ਲਾਰੈਂਸ ਬਿਸ਼ਨੋਈ ਨੇ ਰਚੀ ਅਦਾਲਤ ''ਚ ਕਤਲ ਦੀ ਸਾਜ਼ਿਸ਼, ਵਕੀਲ ਦੀ ਵਰਦੀ ਪਾ ਕੇ ਕੀਤੀ ਜਾਣੀ ਸੀ ਵਾਰਦਾਤ

Thursday, Feb 29, 2024 - 05:56 AM (IST)

ਲਾਰੈਂਸ ਬਿਸ਼ਨੋਈ ਨੇ ਰਚੀ ਅਦਾਲਤ ''ਚ ਕਤਲ ਦੀ ਸਾਜ਼ਿਸ਼, ਵਕੀਲ ਦੀ ਵਰਦੀ ਪਾ ਕੇ ਕੀਤੀ ਜਾਣੀ ਸੀ ਵਾਰਦਾਤ

ਚੰਡੀਗੜ੍ਹ (ਸੁਸ਼ੀਲ): ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਦੀ ਨਿਸ਼ਾਨਦੇਹੀ ’ਤੇ ਤੀਜੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਤੀਜੇ ਸਾਥੀ ਦੀ ਪਛਾਣ ਕੈਲਾਸ਼ ਚੌਹਾਨ ਉਰਫ ਟਾਈਗਰ ਵਾਸੀ ਫਰੀਦਾਬਾਦ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, 6 ਕਾਰਤੂਸ ਅਤੇ ਐਡਵੋਕੇਟ ਦੀ ਵਰਦੀ ਬਰਾਮਦ ਕੀਤੀ ਹੈ।

ਗੋਲਡੀ ਬਰਾੜ ਨੇ ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ਟ੍ਰਾਈਸਿਟੀ ਦੀ ਜ਼ਿਲ੍ਹਾ ਅਦਾਲਤ ਦੀ ਰੇਕੀ ਕਰਵਾਈ ਸੀ। ਮੁਲਜ਼ਮ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ ਗੈਂਗਸਟਰ ਭੂਨੀ ਰਾਣਾ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਨੂੰ ਮਾਰਨ ਵਾਲੇ ਸਨ। ਇਸ ਦੇ ਲਈ ਏਲਾਂਟੇ ਮਾਲ ਤੋਂ ਵਕੀਲ ਦੀ ਵਰਦੀ ਵੀ ਖਰੀਦੀ ਗਈ ਸੀ। ਇਸ ਦੇ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ’ਚ ਇਕ ਲੜਕੀ ਵੀ ਸ਼ਾਮਲ ਹੈ, ਜਿਸ ਦਾ ਨਾਂ ਪੂਜਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਹਿਲਾ ਵਕੀਲ ਦੀ ਵਰਦੀ ਖਰੀਦੀ ਗਈ ਸੀ, ਤਾਂ ਜੋ ਪੁਲਸ ਨੂੰ ਸ਼ੱਕ ਨਾ ਹੋਵੇ। ਕ੍ਰਾਈਮ ਬ੍ਰਾਂਚ ਨੇ ਤਿੰਨਾਂ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੰਜ-ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ।

ਇਹ ਖ਼ਬਰ ਵੀ ਪੜ੍ਹੋ - CM ਮਾਨ ਦਾ ਵੱਡਾ ਐਲਾਨ: 'ਦੋ-ਤਿੰਨ ਦਿਨਾਂ ’ਚ ਕਰਾਂਗਾ ਵੱਡੇ ਲੀਡਰਾਂ ਦਾ ਪਰਦਾਫ਼ਾਸ਼'

