ਜਲੰਧਰ ਵਿਖੇ ਗੈਂਗਸਟਰ ਪ੍ਰੀਤ ਫਗਵਾੜਾ ਦੇ 3 ਸਾਥੀ ਵੱਡੀ ਮਾਤਰਾ ’ਚ ਅਸਲੇ ਸਣੇ ਗ੍ਰਿਫ਼ਤਾਰ
Thursday, Oct 13, 2022 - 12:11 PM (IST)
ਜਲੰਧਰ (ਮਹੇਸ਼)–ਮਾਲੇਰਕੋਟਲਾ ਦੇ ਅਬਦੁੱਲ ਰਸ਼ੀਦ ਉਰਫ਼ ਘੁੱਦੂ ਦੇ ਕਤਲ ਕੇਸ ਵਿਚ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਵਿਚ ਸਜ਼ਾ ਕੱਟ ਰਹੇ ਗੈਂਗਸਟਰ ਰਜਨੀਸ਼ ਉਰਫ਼ ਪ੍ਰੀਤ ਪੁੱਤਰ ਨਰਿੰਦਰ ਕੁਮਾਰ ਵਾਸੀ ਆਨੰਦ ਨਗਰ ਜ਼ਿਲ੍ਹਾ ਕਪੂਰਥਲਾ (ਪ੍ਰੀਤ ਫਗਵਾੜਾ ਗੈਂਗ) ਦੇ 3 ਸਾਥੀਆਂ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਭਾਰੀ ਮਾਤਰਾ ਵਿਚ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਅਸਲੇ ਵਿਚ 5 ਪਿਸਟਲ, 6 ਦੇਸੀ ਕੱਟੇ, ਇਕ ਰਿਵਾਲਵਰ ਅਤੇ 23 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਵਿਚ ਉਕਤ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਏ. ਸੀ. ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਵੀ ਮੌਜੂਦ ਸਨ। ਪੁਲਸ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੰਸ. ਇੰਦਰਜੀਤ ਸਿੰਘ ਇੰਚਾਰਜ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਅਗਵਾਈ ਵਿਚ ਵਾਈ ਪੁਆਇੰਟ ਭਗਤ ਸਿੰਘ ਕਾਲੋਨੀ ਥਾਣਾ ਡਵੀਜ਼ਨ ਨੰਬਰ 1 ਤੋਂ ਕਾਬੂ ਕੀਤੇ ਗਏ ਉਕਤ ਮੁਲਜ਼ਮਾਂ ਦੀ ਪਛਾਣ ਸੇਠ ਲਾਲ ਉਰਫ਼ ਸੇਠੀ ਪੁੱਤਰ ਵਿਕਰਮਜੀਤ ਵਾਸੀ ਨਿਊ ਆਬਾਦਪੁਰਾ ਜਲੰਧਰ, ਰਾਜਪਾਲ ਉਰਫ਼ ਪਾਲੀ ਪੁੱਤਰ ਗੁਰਮੀਤ ਪਾਲ ਵਾਸੀ ਰਾਮਾ ਮੰਡੀ ਜਲੰਧਰ ਅਤੇ ਰਾਜੇਸ਼ ਕੁਮਾਰ ਰਾਜਾ ਪੁੱਤਰ ਕਸ਼ਮੀਰ ਲਾਲ ਵਾਸੀ ਪੇਟੀਆਂ ਵਾਲੀ ਗਲੀ, ਰਾਮਾ ਮੰਡੀ ਵਜੋਂ ਹੋਈ ਹੈ। ਜੇਲ੍ਹ ਵਿਚ ਬੰਦ ਗੈਂਗਸਟਰ ਪ੍ਰੀਤ ਫਗਵਾੜਾ ਸਮੇਤ ਤਿੰਨੋਂ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 1 ਵਿਚ ਆਰਮਜ਼ ਐਕਟ ਤਹਿਤ 130 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਸੇਠੀ, ਪਾਲੀ ਅਤੇ ਰਾਜਾ ਨੂੰ ਪ੍ਰੀਤ ਫਗਵਾੜਾ ਵੱਲੋਂ ਹੀ ਅਸਲਾ ਮੁਹੱਈਆ ਕਰਵਾਇਆ ਜਾਂਦਾ ਸੀ। ਇਸ ਅਸਲੇ ਰਾਹੀਂ ਉਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਕੁਝ ਸਮੇਂ ਲਈ ਅੱਜ ਆਦਮਪੁਰ ਰੁਕਣਗੇ, ਹਿਮਾਚਲ ਦੇ ਚੋਣ ਪ੍ਰੋਗਰਾਮਾਂ ’ਚ ਲੈਣਗੇ ਹਿੱਸਾ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪ੍ਰੀਤ ਫਗਵਾੜਾ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਵਿਚ ਲਿਆਂਦਾ ਜਾਵੇਗਾ। ਉਸ ਖ਼ਿਲਾਫ਼ ਘੁੱਦੂ ਦੀ ਹੱਤਿਆ ਦੇ ਮਾਮਲੇ ਵਿਚ ਸਿਟੀ ਥਾਣਾ ਮਾਲੇਰਕੋਟਲਾ ਵਿਚ 302, 307, 325, 109, 120-ਬੀ ਅਤੇ ਆਰਮਜ਼ ਐਕਟ ਤਹਿਤ 186 ਨੰਬਰ ਐੱਫ਼. ਆਈ. ਆਰ. 26 ਨਵੰਬਰ 2019 ਨੂੰ ਦਰਜ ਕੀਤੀ ਗਈ ਸੀ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਪਾਲੀ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਨਸ਼ਾ ਸਮੱਗਲਿੰਗ ਅਤੇ ਚੋਰੀ ਦੇ ਮਾਮਲੇ ਦਰਜ ਹਨ। ਰਾਜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ 107/151 ਤਹਿਤ ਇਕ ਡੀ. ਡੀ. ਆਰ. ਅਤੇ ਲੜਾਈ ਝਗੜੇ ਦੀ 201 ਨੰਬਰ ਐੱਫ਼. ਆਈ. ਆਰ. ਦਰਜ ਹੈ। ਸੇਠੀ ’ਤੇ ਕੋਈ ਵੀ ਦਰਜ ਮਾਮਲਾ ਸਾਹਮਣੇ ਨਹੀਂ ਆਇਆ। ਜੇਲ੍ਹ ਵਿਚ ਸਜ਼ਾ ਕੱਟ ਰਹੇ ਪ੍ਰੀਤ ਗੈਂਗਸਟਰ ਖ਼ਿਲਾਫ਼ ਫਗਵਾੜਾ, ਕਪੂਰਥਲਾ, ਮਾਲੇਰਕੋਟਲਾ, ਅੰਮ੍ਰਿਤਸਰ, ਨਵਾਂਸ਼ਹਿਰ, ਜਲੰਧਰ ਦੇ ਥਾਣਾ ਨੰਬਰ 6 ਅਤੇ 7, ਥਾਣਾ ਬਸਤੀ ਬਾਵਾ ਖੇਲ, ਥਾਣਾ ਮਕਸੂਦਾਂ, ਸਿਟੀ ਥਾਣਾ ਫਿਰੋਜ਼ਪੁਰ ਤੋਂ ਇਲਾਵਾ ਦਿੱਲੀ ਦੇ ਥਾਣਾ ਤਿਲਕ ਨਗਰ ਵਿਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ’ਚ ਰਹੇ ਇਨ੍ਹਾਂ ਅਫ਼ਸਰਾਂ ’ਤੇ ਹੋ ਸਕਦੈ ਵੱਡਾ ਐਕਸ਼ਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