ਜਲੰਧਰ : 3 ਬੱਚਿਆਂ ਦੇ ਪਿਓ ਨੇ ਡੀ. ਜੇ. ਪਾਰਟੀ 'ਚ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ
Tuesday, Feb 25, 2020 - 06:29 PM (IST)
ਜਲੰਧਰ (ਵਰੁਣ)— ਜਲੰਧਰ ਦੇ ਇਕ ਇਲਾਕੇ 'ਚ ਇਕ ਵਿਅਕਤੀ ਨੇ ਭਾਣਜੇ ਦੇ ਜਨਮ ਦਿਨ 'ਚ ਡੀ. ਜੇ. ਪਾਰਟੀ 'ਚ ਬੁਲਾਈ 11ਵੀਂ ਦੀ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਇਕ ਫੈਕਟਰੀ 'ਚ ਕੰਮ ਕਰਦਾ ਹੈ, ਜਿਸ ਨੇ ਡੀ. ਜੇ. ਦੀ ਆਵਾਜ਼ ਉੱਚੀ ਹੋਣ ਦਾ ਫਾਇਦਾ ਉਠਾਉਂਦਿਆਂ ਲੜਕੀ ਨੂੰ ਆਪਣੀ ਭੈਣ ਦੇ ਘਰ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ। ਕਾਫੀ ਸਮੇਂ ਤੱਕ ਜਦੋਂ ਲੜਕੀ ਨਹੀਂ ਦਿਸੀ ਤਾਂ ਲੜਕੀ ਦੀ ਮਾਂ ਉਸ ਨੂੰ ਲੱਭਦੀ ਹੋਈ ਉਸ ਦੇ ਕਮਰੇ 'ਚ ਪਹੁੰਚ ਗਈ ਅਤੇ ਰੌਲਾ ਪਾ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਨੰ. 8 ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ।
ਥਾਣਾ ਨੰ. 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਆਪਣੇ ਭਾਣਜੇ ਦੇ ਜਨਮ ਦਿਨ ਮੌਕੇ ਆਪਣੀ ਭੈਣ ਦੇ ਘਰ ਪਾਰਟੀ ਰੱਖੀ ਸੀ। ਡੀ. ਜੇ. ਪਾਰਟੀ 'ਚ ਰਾਜੇਸ਼ ਨੇ ਆਪਣੇ ਘਰ ਦੇ ਕੋਲ ਰਹਿਣ ਵਾਲੇ ਇਕ ਪ੍ਰਵਾਸੀ ਪਰਿਵਾਰ ਸਣੇ ਕਈ ਲੋਕਾਂ ਨੂੰ ਬੁਲਾਇਆ ਸੀ। ਦੋਸ਼ ਹੈ ਕਿ ਸ਼ਾਮ 7 ਵਜੇ ਜਦੋਂ ਡੀ. ਜੇ. ਚੱਲ ਰਿਹਾ ਸੀ ਤਾਂ ਮੁਲਜ਼ਮ ਰਾਜੇਸ਼ ਪ੍ਰਵਾਸੀ ਪਰਿਵਾਰ ਦੀ 17 ਸਾਲਾ ਲੜਕੀ ਨੂੰ ਜ਼ਬਰਦਸਤੀ ਕਮਰੇ 'ਚ ਖਿੱਚ ਕੇ ਲੈ ਗਿਆ ਅਤੇ ਉਥੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। ਕਾਫੀ ਸਮੇਂ ਬਾਅਦ ਵੀ ਜਦੋਂ ਲੜਕੀ ਪਰਿਵਾਰ ਵਾਲਿਆਂ ਨੂੰ ਨਜ਼ਰ ਨਹੀਂ ਆਈ ਤਾਂ ਲੜਕੀ ਦੀ ਮਾਂ ਉਸ ਨੂੰ ਲੱਭਦੀ ਹੋਈ ਉਸ ਕਮਰੇ 'ਚ ਪਹੁੰਚੀ।
ਉੱਥੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਕੇ ਮਾਂ ਨੇ ਰੌਲਾ ਪਾ ਦਿੱਤਾ। ਰਾਜੇਸ਼ ਮੌਕੇ ਤੋਂ ਫਰਾਰ ਹੋ ਗਿਆ, ਜਦੋਂਕਿ ਲੜਕੀ ਨੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਮਾਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਨੰ. 8 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਰਾਜੇਸ਼ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਫਰਾਰ ਰਾਜੇਸ਼ ਨੂੰ ਫੜਨ ਲਈ ਪੁਲਸ ਵਲੋਂ ਰੇਡ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਰਾਜੇਸ਼ (40) ਵਿਆਹਿਆ ਹੋਇਆ ਹੈ ਅਤੇ ਉਸ ਦੇ ਤਿੰਨ ਬੱਚੇ ਹਨ, ਜਦੋਂਕਿ ਪੀੜਤ ਲੜਕੀ ਤੋਂ ਇਕ ਸਾਲ ਵੱਡੀ ਉਸ ਦੀ ਆਪਣੀ ਬੇਟੀ ਹੈ।