਾਗ ਨਹੀਂ ਲੱਗਾ।
ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਮੁਲਜ਼ਮ ਅਤੇ ਮਾਸਟਰਮਾਈਂਡ ਪਿੰਪੂ ਨੂੰ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਈ ਹੈ। ਐੱਸ. ਓ. ਯੂ. ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਹਾਰਾਸ਼ਟਰ ਵਿਚ ਮੌਜੂਦ ਹੈ। ਪੁਲਸ ਕਾਫ਼ੀ ਸਮੇਂ ਤੋਂ ਉਸਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਸੀ। ਐੱਸ. ਓ. ਯੂ. ਦੀ ਟੀਮ ਨੇ ਸੂਚਨਾ ਮਿਲਣ ਤੋਂ ਬਾਅਦ ਮਹਾਰਾਸ਼ਟਰ ਵਿਚ ਰੇਡ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਨੂੰ ਲੈ ਕੇ ਪੁਲਸ ਅਧਿਕਾਰੀ ਜਲਦ ਹੀ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਗੰਨ ਪੁਆਇੰਟ ’ਤੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਲੁੱਟ
ਇੰਚਾਰਜ ਇੰਦਰਜੀਤ ਸਿੰਘ ਸੈਣੀ ਨੇ ਫਿਲਹਾਲ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਪਿੰਪੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਤੋਂ ਰਿਵਾਲਵਰ ਵੀ ਬਰਾਮਦ ਕੀਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਅਕਾਲੀ ਨੇਤਾ ਸੁਭਾਸ਼ ਸੋਂਧੀ ਨੇ ਦੋਸ਼ ਲਗਾਏ ਸਨ ਕਿ ਪਿੰਪੂ ਉਨ੍ਹਾਂ ਦੇ ਦਫਤਰ ਦੇ ਚੱਕਰ ਕੱਟ ਰਿਹਾ ਹੈ ਅਤੇ ਕਿਸੇ ਵੀ ਸਮੇਂ ਉਨ੍ਹਾਂ ’ਤੇ ਕਾਤਲਾਨਾ ਹਮਲਾ ਕਰ ਸਕਦਾ ਹੈ। ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵੱਖ-ਵੱਖ ਟੀਮਾਂ ਮੁਲਜ਼ਮ ਦੀ ਤਲਾਸ਼ ਵਿਚ ਜੁਟੀਆਂ ਹੋਈਆਂ ਸਨ।
ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