ਸੈਲਾਨੀਆਂ ਦੀ ਟੈਕਸੀ ਖੋਹਣ ਦੇ ਦੋਸ਼ ’ਚ ਗੈਂਗਸਟਰ ਗੁਰਜਿੰਦਰ ਸਿੰਘ ਗਿੰਦਾ ਸਣੇ 5 ਗ੍ਰਿਫ਼ਤਾਰ

Friday, Jun 16, 2023 - 06:28 PM (IST)

ਸੈਲਾਨੀਆਂ ਦੀ ਟੈਕਸੀ ਖੋਹਣ ਦੇ ਦੋਸ਼ ’ਚ ਗੈਂਗਸਟਰ ਗੁਰਜਿੰਦਰ ਸਿੰਘ ਗਿੰਦਾ ਸਣੇ 5 ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ)-ਸ਼੍ਰੀਨਗਰ ਘੁੰਮ ਕੇ ਵਾਪਸ ਆ ਰਹੀ ਸਵਿਫਟ ਕਾਰ ਖੋਹਣ ਦੇ ਦੋਸ਼ ’ਚ ਪੁਲਸ ਨੇ ਬੀ-ਕੈਟਾਗਰੀ ਦੇ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਗਿੰਦਾ ਸਣੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਖੋਹੀ ਗਈ ਸਵਿਫਟ ਕਾਰ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਸੀ. (ਆਪ੍ਰੇਸ਼ਨ) ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਟੈਕਸੀ ਚਲਾਉਣ ਵਾਲਾ ਵਿਜੈ ਕੁਮਾਰ ਪੁੱਤਰ ਗਿਰੀ ਰਾਜ ਵਾਸੀ ਫਰੀਦਕੋਟ (ਹਰਿਆਣਾ) ਬੀਤੀ 14 ਜੂਨ ਨੂੰ ਆਪਣੀ ਪ੍ਰਾਈਵੇਟ ਸਵਿਫਟ ਕਾਰ ’ਚ ਸਵਾਰੀਆਂ ਨੂੰ ਲੈ ਕੇ ਸ਼੍ਰੀਨਗਰ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਕਿ ਰਾਤ ਤਕਰੀਬਨ ਸਾਢੇ 8 ਵਜੇ ਸਵਾਰੀਆਂ ਦੇ ਕਹਿਣ ’ਤੇ ਖਾਣਾ ਖਾਣ ਲਈ ਬਲਾਚੌਰ ਸਥਿਤ ਇਕ ਹੋਟਲ ਵਿਖੇ ਰੁਕੇ।

ਕਾਰ ਵਿਚ ਸਵਾਰ ਸਵਾਰੀਆਂ ਰਾਤ ਆਰਾਮ ਕਰਨ ਲਈ ਹੋਟਲ ਵਿਚ ਸਥਿਤ ਕਮਰੇ ਵਿਚ ਚਲੇ ਗਏ ਅਤੇ ਉਕਤ ਟੈਕਸੀ ਚਾਲਕ ਆਪਣੀ ਕਾਰ ਵਿਚ ਹੀ ਬੈਠਾ ਸੀ ਕਿ 2 ਨੌਜਵਾਨਾਂ ਨੇ ਉਸ ਕੋਲ ਆ ਕੇ ਗੋਲੀ ਮਾਰਨ ਦਾ ਡਰ ਦਿਖਾ ਕੇ ਉਸ ਦੀ ਸਵਿਫਟ ਕਾਰ ਨੂੰ ਖੋਹ ਕੇ ਫਰਾਰ ਹੋ ਗਏ। ਐੱਸ. ਪੀ. ਡਾ. ਮੁਕੇਸ਼ ਨੇ ਦੱਸਿਆ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਣਕਾਰੀ ਮਿਲਣ ’ਤੇ ਤੁਰੰਤ ਬਾਅਦ ਐੱਸ. ਐੱਚ. ਓ. ਥਾਣਾ ਬਲਾਚੌਰ ਸਣੇ ਹੋਰ ਪੁਲਸ ਅਫ਼ਸਰ ਮੌਕੇ ’ਤੇ ਪਹੁੰਚ ਗਏ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਅਪਰਾਧੀਆਂ ਦੀ ਧਰ ਪਕੜ ਲਈ ਵੱਖ-ਵੱਖ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਪਿੰਡ ਜੈਨਪੁਰ ਦੀ ਹੱਦ ਵਿਚ ਕਾਰ ਨੂੰ ਖੋਹਣ ਲਈ 4 ਦੋਸ਼ੀਆਂ, ਜਿਸ ਵਿਚ ਗਿਰੋਹ ਦਾ ਸਰਗਣਾ ਗੁਰਜਿੰਦਰ ਸਿੰਘ ਉਰਫ ਗਿੰਦਾ ਪੁੱਤਰ ਜੁਝਾਰ ਸਿੰਘ ਵਾਸੀ ਪਿੰਡ ਮਹਿਦਪੁਰ ਥਾਣਾ ਬਲਾਚੌਰ, ਗੁਰਦੀਪ ਸਿੰਘ, ਉਰਫ ਦੀਪ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭਾਰਾਪੁਰ, ਪ੍ਰਦੀਪ ਕੁਮਾਰ ਉਰਫ ਅੰਬੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬੱਕਾਪੁਰ, ਗੁਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਹਿੰਦੀਪੁਰ ਥਾਣਾ ਬਲਾਚੌਰ ਅਤੇ ਬਲਤੇਜ ਸਿੰਘ ਉਰਫ ਤੇਜ਼ਾ ਪੁੱਤਰ ਚੈਂਚਲ ਸਿੰਘ ਵਾਸੀ ਜਨੇਤਪੁਰ ਥਾਣਾ ਜਗਰਾਓਂ ਸ਼ਾਮਲ ਹਨ।

