ਗੈਂਗਸਟਰ ਗੱਗੀ ਨੂੰ ਪੇਸ਼ੀ ਦੌਰਾਨ ਭਜਾ ਕੇ ਲਿਜਾਣ ਵਾਲੇ ਕਾਬੂ, ਟਲੀ ਵੱਡੀ ਵਾਰਦਾਤ

12/24/2019 12:45:28 PM

ਲੁਧਿਆਣਾ (ਰਿਸ਼ੀ) : 10 ਦਿਨ ਪਹਿਲਾਂ ਪੇਸ਼ੀ ਤੋਂ ਬਾਅਦ ਬਠਿੰਡਾ ਜੇਲ ਵਾਪਸ ਜਾਂਦੇ ਸਮੇਂ ਸੰਗਰੂਰ ਵਿਚ ਪੁਲਸ ਮੁਲਾਜ਼ਮ ਦੀ ਲੱਤ ਵਿਚ ਗੋਲੀ ਮਾਰ ਕੇ ਗੈਂਗਸਟਰ ਭਗਵਾਨ ਸਿੰਘ ਉਰਫ ਗੱਗੀ ਨੂੰ ਭਜਾ ਕੇ ਲਿਜਾਣ ਵਾਲੇ 2 ਨੌਜਵਾਨਾਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਦਬੋਚ ਲਿਆ ਹੈ, ਜਦੋਂਕਿ ਸਰਗਣਾ ਜਬਰਾ ਸਮੇਤ 3 ਸਾਥੀ ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਸਾਰੇ ਬਲਾਕ-ਬੀ, ਅਗਰ ਨਗਰ ਵਿਚ ਬੈਠ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੂੰ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਉਪਰੋਕਤ ਜਾਣਕਾਰੀ ਡੀ. ਸੀ. ਪੀ. ਢੀਂਡਸਾ, ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਨੇ ਪੱਤਰਕਾਰ ਨੂੰ ਦਿੱਤੀ।

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਕੁੱਟ-ਮਾਰ, ਲੁੱਟ-ਖੋਹ ਦੇ ਕਈ ਕੇਸ ਦਰਜ ਹਨ। ਜਬਰਾ ਗੈਂਗ ਦਾ ਸਰਗਣਾ ਹੈ, ਜੋ ਪਹਿਲਾਂ ਗੈਂਗਸਟਰ ਬੰਬੀਹਾ ਨਾਲ ਹੁੰਦਾ ਸੀ ਪਰ ਉਸ ਦੀ ਮੌਤ ਤੋਂ ਬਾਅਦ ਖੁਦ ਦਾ ਗੈਂਗ ਬਣਾ ਲਿਆ। ਭਗਵਾਨ ਸਿੰਘ ਇਨ੍ਹਾਂ ਦੇ ਗੈਂਗ ਦਾ ਮੈਂਬਰ ਹੈ, ਜਿਸ 'ਤੇ ਕਈ ਕੇਸ ਦਰਜ ਹਨ ਅਤੇ ਬਠਿੰਡਾ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਜਬਰਾ ਦੇ ਕਹਿਣ 'ਤੇ ਹੀ ਸਾਰਿਆਂ ਨੇ ਮਿਲ ਕੇ ਉਸ ਨੂੰ ਭਜਾ ਕੇ ਲਿਜਾਣ ਦੀ ਯੋਜਨਾ ਬਣਾਈ, ਜਿਸ ਕਾਰਨ ਬੀਤੀ 12 ਦਸੰਬਰ ਨੂੰ ਮੋਗਾ ਵਿਚ ਮਾਰੂਤੀ ਦੇ ਸ਼ੋਅਰੂਮ ਤੋਂ ਫਿਲਮੀ ਸਟਾਈਲ ਵਿਚ ਬ੍ਰੀਜ਼ਾ ਕਾਰ ਚੋਰੀ ਕੀਤੀ।

ਕਾਰ ਲੈ ਕੇ ਜਦੋਂ ਸ਼ੋਅਰੂਮ ਤੋਂ ਬਾਹਰ ਨਿਕਲ ਰਹੇ ਸਨ ਤਾਂ ਸਕਿਓਰਿਟੀ ਗਾਰਡ ਦੇ ਰੋਕਣ 'ਤੇ ਉਨ੍ਹਾਂ ਨੇ ਖੁਦ ਦੀ ਕਾਰ ਦੱਸ ਕੇ ਗੱਲਾਂ ਵਿਚ ਲਾ ਲਿਆ, ਜਿਸ ਤੋਂ 1 ਦਿਨ ਬਾਅਦ ਜਦੋਂ ਪੁਲਸ ਮੁਲਾਜ਼ਮ ਸੰਗਰੂਰ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਵਾਪਸ ਲਿਜਾ ਰਿਹਾ ਸੀ ਤਾਂ ਰਸਤੇ ਵਿਚ ਮੁਲਾਜ਼ਮ 'ਤੇ ਗੋਲੀਆਂ ਦਾਗ ਕੇ ਹਥਕੜੀ ਸਮੇਤ ਆਪਣੇ ਸਾਥੀ ਨੂੰ ਛੁਡਾ ਕੇ ਲੈ ਗਏ, ਜਿਸ ਤੋਂ ਬਾਅਦ ਪੰਜਾਬ ਭਰ ਵਿਚ ਹਾਈ ਅਲਰਟ ਕਰ ਦਿੱਤਾ ਗਿਆ। ਪੁਲਸ ਮੁਤਾਬਕ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ 'ਤੇ ਪੁਲਸ ਬਾਰੀਕੀ ਨਾਲ ਪੁੱਛਗਿਛ ਕਰ ਰਹੀ ਹੈ, ਨਾਲ ਹੀ ਫਰਾਰ ਸਾਥੀਆਂ ਅਤੇ ਗੈਂਗਸਟਰ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਜਾਰੀ ਹੈ।


Gurminder Singh

Content Editor

Related News