ਗੈਂਗਸਟਰਾਂ ਵੱਲੋਂ ਜਲੰਧਰ ਦੇ ਕਈ ਕਾਰੋਬਾਰੀਆਂ ਨੂੰ ਕੀਤੇ ਜਾ ਚੁੱਕੇ ਨੇ ਧਮਕੀ ਭਰੇ ਫੋਨ, ਜ਼ਿਲ੍ਹੇ 'ਚ ਫੈਲੀ ਦਹਿਸ਼ਤ

12/09/2022 4:23:48 PM

ਜਲੰਧਰ (ਖੁਰਾਣਾ)– 7 ਦਸੰਬਰ ਨੂੰ ਨਕੋਦਰ ਦੇ ਬਾਜ਼ਾਰ ਵਿਚ ਸ਼ਰੇਆਮ ਫਾਇਰਿੰਗ ਕਰਕੇ ਗੈਂਗਸਟਰਾਂ ਨੇ ਇਕ ਨੌਜਵਾਨ ਕੱਪੜਾ ਕਾਰੋਬਾਰੀ ਅਤੇ ਉਸ ਦੇ ਗੰਨਮੈਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਨਾਲ ਇਕ ਵਾਰ ਫਿਰ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਜੁਰਮ ਸੂਬੇ ਭਰ ਵਿਚ ਚਰਚਾ ਵਿਚ ਆ ਗਏ ਹਨ। ਨਕੋਦਰ ਕਿਉਂਕਿ ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ, ਇਸ ਲਈ ਇਸ ਜ਼ਿਲ੍ਹੇ ਵਿਚ ਵਿਸ਼ੇਸ਼ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਗੈਂਗਸਟਰਵਾਦ ਦੀ ਪਹਿਲੀ ਵੱਡੀ ਘਟਨਾ ਸਿੱਧੂ ਮੂਸੇਵਾਲ ਦੇ ਕਤਲ ਨਾਲ ਸਬੰਧਤ ਸੀ, ਜਿੱਥੇ ਗੈਂਗਸਟਰਾਂ ਨੇ ਸ਼ਰੇਆਮ ਫਾਇਰਿੰਗ ਕਰਕੇ ਪ੍ਰਸਿੱਧੀ ਦੀਆਂ ਬੁਲੰਦੀਆਂ ਛੂਹ ਰਹੇ ਨੌਜਵਾਨ ਗਾਇਕ ਨੂੰ ਢੇਰੀ ਕਰ ਦਿੱਤਾ ਸੀ।

ਉਸ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਕਈ ਹੋਰ ਗੈਂਗਸਟਰਾਂ ਦਾ ਨਾਂ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਆ ਗਿਆ ਸੀ। ਇਸੇ ਦੌਰਾਨ ਇਨ੍ਹਾਂ ਗੈਂਗਸਟਰਾਂ ਦੇ ਨਾਂ ਦੀ ਵਰਤੋਂ ਕਰਕੇ ਪੂਰੇ ਪੰਜਾਬ ਵਿਚ ਧਮਕੀ ਭਰੇ ਫੋਨ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ, ਜਿਹੜਾ ਅੱਜ ਤੱਕ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਇਕੱਲੇ ਜਲੰਧਰ ਸ਼ਹਿਰ ਵਿਚ ਹੀ ਲਗਭਗ 2-3 ਦਰਜਨ ਵੱਡੇ ਕਾਰੋਬਾਰੀਆਂ ਨੂੰ ਇਨ੍ਹਾਂ ਗੈਂਗਸਟਰਾਂ ਦੇ ਧਮਕੀ ਭਰੇ ਫੋਨ ਆ ਚੁੱਕੇ ਹਨ। ਵਧੇਰੇ ਫੋਨ ਕਾਲਜ਼ ’ਚ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾਂਦੀ ਹੈ। ਕੁਝ ਇਕ ਕੋਲੋਂ ਇਸ ਤੋਂ ਵੱਧ ਪੈਸੇ ਮੰਗੇ ਗਏ ਅਤੇ ਕੁਝ ਨੂੰ ਸਿਰਫ਼ 5 ਲੱਖ ਰੁਪਏ ਦੇਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਜਲੰਧਰ: ਘਰੋਂ ਸਕੂਲ ਲਈ ਗਈ 10ਵੀਂ ਜਮਾਤ ਦੀ ਵਿਦਿਆਰਥਣ ਸ਼ੱਕੀ ਹਾਲਾਤ 'ਚ ਲਾਪਤਾ, ਕਾਪੀ 'ਚੋਂ ਮਿਲਿਆ ਇਹ ਨੰਬਰ

