10ਵੀਂ ਜਮਾਤ ਦੀ ਕੁੜੀ ਨਾਲ ਜਬਰ-ਜ਼ਨਾਹ, ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਠੱਗੇ 10 ਲੱਖ
Thursday, Feb 27, 2020 - 06:39 PM (IST)

ਬੇਗੋਵਾਲ/ਕਪੂਰਥਲਾ (ਰਜਿੰਦਰ, ਭੂਸ਼ਣ)— 10ਵੀਂ 'ਚ ਪੜ੍ਹਦੀ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਬੇਗੋਵਾਲ ਪੁਲਸ ਨੇ 2 ਭਰਾਵਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਇਕ ਨਾਬਾਲਗ ਲੜਕੀ ਨੇ ਦੱਸਿਆ ਕਿ ਉਸ ਦੀ ਬੀਤੇ ਸਾਲ ਮਈ ਮਹੀਨੇ ਚਾਹਤਪ੍ਰੀਤ ਸਿੰਘ ਵਾਸੀ ਸੈਂਤਪੁਰ ਨਾਲ ਮੁਲਾਕਾਤ ਹੋਈ ਸੀ। ਜੋ 25 ਅਗਸਤ 2019 ਨੂੰ ਉਸ ਨੂੰ ਇਕ ਹੋਟਲ 'ਚ ਲੈ ਗਿਆ, ਜਿੱਥੇ ਉਸ ਨੇ ਕੋਲਡ ਡਰਿੰਕ 'ਚ ਨਸ਼ੀਲੀ ਵਸਤੂ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਕੁਝ ਦਿਨਾਂ ਬਾਅਦ ਹੀ ਉਕਤ ਵਿਅਕਤੀ ਨੇ ਕਿਹਾ ਕਿ ਮੈਨੂੰ 5 ਹਜ਼ਾਰ ਰੁਪਏ ਦੇ ਜੋ ਮੈਨੂੰ ਚਾਹੀਦੇ ਹਨ, ਮੈਂ ਉਸ ਨੂੰ 5 ਹਜ਼ਾਰ ਰੁਪਏ ਦਿੱਤੇ। ਇਸ ਦੌਰਾਨ ਉਸ ਨੇ ਉਕਤ ਵਿਅਕਤੀ ਨੂੰ ਇਕ ਖਾਲੀ ਚੈੱਕ ਵੀ ਦਿੱਤਾ। ਇਸੇ ਤਰ੍ਹਾਂ ਹਰ ਵਾਰ ਚਾਹਤਪ੍ਰੀਤ ਨੇ ਬਹੁਤ ਸਾਰੇ ਪੈਸੇ ਲਏ, ਜੋ ਕਰੀਬ 10 ਲੱਖ ਹਨ।
ਲੜਕੀ ਨੇ ਦੱਸਿਆ ਕਿ 11 ਜਨਵਰੀ 2020 ਨੂੰ ਚਾਹਤਪ੍ਰੀਤ ਨੇ 10 ਹਜ਼ਾਰ ਰੁਪਏ ਮੰਗੇ ਅਤੇ ਕਿਹਾ ਕਿ ਜੇ ਮੈਨੂੰ 10 ਹਜ਼ਾਰ ਰੁਪਏ ਨਾ ਲਿਆ ਕੇ ਦਿੱਤੇ ਤਾਂ ਮੈਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ, ਜੋ ਮੈਂ ਹੋਟਲ 'ਚ ਬਣਾਈ ਸੀ। ਇਸ ਤਰ੍ਹਾਂ ਉਹ ਵਾਰ-ਵਾਰ ਧਮਕੀਆਂ ਦਿੰਦਾ ਰਿਹਾ। ਜਿਸ ਤੋਂ ਤੰਗ ਆ ਕੇ ਉਸ ਨੇ ਸਾਰੀ ਗੱਲ ਆਪਣੇ ਮਾਂ-ਬਾਪ ਨੂੰ ਦੱਸੀ। ਲੜਕੀ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਚਾਹਤਪ੍ਰੀਤ ਦਾ ਵੱਡਾ ਭਰਾ ਸਾਹਿਲਪ੍ਰੀਤ ਵੀ ਉਸ ਦੀ ਹਰ ਸਾਜ਼ਿਸ਼ 'ਚ ਸ਼ਾਮਲ ਹੈ, ਕਿਉਂਕਿ ਉਹ ਹੀ ਉਨ੍ਹਾਂ ਨੂੰ ਹੋਟਲ 'ਚ ਲੈ ਕੇ ਗਿਆ ਸੀ। ਲੜਕੀ ਦੇ ਬਿਆਨਾਂ 'ਤੇ ਪੁਲਸ ਥਾਣਾ ਬੇਗੋਵਾਲ ਵਿਖੇ ਚਾਹਤਪ੍ਰੀਤ ਸਿੰਘ ਅਤੇ ਸਾਹਿਲਪ੍ਰੀਤ ਸਿੰਘ ਵਾਸੀ ਸੈਂਤਪੁਰ ਖਿਲਾਫ ਪੋਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਐੱਸ. ਐੱਚ. ਓ. ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਫੜ ਲਿਆ ਜਾਵੇਗਾ।