ਅਣਪਛਾਤੇ ਲੁਟੇਰਿਆਂ ਨੇ ਦਾਤਰ ਦੀ ਨੋਕ ''ਤੇ ਬਜ਼ੁਰਗ ਜੋੜੇ ਕੋਲੋਂ ਲੁੱਟੀਆਂ ਸੋਨੇ ਦੀਆਂ ਵਾਲੀਆਂ

05/07/2021 5:44:40 PM

ਅੱਪਰਾ (ਦੀਪਾ) : ਅੱਜ ਦੁਪਿਹਰ ਲਗਭਗ 2.30 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਨਗਰ ਤੋਂ ਲਾਂਦੜਾ ਕਾਲੋਨੀ ਰੋਡ 'ਤੇ ਇੱਕ ਐਕਟਿਵਾ ਸਵਾਰ ਬਜ਼ੁਰਗ ਪਤੀ-ਪਤਨੀ ਤੋਂ ਦਾਤਰ ਦੀ ਨੋਕ 'ਤੇ ਸੋਨੇ ਦੀਆਂ ਵਾਲੀਆਂ ਦਾ ਜੋੜਾ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੰਸਾਰਾ ਲਾਲ (63) ਤੇ ਉਸ ਦੀ ਪਤਨੀ ਬਿਮਲਾ ਦੇਵੀ (61) ਵਾਸੀ ਪਿੰਡ ਖਾਨਪੁਰ ਨੇ ਦੱਸਿਆ ਕਿ ਅੱਜ ਦੁਪਿਹਰ ਲਗਭਗ 2-30 ਵਜੇ ਅਸੀਂ ਦੋਵੇਂ ਆਪਣੇ ਕਿਸੇ ਨਿੱਜੀ ਕੰਮ ਤੋਂ ਹੋ ਕੇ ਵਾਪਸ ਐਕਟਿਵਾ 'ਤੇ ਸਵਾਰ ਹੋ ਕੇ ਪਿੰਡ ਨੂੰ ਆ ਰਹੇ ਸੀ।

ਇਸ ਦੌਰਾਨ ਪਿੱਛੇ ਤੋਂ ਹੀ ਆ ਰਹੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਾਨੂੰ ਪਿੰਡ ਨਗਰ ਤੋਂ ਲਾਂਦੜਾ ਕਾਲੋਨੀ ਦੇ ਵਿਚਕਾਰ ਦਾਤਰ ਦੀ ਨੋਕ 'ਤੇ ਘੇਰ ਲਿਆ। ਬਿਮਲਾ ਦੇਵੀ ਨੇ ਦੱਸਿਆ ਕਿ ਅਣਪਛਾਤੇ ਲੁਟੇਰੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੇਰੇ ਕੰਨਾਂ 'ਚ ਪਹਿਨੀਆਂ ਹੋਈਆਂ ਅੱਧਾ ਤੋਲਾ ਸੋਨੇ ਦੀਆਂ ਵਾਲੀਆਂ ਦਾ ਜੋੜਾ ਲੁੱਟ ਕੇ ਫਿਲੌਰ ਸਾਈਡ ਵੱਲ ਨੂੰ ਹੀ ਫ਼ਰਾਰ ਹੋ ਗਏ, ਜਿਸ ਕਾਰਣ ਸਾਡਾ ਲਗਭਗ 25 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


 


Babita

Content Editor

Related News