ਅੱਜ ਵੀ ਟਲ ਸਕਦੈ ਐਨਕਾਊਂਟਰ ''ਚ ਮਾਰੇ ''ਜੈਪਾਲ'' ਦਾ ਅੰਤਿਮ ਸੰਸਕਾਰ, ਹਾਈਕੋਰਟ ਦਾ ਰੁਖ ਕਰੇਗਾ ਪਰਿਵਾਰ
Monday, Jun 14, 2021 - 02:12 PM (IST)
ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ) : ਕੋਲਕਾਤਾ ਵਿਚ ਪੁਲਸ ਵੱਲੋਂ ਐਨਕਾਊਂਟਰ ’ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਅੱਜ ਵੀ ਟਲ ਸਕਦਾ ਹੈ ਕਿਉਂਕਿ ਜੈਪਾਲ ਦੇ ਪਰਿਵਾਰ ਵੱਲੋਂ ਉਸ ਦੇ ਦੁਬਾਰਾ ਪੋਸਟਮਾਰਟਮ ਲਈ ਹਾਈਕੋਰਟ ਦਾ ਰੁਖ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜੈਪਾਲ ਦੀ ਲਾਸ਼ ਬੀਤੀ ਦੇਰ ਸ਼ਾਮ ਉਸ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ (ਸੇਵਾ ਮੁਕਤ ਪੁਲਸ ਇੰਸਪੈਕਟਰ) ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਸਥਿਤ ਆਪਣੇ ਘਰ ਲਿਆਂਦੀ ਗਈ। ਜੈਪਾਲ ਦਾ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾਣਾ ਸੀ।
ਜਦੋਂ ਸੰਸਕਾਰ ਦੀ ਤਿਆਰੀ ਕਰਦੇ ਹੋਏ ਉਸ ਦੀ ਲਾਸ਼ ਨੂੰ ਨੁਹਾਇਆ ਜਾ ਰਿਹਾ ਸੀ ਤਾਂ ਜੈਪਾਲ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ ਅਤੇ ਉਸ ਦੀ ਬਾਂਹ ਟੁੱਟੀ ਹੋਈ ਸੀ, ਜਿਸ ’ਤੇ ਉਸਦੇ ਪਿਤਾ ਨੇ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਾਕਟਰਾਂ ਦੇ ਬੋਰਡ ਤੋਂ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤਕ ਉਸ ਦੇ ਬੇਟੇ ਦਾ ਡਾਕਟਰਾਂ ਦੀ ਇਕ ਕਮੇਟੀ ਪਾਸੋਂ ਵੀਡੀਓਗ੍ਰਾਫੀ ਕਰਦੇ ਹੋਏ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਤੈਅ ਸਮੇਂ ਤੋਂ ਪਹਿਲਾਂ ਪੁੱਜਾ 'ਮਾਨਸੂਨ', ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ
ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮੌਤ ਦੀ ਜਗ੍ਹਾ ਕਲਕੱਤਾ ਹੋਣ ਕਾਰਨ, ਅਧਿਕਾਰ ਖੇਤਰ ਵੱਖ ਹੋਣ ਕਾਰਨ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮਨਜ਼ੂਰੀ ਦੇਣ ਸਬੰਧੀ ਅਸਮਰੱਥਾ ਪ੍ਰਗਟਾਈ ਗਈ ਤਾਂ ਜੈਪਾਲ ਦੇ ਪਿਤਾ ਨੇ ਕਿਹਾ ਕਿ ਉਹ ਪੋਸਟਮਾਰਟਮ ਦੀ ਮਨਜ਼ੂਰੀ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾਣਗੇ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਥਿਤ ਤੌਰ ’ਤੇ ਉਸਦੇ ਬੇਟੇ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਭਿਆਨਕ ਹਾਦਸੇ ਨੇ ਤਬਾਹ ਕੀਤਾ ਪਰਿਵਾਰ, ਮਾਂ-ਧੀ ਦੀ ਮੌਤ, ਪਿਓ ਦੀ ਹਾਲਤ ਗੰਭੀਰ
ਉਨ੍ਹਾਂ ਕਿਹਾ ਕਿ ਜਦ ਉਹ ਲਾਸ਼ ਲੈਣ ਕੋਲਕਾਤਾ ਗਏ ਤਾਂ ਉਨ੍ਹਾਂ ਨੂੰ ਕੁੱਝ ਲੋਕਾਂ ਨੇ ਦੱਸਿਆ ਕਿ ਪੁਲਸ ਪਹਿਲਾਂ ਜੈਪਾਲ ਅਤੇ ਉਸਦੇ ਸਾਥੀ ਨੂੰ ਚੁੱਕ ਕੇ ਲੈ ਗਈ ਸੀ ਤੇ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਅਤੇ ਫਿਰ ਇਕ ਸਾਜ਼ਿਸ਼ ਦੇ ਤਹਿਤ ਇਕ ਕਹਾਣੀ ਬਣਾ ਕੇ ਜੈਪਾਲ ਅਤੇ ਉਸਦੇ ਸਾਥੀ ਦਾ ਕਤਲ ਕਰ ਦਿੱਤਾ ਗਿਆ। ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਲਈ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ ਪਰ ਉਹ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ, ਜਦੋਂ ਤਕ ਉਸਦੇ ਬੇਟੇ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋ ਜਾਂਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