ਲੜਕੀ ਨੇ ਲੜਕੀ ਨੂੰ ਕੀਤਾ ਅਗਵਾ

Monday, Jun 12, 2017 - 07:57 AM (IST)

ਲੜਕੀ ਨੇ ਲੜਕੀ ਨੂੰ ਕੀਤਾ ਅਗਵਾ

ਪੱਟੀ,   (ਸੌਰਭ)- ਬੀਤੇ ਦਿਨੀਂ ਇਕ ਲੜਕੀ ਵੱਲੋਂ ਹੀ ਇਕ ਲੜਕੀ ਨੂੰ ਅਗਵਾ ਕਰ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਅੱਜ ਕੌਂਸਲਰ ਅਜੇ ਕੁਮਾਰ ਤੇ ਪ੍ਰਧਾਨ ਸ਼ਕਤੀ ਕੁਮਾਰ ਦੀ ਹਾਜ਼ਰੀ 'ਚ ਵਾਲਮੀਕਿ ਮੰਦਰ ਪੱਟੀ ਵਿਖੇ ਅਗਵਾ ਹੋਈ ਲੜਕੀ ਕਾਜਲ ਦੀ ਮਾਤਾ ਨਿਰਮਲਾ ਤੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਅਸੀਂ ਵਾਰਡ ਨੰ. 18 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਾਂ ਅਤੇ ਮਕਾਨ ਦੀ ਪਹਿਲੀ ਮੰਜ਼ਿਲ ਵਿਚ ਰਿਤੂ ਬਾਲਾ ਉਰਫ ਡਿੰਕੀ ਵੀ ਕਿਰਾਏ 'ਤੇ ਰਹਿ ਰਹੀ ਸੀ। 6 ਜੂਨ ਵਾਲੇ ਦਿਨ ਉਹ ਸਾਡੀ ਲੜਕੀ ਕਾਜਲ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਈ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।
 ਇਸ ਮੌਕੇ ਕਾਜਲ ਦੀ ਮਾਤਾ ਨਿਰਮਲਾ ਨੇ ਦੱਸਿਆ ਕਿ ਅਸੀਂ ਪੁਲਸ ਥਾਣਾ ਸਿਟੀ ਪੱਟੀ ਵਿਖੇ ਆਪਣੀ ਲੜਕੀ ਦੇ ਅਗਵਾ ਹੋ ਜਾਣ ਸਬੰਧੀ ਲਿਖਤੀ ਦਰਖਾਸਤ ਦਿੱਤੀ ਹੈ ਪਰ ਪੁਲਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ, ਉਲਟਾ ਪੁਲਸ ਵੱਲੋਂ ਇਹ ਕਹਿ ਕੇ ਟਾਲਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਬਾਲਗ ਹਨ। ਇਸ ਮੌਕੇ ਕੌਂਸਲਰ ਅਜੇ ਕੁਮਾਰ ਤੇ ਪ੍ਰਧਾਨ ਸ਼ਕਤੀ ਕੁਮਾਰ ਨੇ ਦੱਸਿਆ ਕਿ ਪੁਲਸ ਕਈ ਦਿਨਾਂ ਤੋਂ ਇਸ ਘਟਨਾ ਸਬੰਧੀ ਕਾਰਵਾਈ ਕਰਨ ਤੋਂ ਟਾਲਮਟੋਲ ਕਰ ਰਹੀ ਹੈ, ਜੇਕਰ 2-3 ਦਿਨਾਂ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਵਾਲਮੀਕਿ ਭਾਈਚਾਰਾ ਪੱਟੀ ਵਿਖੇ ਧਰਨਾ ਮਾਰਨ ਲਈ ਮਜਬੂਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਇਸ ਸਬੰਧੀ ਪੁਲਸ ਥਾਣਾ ਸਿਟੀ ਦੇ ਡਿਊਟੀ ਅਫਸਰ ਗੁਰਮੁੱਖ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਦਰਖਾਸਤ ਦਿੱਤੀ ਗਈ ਹੈ, ਜਿਸ ਸਬੰਧੀ ਜਾਂਚ ਜਾਰੀ ਹੈ ਤੇ ਪੂਰੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਦੋਵੇਂ ਲੜਕੀਆਂ ਬਾਲਗ ਹਨ ਤੇ ਹੋ ਸਕਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਗਈਆਂ ਹੋਣ। ਇਸ ਸਬੰਧੀ ਕਾਰਜਕਾਰੀ ਡੀ. ਐੱਸ. ਪੀ. ਪਿਆਰਾ ਸਿੰਘ ਦਾ ਕਹਿਣਾ ਹੈ ਕਿ ਘਟਨਾ ਬਾਰੇ ਪੁਲਸ ਜਾਂਚ ਕਰ ਰਹੀ ਅਤੇ ਜਲਦੀ ਉਕਤ ਮਸਲਾ ਹੱਲ ਕਰ ਲਿਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News