ਦੇਖੋ ਲੌਂਗੋਵਾਲ ਦੇ ਮੁੜ ਪ੍ਰਧਾਨ ਬਣਨ ''ਤੇ ਕੀ ਬੋਲੇ ਸੁਨੀਲ ਜਾਖੜ

11/14/2018 7:04:36 PM

ਚੰਡੀਗੜ੍ਹ : ਐੱਸ. ਜੀ. ਸੀ. ਪੀ. ਮੁੜ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਮੁੱਦੇ 'ਤੇ ਬੋਲਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਹ ਆਖਰੀ ਵਾਰ ਹੈ ਜਦੋਂ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਸੁਖਬੀਰ ਬਾਦਲ ਵਲੋਂ ਭੇਜੇ ਗਏ ਲਿਫਾਫੇ 'ਚੋਂ ਰਿਹਾ ਹੈ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਅਤੇ ਟਕਸਾਲੀ ਆਗੂਆਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆਇਆ ਹੈ, ਇਸ ਦਾ ਸੇਕ ਅਕਾਲੀ ਦਲ ਦੇ ਪ੍ਰਧਾਨ ਤਕ ਪਹੁੰਚ ਰਿਹਾ ਹੈ। ਇਸੇ ਗੁੱਸੇ ਦੇ ਨਤੀਜਾ ਹੈ ਕਿ ਜਿਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਬਾਦਲ ਨਕਾਰ ਚੁੱਕੇ ਸਨ, ਅੱਜ ਉਸੇ ਕਮਿਸ਼ਨ ਦੇ ਤਹਿਤ ਬਣੀ ਐੱਸ. ਆਈ. ਟੀ. ਸਾਹਮਣੇ ਦੋਵਾਂ ਨੂੰ ਪੇਸ਼ ਹੋਣਾ ਪੈ ਰਿਹਾ ਹੈ।

ਜਾਖੜ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਹੁਣ ਕਿਹੜੇ ਮੂੰਹ ਨਾਲ ਐੱਸ. ਆਈ. ਟੀ. ਸਾਹਮਣੇ ਜਾਣਗੇ। ਜਿਸ ਤਰ੍ਹਾਂ ਬਾਦਲਾਂ ਨੇ ਜਸਟਿਸ ਰਣਜੀਤ ਸਿੰਘ 'ਤੇ ਦੋਸ਼ ਲਗਾਏ ਸਨ, ਇਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। 

ਇਸ ਦੇ ਨਾਲ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਗੁੱਸਾ ਸਾਹਮਣੇ ਆ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਬਹੁਤ ਜਲਦ ਐੱਸ. ਜੀ. ਪੀ. ਸੀ. ਬਾਦਲਾਂ ਦੇ ਕਬਜ਼ੇ 'ਚੋਂ ਆਜ਼ਾਦ ਹੋ ਜਾਵੇਗੀ ਅਤੇ ਅਗਲਾ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਲੋਕਾਂ ਰਾਹੀਂ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਜਾਖੜ ਨੇ ਐੱਸ. ਜੀ. ਪੀ. ਸੀ. ਚੋਣਾਂ ਵਿਚ ਕਾਂਗਰਸ ਦੀ ਸ਼ਮੂਲੀਅਤ 'ਤੇ ਪੁੱਛੇ ਗਏ ਸਵਾਲ 'ਤੇ ਸਾਫ ਕੀਤਾ ਕਿ ਕਾਂਗਰਸ ਧਾਰਮਿਕ ਮਾਮਲਿਆਂ ਵਿਚ ਦਖਲ ਨਹੀਂ ਦੇਵੇਗੀ।


Related News