11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਾਰਡਿਫ ਵਿਖੇ ਹੋਈ ਸਮਾਪਤ

Tuesday, Sep 16, 2025 - 05:04 PM (IST)

11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਾਰਡਿਫ ਵਿਖੇ ਹੋਈ ਸਮਾਪਤ

ਚੰਡੀਗੜ੍ਹ : ਗੱਤਕਾ ਫੈਡਰੇਸ਼ਨ ਯੂ.ਕੇ ਵਲੋਂ ਕਾਰਡਿਫ, ਵੇਲਜ਼ ਵਿਖੇ ਆਯੋਜਿਤ ਗਿਆਰਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਮਾਪਤ ਹੋਈ ਜਿਸ ਵਿਚ ਸੱਤ ਪ੍ਰਮੁੱਖ ਗੱਤਕਾ ਅਖਾੜਿਆਂ ਦੇ ਖਿਡਾਰੀਆਂ ਨੇ ਮੁਕਾਬਲਿਆਂ ਦੌਰਾਨ ਆਪਣੀਆਂ ਜੰਗੀ ਕਲਾਵਾਂ ਦੋ ਜੌਹਰ ਵਿਖਾਏ। ਵੇਲਜ਼ ਦੇ ਗੁਰਦੁਆਰਾ ਸਾਹਿਬ ਤੇ ਉੱਥੋਂ ਦੀ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਇਸ ਸਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ, ਜਗਬੀਰ ਸਿੰਘ ਜੱਗਾ ਚਕਰ, ਪ੍ਰਧਾਨ ਵੇਲਜ਼ ਕਬੱਡੀ ਕਲੱਬ, ਜਸਪਾਲ ਸਿੰਘ ਢੇਸੀ ਅਤੇ ਕੇਵਲ ਸਿੰਘ ਰੰਧਾਵਾ ਹਵੇਲੀ ਹੋਟਲ, ਪਾਂਟੀਕਲਾਨ ਦੀ ਹਾਜ਼ਰੀ ਵਿਚ ਕੀਤਾ ਗਿਆ।

ਨਤੀਜਿਆਂ ਦਾ ਐਲਾਨ ਕਰਦਿਆਂ ਹਾਊਸ ਆਫ਼ ਕਾਮਨਜ਼ ਦੀ ਉਚ ਤਾਕਤੀ ਰੱਖਿਆ ਕਮੇਟੀ ਦੇ ਚੇਅਰਮੈਨ ਢੇਸੀ ਨੇ ਕਿਹਾ ਕਿ ਬਰਤਾਨੀਆ ਦੀ ਨੌਜਵਾਨ ਪੀੜ੍ਹੀ ਵੱਲੋਂ ਗੱਤਕਾ ਖੇਡ ਪ੍ਰਤੀ ਵਧ ਰਹੀ ਦਿਲਚਸਪੀ ਉਸਾਰੂ ਕਦਮ ਹੈ ਅਤੇ ਅਗਲੇ ਸਾਲ ਹੋਰ ਖਿਡਾਰੀਆਂ ਨੂੰ ਵੀ ਇਸ ਟੂਰਨਾਮੈਂਟ ਲਈ ਆਕਰਸ਼ਿਤ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਵਿਚ ਸਾਰੇ ਮੁਕਾਬਲੇ ਫੱਰੀ-ਸੋਟੀ (ਵਿਅਕਤੀਗਤ) ਵਰਗ ਵਿਚ ਹੀ ਖੇਡੇ ਗਏ। ਉਮਰ ਵਰਗ 14 ਸਾਲ ਤੋਂ ਘੱਟ ਦੇ ਮੁਕਾਬਲਿਆਂ ਵਿਚੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਰੂਪ ਕੌਰ ਨੇ ਆਪਣੇ ਹੀ ਅਖਾੜੇ ਦੀ ਗਤਕੇਬਾਜ਼ ਮਨਰੂਪ ਕੌਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗਰੇਵਜ਼ੈਂਡ ਦੀ ਰਿਹਾਨਾ ਕੌਰ ਤੀਜੇ ਸਥਾਨ ਤੇ ਰਹੀ।

