ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

Tuesday, Jan 17, 2023 - 06:32 PM (IST)

ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ’ਤੇ ਤਕਰੀਬਨ 17.42 ਕਰੋੜ ਰੁਪਏ ਖਰਚਣ ਦਾ ਫ਼ੈਸਲਾ ਲਿਆ ਹੈ। ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕੰਮ ਕਰਦੇ ਹੋਏ ਸੂਬੇ ਭਰ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਡਾ. ਅੰਬੇਡਕਰ ਭਵਨ ਕਮ ਸਿਖਲਾਈ ਅਤੇ ਖੋਜ ਕੇਂਦਰ ਦੇ ਭਾਗ-3 (ਆਡੀਟੋਰੀਅਮ) ਦਾ ਵਿਕਾਸ ਕਰਨ 'ਤੇ ਕਰੀਬ 4.18 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ ਜਾਇਦਾਦਾਂ ’ਤੇ ਯੂ. ਆਈ. ਡੀ ਨੰਬਰ ਪਲੇਟਾਂ ਲਗਾਉਣ ’ਤੇ ਸੰਭਾਵੀ 4.84 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ : ਨਵੋਜਤ ਸਿੱਧੂ ਦੀ ਰਿਹਾਈ ਬਾਰੇ ਵੱਡੀ ਖ਼ਬਰ, ਤਿਆਰੀਆਂ ਸ਼ੁਰੂ, ਸੋਸ਼ਲ ਮੀਡੀਆ ’ਤੇ ਜਾਰੀ ਹੋਇਆ ਸਵਾਗਤੀ ਰੂਟ

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਵੱਦੀ ਪੁਲ ਤੋਂ ਪੱਖੋਵਾਲ ਰੋਡ ਸਿੱਧਵਾਂ ਨਹਿਰ ਤੱਕ ਗਰੀਨ ਬੈਲਟ ਦਾ ਵਿਕਾਸ ਕਰਨ ’ਤੇ ਕਰੀਬ 3.07 ਕਰੋੜ ਰੁਪਏ ਅਤੇ ਦੁੱਗਰੀ ਪੁਲ ਤੋਂ ਜਵੱਦੀ ਤੱਕ ਗਰੀਨ ਬੈਲਟ ਦੇ ਵਿਕਾਸ ’ਤੇ ਲਗਭਗ 3.16 ਕਰੋੜ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੋਂ ਪੱਖੋਵਾਲ ਅੰਡਰ ਬ੍ਰਿੱਜ ਤੱਕ ਗਰੀਨ ਬੈਲਟ ਦੇ ਵਿਕਾਸ ਲਈ ਲਗਭਗ 1.59 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਜ਼ੋਨ-ਸੀ ਦੇ ਮੁੱਖ ਦਫ਼ਤਰ ਗਿੱਲ ਰੋਡ ਦਾ ਨਵੀਨੀਕਰਨ ਅਤੇ ਵਾਰਡ ਨੰਬਰ 2 ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਗੇਟ ਦੇ ਨਿਰਮਾਣ ਕਾਰਜਾਂ ਲਈ ਅਤੇ ਹੋਰ ਕੰਮਾਂ ਲਈ ਤਕਰੀਬਨ 57.21 ਲੱਖ ਰੁਪਏ ਖਰਚ ਕੀਤੇ ਜਾਣਗੇ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਦਫ਼ਤਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਲਾੜੇ ਨੇ ਪੇਸ਼ ਕੀਤੀ ਮਿਸਾਲ, ਇੰਝ ਵਿਆਹੁਣ ਗਿਆ ਲਾੜੀ ਕਿ ਖੜ੍ਹ ਦੇਖਦੇ ਰਹਿ ਗਏ ਲੋਕ

ਡਾ. ਨਿੱਜਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਫ਼ਨਾ ਹੈ ਕਿ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇ, ਇਸ ਲਈ ਜੇਕਰ ਕੋਈ ਅਧਿਕਾਰੀ/ਕਰਮਚਾਰੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਰੜੇ ਹੱਥੀ ਨਜਿੱਠਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਕੰਮਾਂ ਵਿਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News