ਗਿੱਦੜਬਾਹਾ ਚੋਣ ਹਾਰਣ ਤੋਂ ਬਾਅਦ ਰਾਜਾ ਵੜਿੰਗ ''ਤੇ ਵਰ੍ਹੇ ਮਨਪ੍ਰੀਤ, ਕਰ ਦਿੱਤਾ ਵੱਡਾ ਐਲਾਨ
Sunday, Nov 24, 2024 - 02:07 PM (IST)
ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮਨਪ੍ਰੀਤ ਨੇ ਕਿਹਾ ਕਿ ਮੈਂ ਕਈ ਸਾਲਾਂ ਬਾਅਦ ਗਿੱਦੜਬਾਹਾ ਤੋਂ ਚੋਣ ਲੜੀ। ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਮਹੀਨੇ ਬਹੁਤ ਘੱਟ ਸਮਾਂ ਸੀ। ਇਸ ਲਈ ਮੈਂ ਜਿੱਤ ਨਹੀਂ ਸਕਿਆ। ਮਨਪ੍ਰੀਤ ਨੇ ਐਲਾਨ ਕੀਤਾ ਕਿ ਹੁਣ ਮੈਂ ਜੀਵਨ ਦੇ ਅੰਤ ਤੱਕ ਗਿੱਦੜਬਾਹਾ ਦੇ ਲੋਕਾਂ ਵਿਚ ਰਹਾਂਗਾ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੈਂ ਗਿੱਦੜਬਾਹਾ ਤੋਂ ਵੀ ਚੋਣ ਜਿੱਤਾਂਗਾ। ਮਨਪ੍ਰੀਤ ਨੇ ਨਵ-ਨਿਯੁਕਤ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਧਾਈ ਦਿੰਦਿਆਂ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਇਆ ਨਵਾਂ ਹੁਕਮ
ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਕੁਝ ਸਾਥੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 2027 ਵਿਚ ਤੁਹਾਨੂੰ ਵੋਟ ਪਾਵਾਂਗੇ। ਇਸ ਵਾਰ ਅਸੀਂ ਰਾਜਾ ਵੜਿੰਗ ਦਾ ਹੰਕਾਰ ਤੋੜਨਾ ਚਾਹੁੰਦੇ ਹਾਂ। ਇਸ ਲਈ ਡਿੰਪੀ ਨੂੰ ਵੋਟ ਪਾਉਣੀ ਪਈ ਹੈ। ਰਾਜਾ ਵੜਿੰਗ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵੜਿੰਗ ਨੇ ਬਾਦਲ ਪਰਿਵਾਰ ਖ਼ਿਲਾਫ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਚਮਕਾਈ ਹੈ। ਰਾਜਾ ਵੜਿੰਗ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਪਣੀ ਪਤਨੀ ਦੀ ਹਾਰ ਨੂੰ ਟਾਲ ਨਹੀਂ ਸਕਿਆ। ਵੜਿੰਗ ਨੇ ਗਿੱਦੜਬਾਹਾ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਸਿਰਫ ਆਪਣੀ ਜਾਇਦਾਦ ਬਣਾਈ ਹੈ। ਉਨ੍ਹਾਂ ਕਿਹਾ ਕਿ 71 ਹਜ਼ਾਰ ਲੋਕਾਂ ਨੇ ਡਿੰਪੀ ਨੂੰ ਚੁਣਿਆ ਹੈ। ਲੋਕਾਂ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਰਾਜਾ ਵੜਿੰਗ ਦੀ ਹਉਮੈ ਜ਼ਰੂਰ ਹਾਰ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਫ਼ਤਵਾ ਸਿਰ ਮੱਥੇ ਹੈ।
ਇਹ ਵੀ ਪੜ੍ਹੋ : ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਪੂ ਹੋਲਡਰਾਂ ਨੂੰ ਵੀ ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e