ਗਿਰੋਹ ਦੇ ਸਰਗਣਾ ਗੁਰਜਿੰਦਰ ਸਿੰਘ ਖਿਲਾਫ ਕਤਲ ਸਣੇ ਦਰਜ ਨੇ 17 ਅਪਰਾਧਿਕ ਮਾਮਲੇ

ਐੱਸ. ਪੀ. ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਗਿਰੋਹ ਦਾ ਮੁਖੀ ਗੁਰਜਿੰਦਰ ਸਿੰਘ ਬੀਤੇ ਮਹੀਨਿਆਂ ਵਿਚ ਪੁਲਸ ਮੁੱਠਭੇੜ ’ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦਾ ਸਕਾ ਭਰਾ ਹੈ, ਵੀ ਬੀ-ਕੈਟਾਗਰੀ ਦਾ ਗੈਂਗਸਟਰ ਹੈ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿਚੋਂ ਸਜ਼ਾ ਕੱਟ ਕੇ ਬਾਹਰ ਆਇਆ ਹੈ। ਡਾ. ਮੁਕੇਸ਼ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਗ੍ਰਿਫ਼ਤਾਰ ਮੁਲਜ਼ਮਾਂ ਨੇ ਮਿਲ ਕੇ ਕੋਈ ਵਾਹਨ ਖੋਹਣ ਦੀ ਯੋਜਨਾ ਤਿਆਰ ਕੀਤੀ ਸੀ ਅਤੇ ਉਸ ਨੂੰ ਅੰਜਾਮ ਦਿੱਤਾ ਗਿਆ ਸੀ।

ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਗੁਰਜਿੰਦਰ ਸਿੰਘ ਨੇ ਜੇਲ੍ਹ ਵਿਚ ਰਹਿਣ ਦੌਰਾਨ ਕਈ ਗੈਂਗਸਟਰਾਂ ਖਿਲਾਫ਼ ਪੋਸਟਾਂ ਸ਼ੇਅਰ ਕੀਤੀਆਂ ਸਨ ਅਤੇ ਉਸ ਨੂੰ ਡਰ ਸੀ ਕਿ ਉਸ ਨੂੰ ਉਕਤ ਗੈਂਗਸਟਰ ਕੋਈ ਜਾਨੀ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਲਈ ਆਪਣੀ ਮੂਵਮੈਂਟ ਬਣਾਈ ਰੱਖਣ ਲਈ ਉਸ ਨੇ ਸਾਥੀਆਂ ਨਾਲ ਮਿਲ ਕੇ ਵਾਹਨ ਖੋਹਣ ਦੀ ਯੋਜਨਾ ਤਿਆਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਣਾ ’ਤੇ ਇਸ ਤੋਂ ਪਹਿਲਾਂ ਕਤਲ ਦੇ ਮਾਮਲੇ ਸਣੇ ਕੁੱਲ 16 ਮਾਮਲੇ ਦਰਜ ਸਨ। ਗ੍ਰਿਫ਼ਤਾਰ ਪ੍ਰਦੀਪ ਕੁਮਾਰ ਅਤੇ ਗੁਰਜੀਤ ਸਿੰਘ ਖਿਲਾਫ਼ 1-1 ਅਪਰਾਧਿਕ ਮਾਮਲਾ ਦਰਜ ਹੈ। ਇਸ ਮੌਕੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ, ਪ੍ਰੋਬੇਸ਼ਨਲ ਡੀ. ਐੱਸ. ਪੀ. ਜਤਿੰਦਰ ਚੌਹਾਨ, ਐੱਸ. ਆਈ. ਜਰਨੈਲ ਸਿੰਘ ਤੋਂ ਇਲਾਵਾ ਹੋਰ ਪੁਲਸ ਅਫ਼ਸਰ ਅਤੇ ਮੁਲਾਜ਼ਮ ਮੌਜੂਦ ਸਨ।


author

Manoj

Content Editor

Related News