ਡੀ. ਜੀ. ਪੀ. ਦੇ ਬਿਆਨ ਦੀ ਲੌਂਗੋਵਾਲ ਵਲੋਂ ਨਿਖੇਧੀ, ਕਾਂਗਰਸ ''ਤੇ ਵੀ ਚੁੱਕੇ ਸਵਾਲ

02/22/2020 6:53:40 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨ ਦੀ ਸ਼ਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਦੋਵਾਂ ਦੇਸ਼ਾਂ ਨੂੰ ਆਪਸ ਵਿਚ ਜੋੜਣ ਵਾਲਾ ਹੈ ਅਤੇ ਇਸ ਨਾਲ ਅਮਨ ਦਾ ਸੁਨੇਹਾ ਫੈਲਿਆ ਹੈ। ਅੰਗਰੇਜ਼ੀ ਦੇ ਇਕ ਅਖ਼ਬਾਰ ਵਿਚ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੁਰੱਖਿਆ ਲਈ ਖਦਸ਼ਾ ਬਿਆਨ ਕਰਨਾ ਅਤੇ ਸ਼ਰਧਾਲੂਆਂ ਨੂੰ ਸਵਾਲਾਂ ਦੇ ਘੇਰੇ ਵਿਚ ਲੈਣਾ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ।  ਦੱਸਣਯੋਗ ਹੈ ਕਿ ਪੰਜਾਬ ਦੇ ਡੀ.ਜੀ.ਪੀ. ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੁੜਨ ਵਾਲਾ ਵਿਅਕਤੀ ਇਕ ਟਰੇਂਡ ਅੱਤਵਾਦੀ ਬਣ ਸਕਦਾ ਹੈ। ਡੀ.ਜੀ.ਪੀ. ਨੇ ਇਹ ਸਵਾਲ ਵੀ ਉਠਾਇਆ ਹੈ ਕਿ ਇਹ ਲਾਂਘਾ ਪਹਿਲਾਂ ਕਿਉਂ ਨਹੀਂ ਖੋਲ੍ਹਿਆ ਗਿਆ ਅਤੇ ਜੇਕਰ ਵੀਜ਼ਾ ਮੁਕਤ ਆਗਿਆ ਦਿੱਤੀ ਗਈ ਤਾਂ ਅੱਤਵਾਦ ਨੂੰ ਬੜਾਵਾ ਮਿਲ ਸਕਦਾ ਹੈ।

ਡੀ.ਜੀ.ਪੀ. ਦੇ ਬਿਆਨ ਦੀ ਨਿੰਦਾ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਇਕ ਜ਼ਿੰਮੇਵਾਰ ਪੁਲਸ ਅਧਿਕਾਰੀ ਵੱਲੋਂ ਅਜਿਹੀ ਗੈਰ ਜ਼ੁੰਮੇਵਾਰਾਨਾ ਬਿਆਨਬਾਜ਼ੀ ਕਰਨੀ ਉਸ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ 70 ਸਾਲਾਂ ਤੋਂ ਕੀਤੀਆਂ ਗਈਆਂ ਅਰਦਾਸਾਂ ਮਗਰੋਂ ਇਹ ਲਾਂਘਾ ਖੁੱਲ੍ਹਾ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਵਿਚ ਭਾਈਚਾਰਕ ਸਾਂਝ ਮਜ਼ਬੂਤ ਹੋਈ ਹੈ। ਭਾਰਤ ਤੇ ਪਾਕਿਸਤਾਨ ਸਰਕਾਰਾਂ ਵੱਲੋਂ ਲਏ ਗਏ ਇਸ ਅੰਤਰਰਾਸ਼ਟਰੀ ਫੈਸਲੇ ਦੀ ਪੂਰੇ ਵਿਸ਼ਵ ਵਿਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਇਸ ਲਾਂਘੇ ਨੂੰ ਵਿਸ਼ਵ ਸ਼ਾਂਤੀ ਦਾ ਸੋਮਾ ਕਰਾਰ ਦਿੱਤਾ ਹੈ। ਜੇਕਰ ਅੰਤਰਰਾਸ਼ਟਰੀ ਆਗੂ ਇਸ ਦੀ ਤਾਰੀਫ ਕਰ ਰਹੇ ਹਨ ਤਾਂ ਪੰਜਾਬ ਦਾ ਇਕ ਸਮਰੱਥ ਅਧਿਕਾਰੀ ਇਸ ਨੂੰ ਕਿਉਂ ਨਿੰਦ ਰਿਹਾ ਹੈ, ਇਹ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦੇ ਬਿਆਨ ਨਾਲ ਸਿੱਖ ਭਾਵਨਾ ਨੂੰ ਠੇਸ ਪੁੱਜੀ ਹੈ। 

ਇਸ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਵੀ ਸਵਾਲਾ ਦੇ ਘੇਰੇ ਵਿਚ ਆਈ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਜਿਹੇ ਬਿਆਨ ਦਿੰਦੇ ਰਹੇ ਹਨ। ਹੁਣ ਡੀ.ਜੀ.ਪੀ. ਵੀ ਮੁੱਖ ਮੰਤਰੀ ਦੀ ਸੁਰ ਵਿਚ ਬੋਲਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਲਾਂਘਾ ਬੰਦ ਕਰਵਾਉਣ ਦੀ ਮਨਸ਼ਾ ਨਾਲ ਕੰਮ ਕਰ ਰਹੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਲਾਂਘੇ ਰਾਹੀਂ ਹੁਣ ਤੱਕ 50 ਹਜ਼ਾਰ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਇਸ ਦੌਰਾਨ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਦਾ ਖਦਸ਼ਾ ਦਿਨਕਰ ਗੁਪਤਾ ਪ੍ਰਗਟ ਕਰ ਰਹੇ ਹਨ।


Gurminder Singh

Content Editor

Related News