ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਛੱਡਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੀ ਟਿੱਪਣੀ 'ਤੇ ਦਿੱਤਾ ਵੱਡਾ ਬਿਆਨ
Thursday, Jun 22, 2023 - 05:44 PM (IST)
ਅੰਮ੍ਰਿਤਸਰ- ਗਿਆਨੀ ਹਰਪ੍ਰੀਤ ਸਿੰਘ ਨੇ ਨਵੇਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦਾ ਅਤੇ ਸੇਵਾ ਸੰਭਾਲਣ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਗਿਆਨੀ ਰਘਬੀਰ ਸਿੰਘ ਤੋਂ ਪਰਮਾਤਮਾ ਬਤੌਰ ਸੇਵਾਦਾਰ ਵਜੋਂ ਸੇਵਾ ਲੈਂਦੇ ਰਹਿਣ। ਉਨ੍ਹਾਂ ਕਿਹਾ ਕਿ ਮੈਂ ਪੌਣੇ ਪੰਜ ਸਾਲ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਬਤੌਰ ਕਾਰਜਕਾਰੀ ਜਥੇਦਾਰ ਵੱਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੀ ਸੇਵਾ ਸੰਭਾਲੀ ਹੈ। ਪਰਮਾਤਮਾ ਨੇ ਮੇਰੇ 'ਤੇ ਮਹਿਰ ਭਰਿਆ ਹੱਥ ਰੱਖ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਇਸ ਲਈ ਮੈਂ ਅਕਾਲ ਪੁਰਖ ਦਾ ਬਹੁਤ ਧੰਨਵਾਦੀ ਹਾਂ। ਇਸ ਦੇ ਨਾਲ ਉਨ੍ਹਾਂ ਨੇ ਮੀਡੀਆ ਸਾਹਮਣੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਰੇਆਮ ਗੁੰਡਾਗਰਦੀ, ਪਿੰਡ ਦੇ ਹੀ ਵਿਅਕਤੀਆਂ ਨੇ ਨੌਜਵਾਨ 'ਤੇ ਹਮਲਾ ਕਰ ਕੀਤਾ ਜ਼ਖ਼ਮੀ
ਵਲਟੋਹਾ ਵੱਲੋਂ ਕੀਤੀ ਟਿੱਪਣੀ 'ਤੇ ਦਿੱਤਾ ਬਿਆਨ
ਮੀਡੀਆ ਵੱਲੋਂ ਵਿਰਸਾ ਸਿੰਘ ਵਲਟੋਹਾ ਦੀ ਟਿੱਪਣੀ 'ਤੇ ਪੁੱਛੇ ਸਵਾਲਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ 'ਤੇ ਕਾਫ਼ੀ ਗੁੱਸਾ ਜ਼ਾਹਰ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਨ ਲਈ ਕਥਾਵਾਚਕ, ਗ੍ਰੰਥੀ ਜਾਂ ਵਿਦਵਾਨ ਹੋਣਾ ਜ਼ਰੂਰੀ ਨਹੀਂ ਹੈ, ਜਥੇਦਾਰ ਦਲੇਰ ਅਤੇ ਹਿੰਮਤ ਵਾਲਾ ਹੋਣਾ ਚਾਹੀਦਾ ਹੈ। ਇਸ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰਸਾ ਸਿੰਘ ਵਲਟੋਹਾ ਨੂੰ ਬਣਾਇਆ ਜਾਵੇ, ਉਹ ਹਿੰਮਤ ਵਾਲੇ ਹਨ, ਜੋ ਵੀ ਕੰਮ ਕਰਵਾਉਣਾ ਹੈ ਉਨ੍ਹਾਂ ਤੋਂ ਕਰਵਾ ਸਕਦੇ ਹਨ। ਉਨ੍ਹਾਂ ਕਿ ਅੱਗੇ ਕਿਹਾ ਕਿ ਮੈਂ ਹਮੇਸ਼ਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਹਮੇਸ਼ਾ ਨਾਲ ਰਹਾਂਗਾ ਅਤੇ ਪੂਰਾ ਸਹਿਯੋਗ ਵੀ ਦਵਾਂਗਾ।
ਇਹ ਵੀ ਪੜ੍ਹੋ- ਹਰੀਕੇ ਵਾਈਲਡ ਲਾਈਫ ਸੈਂਚੁਰੀ ’ਚ ਨਜ਼ਰ ਆਇਆ ਦੁਰਲੱਭ ਡਾਲਮੇਟੀਅਨ ਪੈਲੀਕਨ ਪੰਛੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।