ਕ੍ਰਾਈਮ ਬ੍ਰਾਂਚ ਦੇ ਐੱਸ.ਪੀ. ਕੇਤਨ ਬਾਂਸਲ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਵਿਦੇਸ਼ ਵਿਚ ਬੈਠਾ ਗੋਲਡੀ ਬਰਾੜ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਦੌਰਾਨ ਭੂਪੀ ਰਾਣਾ ਅਤੇ ਉਸਦੇ ਗੈਂਗ ਦੇ ਮੈਂਬਰਾਂ ਦੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਗਿਰੋਹ ਦੇ ਦੋ ਮੈਂਬਰ ਐਕਟਿਵਾ ’ਤੇ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਦੀ ਰੇਕੀ ਕਰ ਰਹੇ ਸਨ, ਜਿਨ੍ਹਾਂ ਕੋਲ ਹਥਿਆਰ ਵੀ ਸਨ। ਇਸ ਦੌਰਾਨ ਸੈਕਟਰ-43 ਦੇ ਬੱਸ ਸਟੈਂਡ ਨੇੜੇ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਮਿਲੀ, ਜਿਸ ਨੇ ਵੀ ਇਨਪੁਟ ਦਿੱਤੇ। ਦੋਵਾਂ ਦੀ ਸਾਂਝੀ ਟੀਮ ਨੇ ਰੋਹਤਕ ਦੇ ਕਿਲਾ ਮੁਹੱਲਾ ਵਾਸੀ ਸੰਨੀ ਉਰਫ਼ ਸਚਿਨ ਉਰਫ਼ ਮਨਚੰਦਾ ਅਤੇ ਰੋਹਤਕ ਦੇ ਪੀਰਜਾ ਮੁਹੱਲੇ ਦੇ ਰਹਿਣ ਵਾਲੇ ਉਮੰਗ ਨੂੰ ਕਾਬੂ ਕੀਤਾ ਸੀ। ਉਨ੍ਹਾਂ ਕੋਲੋਂ ਇੱਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ। ਦੋਵਾਂ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਫਰੀਦਾਬਾਦ ਦੇ ਰਹਿਣ ਵਾਲੇ ਕੈਲਾਸ਼ ਚੌਹਾਨ ਉਰਫ ਟਾਈਗਰ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਇੱਕ ਪਿਸਤੌਲ, ਚਾਰ ਕਾਰਤੂਸ ਅਤੇ ਵਕੀਲਾਂ ਦੀ ਵਰਦੀ ਬਰਾਮਦ ਕੀਤੀ ਹੈ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਸ ਦਿਨ ਮੁਲਜ਼ਮ ਗੈਂਗਸਟਰ ਫੜਿਆ ਗਿਆ, ਉਸ ਦਿਨ ਭੂਪੀ ਰਾਣਾ ਦੀ ਖਰੜ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਸੀ।

ਟਾਈਗਰ ਨੇ ਕਰਵਾਇਆ ਗੋਲਡੀ ਬਰਾੜ ਨਾਲ ਸੰਪਰਕ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਟਾਈਗਰ ਨੇ ਸਭ ਤੋਂ ਪਹਿਲਾਂ ਗੋਲਡੀ ਬਰਾੜ ਨਾਲ ਇੰਸਟਾਗ੍ਰਾਮ ’ਤੇ ਸੰਪਰਕ ਕੀਤਾ। ਇਸ ਤੋਂ ਬਾਅਦ ਸਿਗਨਲ ਰਾਹੀਂ ਗੋਲਡੀ ਬਰਾੜ ਨਾਲ ਗੱਲਬਾਤ ਹੁੰਦੀ ਸੀ। ਗੋਲਡੀ ਬਰਾੜ ਨੇ ਟਾਈਗਰ ਨੂੰ ਭੂਪੀ ਰਾਣਾ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਨੂੰ ਪੇਸ਼ੀ ਦੌਰਾਨ ਮਾਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਟਾਈਗਰ ਨੇ ਸੰਨੀ ਅਤੇ ਉਮੰਗ ਨੂੰ ਆਪਣੇ ਗੈਂਗ ’ਚ ਸ਼ਾਮਲ ਕੀਤਾ ਸੀ। ਗੋਲਡੀ ਬਰਾੜ ਨੇ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਇਹ ਯੋਜਨਾ ਬਣਾਈ ਸੀ। ਸਿਰਫ਼ ਭੁੱਪੀ ਰਾਣਾ ਹੀ ਨਹੀਂ ਸਗੋਂ ਹੋਰ ਵੀ ਕਈ ਗੈਂਗਸਟਰ ਨਿਸ਼ਾਨੇ ’ਤੇ ਸਨ। ਬਾਅਦ ਵਿਚ ਸੰਨੀ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਨਾਲ ਗੱਲ ਕਰਦਾ ਸੀ।