ਖ਼ਾਸ ਗੱਲ ਇਹ ਵੀ ਹੈ ਕਿ ਇਨ੍ਹਾਂ 2-3 ਦਰਜਨ ਲੋਕਾਂ ਵਿਚੋਂ ਬਹੁਤ ਘੱਟ ਲੋਕਾਂ ਨੇ ਇਸ ਘਟਨਾ ਦੀ ਪੁਲਸ ਕੋਲ ਸ਼ਿਕਾਇਤ ਕੀਤੀ। ਵਧੇਰੇ ਨੇ ਇਸ ਬਾਰੇ ਸਿਰਫ਼ ਆਪਣੇ ਜਾਣਕਾਰਾਂ ਨੂੰ ਹੀ ਦੱਸਿਆ ਕਿ ਪੁਲਸ ਤੱਕ ਪਹੁੰਚ ਹੀ ਨਹੀਂ ਕੀਤੀ। ਸ਼ਹਿਰ ਵਿਚ ਆਮ ਚਰਚਾ ਹੈ ਕਿ ਜਿਹੜੇ ਲੋਕਾਂ ਨੇ ਧਮਕੀ ਭਰੇ ਫੋਨ ਕਾਲਜ਼ ਦੀ ਸ਼ਿਕਾਇਤ ਪੁਲਸ ਨੂੰ ਕੀਤੀ, ਉਨ੍ਹਾਂ ਨਾਲ ਸਬੰਧਤ ਮਾਮਲਿਆਂ ਦੀ ਵੀ ਗੰਭੀਰਤਾ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਇਸ ਬਾਰੇ ਅੱਜ ਤੱਕ ਇਕ ਵੀ ਮਾਮਲਾ ਟਰੇਸ ਨਹੀਂ ਕੀਤਾ ਗਿਆ।

‘ਆਪ’ ਦੇ ਰਾਜ ’ਚ ਪੰਜਾਬ ਪੁਲਸ ਦੀ ਇਮੇਜ਼ ਡਾਊਨ ਹੋਈ : ਸ਼ੈਰੀ ਚੱਢਾ

ਕਾਂਗਰਸ ਦੇ ਨੌਜਵਾਨ ਕੌਂਸਲਰ ਅਤੇ ਰੈਡੀਮੇਡ ਕੱਪੜਿਆਂ ਦੇ ਪ੍ਰਮੁੱਖ ਕਾਰੋਬਾਰੀ ਸ਼ੈਰੀ ਚੱਢਾ ਨੇ ਨਕੋਦਰ ਵਿਚ ਨੌਜਵਾਨ ਵਪਾਰੀ ਦੀ ਹੱਤਿਆ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਪੰਜਾਬ ਪੁਲਸ ਦੀ ਇਮੇਜ਼ ਕਾਫ਼ੀ ਡਾਊਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਸ ਨੂੰ ਦੇਸ਼ ਦੀ ਸਭ ਤੋਂ ਵਧੀਆ ਪੁਲਸ ਫੋਰਸ ਮੰਨਿਆ ਜਾਂਦਾ ਸੀ ਪਰ ਹੁਣ ਇਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮਨੋਬਲ ਵਿਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਚੁਣੇ ਹੋਏ ਪ੍ਰਤੀਨਿਧੀ ਹੀ ਇਕ ਸੀਨੀਅਰ ਪੁਲਸ ਅਧਿਕਾਰੀ ਦੀ ਵਰਦੀ ’ਤੇ ਹੱਥ ਪਾਉਣ ਦੀ ਹਿੰਮਤ ਦਿਖਾਉਣਗੇ ਤਾਂ ਆਮ ਲੋਕਾਂ ਨੂੰ ਕੀ ਨਸੀਹਤ ਮਿਲੇਗੀ। ਚੱਢਾ ਨੇ ਕਿਹਾ ਕਿ ਨਕੋਦਰ ਦੇ ਕੱਪੜਾ ਕਾਰੋਬਾਰੀ ਨੂੰ ਪਿਛਲੇ 2-3 ਮਹੀਨਿਆਂ ਤੋਂ ਫੋਨ ’ਤੇ ਧਮਕੀਆਂ ਮਿਲ ਰਹੀਆਂ, ਜਿਸ ਨੂੰ ਪੁਲਸ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਸਬੰਧਤ ਟੈਲੀਫੋਨ ਨੰਬਰ ਤੋਂ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਗੈਂਗਸਟਰਵਾਦ ਵਧਣ ਦੇ ਨਾਲ-ਨਾਲ ਸਾਈਬਰ ਕ੍ਰਾਈਮ ਅਤੇ ਛੋਟੇ-ਮੋਟੇ ਜੁਰਮਾਂ ਵਿਚ ਵੀ ਚਿੰਤਾਜਨਕ ਹੱਦ ਤੱਕ ਵਾਧਾ ਹੋਇਆ ਹੈ, ਜਿਸ ਨੂੰ ‘ਆਪ’ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸੂਬੇ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗਮਗੀਨ ਮਾਹੌਲ 'ਚ ਹੋਇਆ ਕਤਲ ਕੀਤੇ ਕੱਪੜਾ ਵਪਾਰੀ ਦਾ ਸਸਕਾਰ, ਸ਼ਹਿਰ ਵਾਸੀਆਂ ਨੇ ਬਾਜ਼ਾਰ ਰੱਖੇ ਪੂਰਨ ਤੌਰ 'ਤੇ ਬੰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News