ਇਸੇ ਤਰ੍ਹਾਂ 17 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿਚੋਂ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਵੂਲਵਿਚ ਦੇ ਨਵਜੋਤ ਸਿੰਘ ਨੇ ਆਪਣੇ ਹੀ ਅਖਾੜੇ ਦੇ ਖਿਡਾਰੀ ਜਸ਼ਨ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿੱਚ ਕੋਵੈਂਟਰੀ ਤੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜੇ ਦੇ ਧਰਮ ਸਿੰਘ ਅਤੇ ਤੇਜਵੀਰ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ਵਿਚੋਂ ਜੰਗੀ ਹੋਰਸਿਜ਼ ਕਲੱਬ ਵੁਲਵਰਹੈਂਪਟਨ ਦੇ ਗਤਕੇਬਾਜ਼ ਗੁਰਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗਰੇਵਜ਼ੈਂਡ ਦੇ ਕੁਲਦੀਪ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਤੀਜਾ ਸਥਾਨ ਬਾਬਾ ਮਿੱਤ ਸਿੰਘ ਗੱਤਕਾ ਅਖਾੜਾ ਵੁਲਵਰਹੈਮਪਟਨ ਦੇ ਅਨਮੋਲਦੀਪ ਸਿੰਘ ਅਤੇ ਨਿਹਾਲ ਸਿੰਘ ਨੇ ਸਾਂਝੇ ਤੌਰ ਤੇ ਹਾਸਲ ਕੀਤਾ। ਸਾਰੇ ਜੇਤੂ ਖਿਡਾਰੀਆਂ ਨੂੰ ਤਗਮੇ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਜਦਕਿ ਗੱਤਕਾ ਅਖਾੜਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਸਿਖਲਾਈ ਸਹੂਲਤਾਂ ਲਈ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਹਜ਼ਾਰ-ਹਜ਼ਾਰ ਪੌਂਡ ਦੀ ਨਗਦ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਸਦ ਮੈਂਬਰ ਢੇਸੀ ਵੱਲੋਂ ਸਾਲ 2013 ਤੋਂ ਯੂਕੇ ਵਿਚ ਲਗਾਤਾਰ ਗੱਤਕਾ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀ ਜਾ ਰਹੀ ਸੇਵਾ ਕਾਬਲ-ਏ-ਤਾਰੀਫ਼ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਫੈਡਰੇਸ਼ਨ ਯੂਕੇ ਨੂੰ ਹਰ ਸੰਭਵ ਸਹਿਯੋਗ ਜਾਰੀ ਰਹੇਗਾ। ਆਪਣੇ ਸੰਬੋਧਨ ਵਿਚ ਤਨਮਨਜੀਤ ਸਿੰਘ ਢੇਸੀ ਨੇ ਸਾਰੇ ਜੇਤੂਆਂ, ਭਾਗ ਲੈਣ ਵਾਲਿਆਂ ਅਤੇ ਵਾਲੰਟੀਅਰਾਂ ਨੂੰ ਵਧਾਈ ਦਿੰਦਿਆਂ ਸਵਾਂਜ਼ੀ ਅਤੇ ਕਾਰਡਿਫ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨ ਸਿੰਘ ਜੋਹਲ, ਜਨਰਲ ਸਕੱਤਰ ਗੱਤਕਾ ਫੈਡਰੇਸ਼ਨ ਯੂਕੇ, ਖੁਸ਼ਵੰਤ ਸਿੰਘ ਅਤੇ ਜੀਤ ਸਿੰਘ ਅਰੋੜਾ ਸਵਾਂਜ਼ੀ ਗੁਰਦੁਆਰਾ ਕਮੇਟੀ, ਸੰਗਤ ਸਿੰਘ ਗਰੀਬ ਕਾਰਡਿਫ ਗੁਰਦੁਆਰਾ ਕਮੇਟੀ, ਕੁਲਦੀਪ ਸਿੰਘ ਪੱਡਾ, ਤਰਜੀਤ ਸਿੰਘ ਸੰਧੂ, ਰਾਜ ਬਾਜਵਾ ਆਦਿ ਹਾਜ਼ਰ ਸਨ।


author

Gurminder Singh

Content Editor

Related News