ਏਲਾਂਟੇ ਮਾਲ ਤੋਂ ਵਕੀਲ ਦੀ ਡਰੈੱਸ ਖਰੀਦੀ

ਐੱਸ.ਪੀ. ਕੇਤਨ ਬਾਂਸਲ ਨੇ ਦੱਸਿਆ ਕਿ ਭੁੱਪੀ ਰਾਣਾ ਦੀ ਜ਼ਿਲਾ ਅਦਾਲਤ ਵਿਚ ਪੇਸ਼ੀ ਦੌਰਾਨ ਕਤਲ ਲਈ ਏਲਾਂਤੇ ਮਾਲ ਤੋਂ ਦੋ ਵਕੀਲਾਂ ਦੀਆਂ ਵਰਦੀਆਂ 45 ਹਜ਼ਾਰ ਰੁਪਏ ਵਿਚ ਖਰੀਦੀਆਂ ਗਈਆਂ ਸਨ। ਇਕ ਔਰਤ ਲਈ ਅਤੇ ਦੂਜੀ ਮਰਦ ਲਈ। ਮੁਲਜ਼ਮਾਂ ਨੇ ਮਹਿਲਾ ਸਾਥੀ ਦਾ ਨਾਂ ਪੂਜਾ ਦੱਸਿਆ ਹੈ। ਪੁਲਸ ਨੂੰ ਕੁਝ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਦੀ ਉਹ ਜਾਂਚ ਕਰ ਰਹੀ ਹੈ।

ਫ਼ਿਰੋਜ਼ਪੁਰ ਦਾ ਫਾਈਨਾਂਸਰ ਕਰ ਰਿਹਾ ਸੀ ਮਦਦ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫ਼ਿਰੋਜ਼ਪੁਰ ਦਾ ਫਾਈਨਾਂਸਰ ਵਿੱਕੀ ਚੌਹਾਨ ਗੋਲਡੀ ਬਰਾੜ ਦੇ ਕਹਿਣ ’ਤੇ ਤਿੰਨ ਗ੍ਰਿਫ਼ਤਾਰ ਮੁਲਜਮਾਂ ਨੂੰ ਪੈਸੇ ਮੁਹੱਈਆ ਕਰਵਾਉਂਦਾ ਸੀ। ਹਰ ਵਾਰ ਉਹ ਵੱਖ-ਵੱਖ ਜਗ੍ਹਾਂ ਅਤੇ ਖਾਤੇ ਤੋਂ ਪੈਸੇ ਦਿੰਦਾ ਸੀ। ਪੁਲਸ ਨੂੰ ਮੁਲਜ਼ਮਾਂ ਦੇ ਕਈ ਬੈਂਕ ਖਾਤਿਆਂ ਦੇ ਵੇਰਵੇ ਮਿਲੇ ਹਨ। ਗੋਲਡੀ ਬਰਾੜ ਦੇ ਕਹਿਣ ’ਤੇ ਹੋਟਲ ਦੀ ਰਿਹਾਇਸ਼, ਟੈਕਸੀ ਅਤੇ ਹਥਿਆਰ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਪੂਰੀਆਂ ਸਹੂਲਤਾਂ ਮਿਲ ਰਹੀਆਂ ਸਨ।

