ਸ੍ਰੀ ਨਨਕਾਣਾ ਸਾਹਿਬ 'ਤੇ ਹੋਇਆ ਹਮਲਾ ਬਹੁਤ ਹੀ ਦੁਖਦਾਈ : ਪ੍ਰਕਾਸ਼ ਸਿੰਘ ਬਾਦਲ

01/04/2020 3:29:06 PM

ਗਿੱਦੜਬਾਹਾ (ਕੁਲਦੀਪ ਰਿੰਨੀ/ਪਵਨ ਤਨੇਜਾ) : ਪਾਕਿਸਤਾਨ ਵਿਚ ਸਥਿਤ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੁਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਹੀ ਉੱਥੇ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉੱਥੇ ਅਮਨ-ਸ਼ਾਂਤੀ ਨੂੰ ਕਾਈਮ ਰੱਖਿਆ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਦਿੱਤੇ ਅਸਤੀਫੇ 'ਤੇ ਕਿਹਾ ਕਿ ਮੇਰੇ ਦਿਲ 'ਚ ਉਨ੍ਹਾਂ ਪ੍ਰਤੀ ਸਤਕਾਰ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਹਮੇਸ਼ਾ ਅਕਾਲੀ ਦਲ ਦੀ ਸੇਵਾ ਕਰਨ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਘੇਰ ਲਿਆ ਅਤੇ ਉਥੋਂ ਕੱਟੜਪੰਥੀ ਸਿੱਖਾਂ ਨੂੰ ਭਜਾ ਕੇ ਸ਼ਹਿਰ ਦਾ ਨਾਂ ਗੁਲਾਮ ਅਲੀ ਮੁਸਤਫਾ ਰੱਖਣ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਕ ਭੜਕੀ ਹੋਈ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਤੋੜ ਦੇਣ ਦੀ ਧਮਕੀ ਦਿੱਤੀ ਹੈ। ਮੁੱਢਲੀਆਂ ਰਿਪੋਰਟਾਂ ਮੁਤਾਬਕ ਗੁਰਦੁਆਰਾ ਸਾਹਿਬ ਨੂੰ ਘੇਰ ਕੇ ਪੱਥਰਬਾਜ਼ੀ ਕਰਨ ਵਾਲੀ ਭੀੜ ਦੀ ਅਗਵਾਈ ਮੁਹੰਮਦ ਹਸਨ ਨਾਂ ਦੇ ਵਿਅਕਤੀ ਦਾ ਪਰਿਵਾਰ ਕਰ ਰਿਹਾ ਸੀ। ਮੁਹੰਮਦ ਹਸਨ ਉਹੀ ਵਿਅਕਤੀ ਹੈ, ਜਿਸ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਧੀ ਨੂੰ ਅਗਵਾ ਕਰਕੇ ਉਸ ਦਾ ਧਰਮ ਤਬਦੀਲ ਕੀਤਾ ਸੀ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਵਿਖਾਵਾਕਾਰੀ ਕਹਿ ਰਹੇ ਹਨ ਕਿ ਨਾਨਕਾਣਾ ਸਾਹਿਬ ਵਿਚ ਕੋਈ ਸਿੱਖ ਨਹੀਂ ਬਚੇਗਾ।

ਵਰਣਨਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਹੈ। ਇਸ ਦਾ ਨਾਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇਨਾਂ 'ਤੇ ਪਿਆ ਹੈ। ਗੁਰੂ ਸਾਹਿਬ ਜੀ ਦਾ ਜਨਮ ਅਸਥਾਨ ਹੋਣ ਕਾਰਨ ਇਹ ਸਥਾਨ ਸਿੱਢਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿਚੋਂ ਇਕ ਹੈ।


cherry

Content Editor

Related News