ਗੇਟ ਹਕੀਮਾਂ ’ਚ ਘਰੇਲੂ ਗੈਸ ਸਿਲੰਡਰਾਂ ਨੂੰ ਲੱਗੀ ਅੱਗ

Sunday, Jul 29, 2018 - 05:17 AM (IST)

ਗੇਟ ਹਕੀਮਾਂ ’ਚ ਘਰੇਲੂ ਗੈਸ ਸਿਲੰਡਰਾਂ ਨੂੰ ਲੱਗੀ ਅੱਗ

ਅੰਮ੍ਰਿਤਸਰ,  (ਇੰਦਰਜੀਤ) -  ਮਹਾਨਗਰ ਦੇ ਭੀਡ਼ਭਾਡ਼ ਵਾਲੇ ਖੇਤਰ ਗੇਟ ਹਕੀਮਾਂ ਜਿਥੇ ਨਿੱਤ 20 ਤੋਂ 25 ਹਜ਼ਾਰ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ, ਕੋਲ ਇਕ ਚਾਈਨੀਜ਼ ਫੂਡ ਦੀ ਦੁਕਾਨ ’ਚ ਘਰੇਲੂ ਗੈਸ ਸਿਲੰਡਰਾਂ ਨੂੰ ਬੀਤੀ ਰਾਤ ਅੱਗ ਲੱਗਣ ਨਾਲ ਇਕਦਮ ਹਫਡ਼ਾ-ਦਫਡ਼ੀ ਮਚ ਗਈ। ਕੁਝ ਹੀ ਮਿੰਟਾਂ ’ਚ ਉਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਨਾਲ ਗੈਸ ਸਿਲੰਡਰ ਫਟਣ ਤੋਂ ਬਚ ਗਏ। ਜੇਕਰ ਇਹ ਸਿਲੰਡਰ ਫਟ ਜਾਂਦੇ ਤਾਂ ਇਕ ਵੱਡਾ ਭਿਆਨਕ ਹਾਦਸਾ ਹੋ ਸਕਦਾ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਆਉਣ ’ਤੇ ਜਾਨੀ-ਮਾਲੀ ਨੁਕਸਾਨਬਚ ਗਿਆ।
ਮੌਕੇ ’ਤੇ ਪਹੁੰਚੀ ਪੁਲਸ ਫੋਰਸ
ਥਾਣਾ ਗੇਟ ਹਕੀਮਾਂ ਦੇ ਮੁਖੀ ਸੁਖਜਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ, ਹਾਲਾਂਕਿ ਇਹ ਖੇਤਰ ਉਨ੍ਹਾਂ ਦੇ ਥਾਣੇ ਅਧੀਨ ਨਹੀਂ ਆਉਂਦਾ ਪਰ ਘਟਨਾ ਵਾਲਾ ਸਥਾਨ ਉਨ੍ਹਾਂ ਦੇ ਨਜ਼ਦੀਕ ਹੋਣ ਕਾਰਨ ਉਹ ਉਥੇ ਭਾਰੀ ਫੋਰਸ ਨਾਲ ਪਹੁੰਚ ਜਾਣ ਕਾਰਨ ਉਥੇ ਇਕੱਠੇ ਹੋਏ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਭੇਜਣ ਵਿਚ ਸਫਲ ਰਹੇ, ਨਹੀਂ ਤਾਂ ਭਾਰੀ ਭੀਡ਼ ਨਾਲ ਜੋ ਭਾਜਡ਼ ਮਚ ਗਈ ਸੀ, ਲੋਕਾਂ ਦਾ ਇਕ-ਦੂਜੇ ਉਤੇ ਡਿੱਗ ਕੇ ਦਬ ਜਾਣਾ ਸੰਭਵ ਸੀ, ਜਦੋਂ ਕਿ ਦੂਜੇ ਪਾਸੇ ਥਾਣਾ ਸੀ-ਡਵੀਜ਼ਨ ਦੇ ਮੁਖੀ ਨੇ ਵੀ ਵੱਡੀ ਗਿਣਤੀ ਵਿਚ ਪੁਲਸ ਪਾਰਟੀ ਨਾਲ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਤੇ ਉਥੇ ਰਹਿ ਰਹੇ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਿਹਾਇਸ਼ੀ ਪਰਿਵਾਰਾਂ ਨੂੰ ਹੌਸਲਾ ਦਿੱਤਾ। ਥਾਣਾ ਮੁਖੀ ਦਾ ਲੋਕਾਂ ਨੇ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਠੀਕ ਸਮੇਂ ’ਤੇ ਪਹੁੰਚ ਕੇ ਇਕ ਭਿਆਨਕ ਹੋਣ ਵਾਲੇ ਹਾਦਸੇ ਨੂੰ ਛੋਟੀ ਜਿਹੀ ਘਟਨਾ ਵਿਚ ਤਬਦੀਲ ਕਰ ਦਿੱਤਾ।
ਸ਼ਹਿਰ ਦੇ ਹੋਟਲਾਂ, ਰੇਹਡ਼ੀਆਂ ’ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ
ਸ਼ਹਿਰ ਦੇ ਹੋਟਲਾਂ, ਢਾਬਿਆਂ, ਰੇਹਡ਼ੀਆਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਾਰਨ ਸਰਕਾਰ ਨੂੰ ਕਰੋਡ਼ਾਂ ਦਾ ਚੂਨਾ ਲੱਗ ਰਿਹਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈ।


Related News