12 ਸਾਲਾ ਕੁੜੀ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਗਰਭਵਤੀ ਹੋਣ ''ਤੇ ਹੋਇਆ ਖੁਲਾਸਾ

Saturday, Nov 23, 2019 - 11:04 AM (IST)

12 ਸਾਲਾ ਕੁੜੀ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਗਰਭਵਤੀ ਹੋਣ ''ਤੇ ਹੋਇਆ ਖੁਲਾਸਾ

ਕਪੂਰਥਲਾ (ਭੂਸ਼ਣ)— ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਧਾਰਾ 376, 506 ਅਤੇ 4 ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਛਾਪਾਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਨਾਲ ਸਬੰਧਤ ਇਕ ਵਿਅਕਤੀ ਨੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੀ ਕਰੀਬ ਸਾਢੇ 12 ਸਾਲ ਦੀ ਭਤੀਜੀ ਦੇ ਪਿਛਲੇ 10-15 ਦਿਨਾਂ ਤੋਂ ਢਿੱਡ 'ਚ ਦਰਦ ਰਹਿੰਦਾ ਸੀ। ਜਿਸ ਕਾਰਨ ਉਸ ਦੀ ਭਤੀਜੀ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਤਾਂ ਉਹ ਗਰਭਵਤੀ ਪਾਈ ਗਈ। ਜਦੋਂ ਉਸ ਨੇ ਆਪਣੀ ਭਤੀਜੀ ਤੋਂ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਾਜਨ ਕੁਮਾਰ ਬੀਤੇ 6 ਮਹੀਨਿਆਂ ਤੋਂ ਉਸ ਨੂੰ ਡਰਾ ਧਮਕਾ ਦੇ ਕੇ ਸਰੀਰਕ ਸੰਬੰਧ ਬਣਾ ਰਿਹਾ ਸੀ ਅਤੇ ਲਗਾਤਾਰ ਧਮਕੀਆਂ ਦਿੰਦਾ ਸੀ। ਮੁਲਜ਼ਮ ਉਸ ਨੂੰ ਇਹ ਵੀ ਕਹਿੰਦਾ ਸੀ ਕਿ ਜੇਕਰ ਉਸ ਨੇ ਇਸ ਸਬੰਧੀ ਆਪਣੇ ਘਰ ਦੱਸਿਆ ਤਾਂ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ।

ਐੱਸ. ਐੱਚ. ਓ. ਇੰਸ. ਵਿਕਰਮ ਸਿੰਘ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਮੁਲਜ਼ਮ 'ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੇ ਆਧਾਰ 'ਤੇ ਮੁਲਜ਼ਮ ਰਾਜਨ ਕੁਮਾਰ ਪੁੱਤਰ ਸੋਹਨ ਲਾਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਛਾਪਾਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਪੀੜਤ ਨਾਬਾਲਗ ਲੜਕੀ ਦਾ ਸਿਵਲ ਹਸਪਤਾਲ ਕਪੂਰਥਲਾ ਤੋਂ ਡਾਕਟਰੀ ਮੁਆਇਆਨਾ ਕਰਵਾਇਆ ਗਿਆ। ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੂੰ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।


author

shivani attri

Content Editor

Related News