ਪੰਜ ਕਿਲੋ ਗਾਂਜੇ ਸਮੇਤ ਦੋ ਸਕੇ ਭਰਾ ਕਾਬੂ
Wednesday, Mar 05, 2025 - 06:25 PM (IST)

ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਪੰਜ ਕਿੱਲੋ ਗਾਂਜੇ ਸਮੇਤ ਦੋ ਸਕੇ ਭਰਾਵਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਬਹਾਦਰ ਰਾਮ ਸਮੇਤ ਪੁਲਸ ਪਾਰਟੀ ਬਨੂੜ ਤੋਂ ਲਾਲੜੂ ਨੂੰ ਜਾਂਦੀ ਲਿੰਕ ਸੜਕ ਤੇ ਪਿੰਡ ਧਰਮਗੜ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮਨੋਲੀ ਸੂਰਤ ਵੱਲੋਂ ਜਦੋਂ ਇਕ ਮਹਿੰਦਰਾ ਬਲੈਰੋ ਪੀ ਬੀ 11 ਬੀ ਈ 62 87 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਦੇ ਚਾਲਕ ਨੇ ਗੱਡੀ ਨੂੰ ਰੋਕਣ ਦੀ ਬਜਾਏ ਤੇਜ਼ ਕਰ ਲਈ ਜੋ ਕਿ ਅੱਗੇ ਜਾ ਕੇ ਬੰਦ ਹੋ ਗਈ।
ਪੁਲਸ ਨੇ ਬੜੀ ਮੁਸਤੈਦੀ ਨਾਲ ਬਲੈਰੋ ਵਿਚ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਜਦੋਂ ਇਸ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੰਜ ਕਿਲੋ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵੇਂ ਨੌਜਵਾਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਨ ਮਨੀਸ਼ ਕੁਮਾਰ ਉੱਤਰ ਨੰਦੂ ਵਾਸੀ ਵਾਰਡ ਨੰਬਰ ਨੌ ਜੱਟਾਂ ਵਾਲਾ ਮਹੱਲਾ ਬਨੂੜ ਅਤੇ ਗੋਪੀ ਪੁੱਤਰ ਨੰਦੂ ਵਾਸੀ ਵਾਰਡ ਨੰਬਰ ਨੌ ਜੱਟਾਂ ਵਾਲਾ ਮੁਹੱਲਾ ਬਨੂੜ ਜੋ ਕਿ ਸਕੇ ਭਰਾ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਸਪਲਾਈ ਕਰਨ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਤੇ ਇਲਾਕੇ ਵਿਚ ਕਿਸੇ ਵੀ ਨਸ਼ਾ ਤਸਕਰ ਅਤੇ ਭੈੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਸਦੇ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।