2 ਦਿਨਾਂ ਬਾਅਦ ਬਦਲ ਲੈਂਦੇ ਸਨ ਟਿਕਾਣਾ

ਡੀ.ਐੱਸ.ਪੀ. ਉਦੈਪਾਲ ਨੇ ਦੱਸਿਆ ਕਿ ਬਦਮਾਸ਼ ਦੋਸ਼ੀ ਦੋ ਦਿਨ ਤੱਕ ਫੋਨ ਅਤੇ ਸਿਮ ਦੀ ਵਰਤੋਂ ਕਰਨ ਤੋਂ ਬਾਅਦ ਤੋੜ ਦਿੰਦੇ ਸਨ। ਮੁਲਜ਼ਮ ਡੋਂਗਲ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੇ ਸਨ, ਤਾਂ ਜੋ ਉਹ ਫੜੇ ਨਾ ਜਾ ਸਕਣ। ਉਨ੍ਹਾਂ ਨੂੰ ਪੈਸੇ ਦੇਣ ਆਏ ਵਿਅਕਤੀ ਨੂੰ ਵੀ ਬਦਲ ਦਿੱਤਾ ਗਿਆ। ਇੱਥੋਂ ਤੱਕ ਕਿ ਜਿਸ ਹੋਟਲ ਜਾਂ ਫਲੈਟ ਵਿਚ ਮੁਲਜ਼ਮ ਰਹਿੰਦੇ ਸਨ, ਉਥੇ ਦੋ ਦਿਨ ਤੋਂ ਵੱਧ ਨਹੀਂ ਠਹਿਰਦੇ ਸਨ। ਗੈਂਗਸਟਰ ਗੋਲਡੀ ਬਰਾੜ ਖੁਦ ਮੁਲਜ਼ਮਾਂ ਲਈ ਹੋਟਲ ਜਾਂ ਫਲੈਟ ਬੁੱਕ ਕਰਵਾ ਰਿਹਾ ਸੀ ਅਤੇ ਖਰਚੇ ਲਈ ਪੈਸੇ ਭੇਜ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - Breaking: ਸ਼ੁੱਭਕਰਨ ਦੇ ਕਤਲ ਦੇ ਮਾਮਲੇ 'ਚ FIR ਦਰਜ, ਸ਼ੁਰੂ ਹੋਇਆ ਪੋਸਟਮਾਰਟਮ, ਅੱਜ ਹੋਵੇਗਾ ਸਸਕਾਰ (ਵੀਡੀਓ)

ਪਹਿਲਾਂ ਵੀ ਆਏ ਸਨ ਕਲੱਬ ’ਚ ਫਾਇਰਿੰਗ ਕਰਨ, ਪੁਲਸ ਨੇ ਨਹੀਂ ਕੀਤਾ ਸੀ ਮਾਮਲਾ ਦਰਜ

ਐੱਸ.ਪੀ. ਕੇਤਨ ਨੇ ਦੱਸਿਆ ਕਿ ਮੁਲਜ਼ਮ ਟਾਈਗਰ ਨੇ ਵਿੱਕੀ ਚੌਟਾਨ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ-7 ਸਥਿਤ ਕਲਚ ਕਲੱਬ ਵਿਚ ਫਾਇਰਿੰਗ ਕੀਤੀ ਸੀ। ਉਸ ਸਮੇਂ ਗੋਲੀਬਾਰੀ ਦੌਰਾਨ ਗੋਲ਼ੀ ਪਿਸਤੌਲ ਵਿਚ ਗਈ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਉਨ੍ਹਾਂ ਨੇ ਕਲੱਬ ਮਾਲਕ ਤੋਂ ਰੰਗਦਾਰੀ ਮੰਗਣੀ ਸੀ। ਗੈਂਗਸਟਰ ਕਾਲਾ ਰਾਣਾ ਦੇ ਭਰਾ ਗਿੱਲ ਰਾਣਾ ਨੇ ਹਥਿਆਰ ਤੇ ਗੱਡੀਆਂ ਮੁਹੱਈਆ ਕਰਵਾਈਆਂ ਸਨ। ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ, ਪਰ ਸੈਕਟਰ-26 ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰਨ ਦੀ ਬਜਾਏ ਇਸ ਨੂੰ ਦਬਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News