ਹੁਸ਼ਿਆਰਪੁਰ ਪੁਲਸ ਦੀ ਵੱਡੀ ਸਫ਼ਲਤਾ, ਨਾਮੀ ਗੈਂਗਸਟਰ ਦੋ ਸਾਥੀਆਂ ਸਣੇ ਹਥਿਆਰਾਂ ਨਾਲ ਯੂ. ਪੀ. ਤੋਂ ਗ੍ਰਿਫ਼ਤਾਰ
Monday, May 31, 2021 - 05:26 PM (IST)
ਹੁਸ਼ਿਆਰਪੁਰ- ਜੁਰਮਾਂ ਨੂੰ ਰੋਕਣ ਅਤੇ ਭੈੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੁਲਸ ਵੱਲੋਂ ਨਾਮੀ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਸੋਨੂੰ ਰੋੜ ਮਜਾਰੀਆ ਨੂੰ ਦੋ ਸਾਥੀਆਂ ਸਮੇਤ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਸਥਾਨਕ ਪੁਲਸ ਲਾਈਨ ਵਿਖੇ ਜਾਣਕਾਰੀ ਦਿੰਦੇ ਦੱਸਿਆ ਕਿ ‘ਏ’ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਸੋਨੂੰ ਰੋੜ ਮਜਾਰੀਆ ਦੇ ਨਾਲ ਫੜੇ ਗਏ ਉਸ ਦੇ ਦੋ ਸਾਥੀਆਂ ਦੀ ਸ਼ਨਾਖ਼ਤ ਯੋਗੇਸ਼ ਕੁਮਾਰ ਉਰਫ਼ ਮੋਨੂੰ ਵਾਸੀ ਦਾਰਾਪੁਰ ਅਤੇ ਗੁਰਜੀਤ ਸਿੰਘ ਵਾਸੀ ਟਾਈ ਥਾਣਾ ਤਿਲਹਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅਸ਼ਵਨੀ ਸੇਖੜੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਹਰੀਸ਼ ਰਾਵਤ ਨੇ ਦਿੱਤਾ ਠੋਕਵਾਂ ਜਵਾਬ (ਵੀਡੀਓ)
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਖ਼ੁਫ਼ੀਆ ਅਤੇ ਤਕਨੀਕੀ ਸੂਤਰਾਂ ਦੀ ਜਾਣਕਾਰੀ ਉਪਰੰਤ ਐੱਸ. ਪੀ. ਪੀ. ਬੀ. ਆਈ. ਮਨਦੀਪ ਸਿੰਘ ਦੀ ਨਿਗਰਾਨੀ ‘ਚ ਏ. ਐੱਸ. ਪੀ. ਗੜਸ਼ੰਕਰ ਤੁਸ਼ਾਰ ਗੁਪਤਾ ਅਤੇ ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਉੱਤਰ ਪ੍ਰਦੇਸ਼ ਤੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਹਫ਼ਤਿਆਂਬੱਧੀ ਯੋਜਨਾ ਅਤੇ ਤਿੰਨ ਦਿਨ ਚੱਲੇ ਆਪਰੇਸ਼ਨ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ 7 ਪਿਸਤੌਲਾਂ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਓਲੰਪਿਕ ਕੁਆਲੀਫਾਈ ਕਰਨ ਲਈ ਖੇਤਾਂ ’ਚ ਪਸੀਨਾ ਵਹਾ ਕੇ ਇੰਝ ਪ੍ਰੈੱਕਟਿਸ ਕਰ ਰਹੇ ਨੇ ਸੂਬੇ ਦੇ ਖ਼ਿਡਾਰੀ
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਆਬਾ ਖੇਤਰ ਵਿੱਚਲੇ ਨਾਮੀ ਗੈਂਗਸਟਰ ਸੋਨੂੰ ਰੋੜ ਮਜਾਰੀਆ ਦੀ ਕਪੂਰਥਲਾ ਜੇਲ੍ਹ ਵਿੱਚ ਇਕ ਹੋਰ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਪ੍ਰੀਤ ਸੇਖੋਂ, ਜਿਸਨੇ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਵਿੱਚ ਕਤਲ ਅਤੇ ਗੋਲ਼ੀਆਂ ਚਲਾ ਕੇ ਦਹਿਸ਼ਤ ਮਚਾਈ ਸੀ ਅਤੇ ਦੋਵਾਂ ਨੇ ਮਿਲ ਕੇ ਧਰਮਿੰਦਰ ਸਿੰਘ ਵਾਸੀ ਕੁਨੈਲ ਥਾਣਾ ਗੜਸ਼ੰਕਰ ਅਤੇ ਅੰਮ੍ਰਿਤਸਰ ਵਿਖੇ ਜੱਗਾ ਬਾਊਂਸਰ ਨਾਮੀ ਵਿਅਕਤੀ ਦਾ ਕਤਲ ਕੀਤਾ ਸੀ।
ਇਹ ਵੀ ਪੜ੍ਹੋ: 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿੱਛੇ ਜਿਹੇ ਪਿੰਡ ਕੁੱਕੜ ਮਜਾਰਾ ਵਿਖੇ ਪੈਟਰੋਲ ਪੰਪ ਦੀ ਭੰਨਤੋੜ ਅਤੇ ਪਿੰਡ ਗੜ੍ਹੀ ਮੰਟੋ ਵਿਖੇ ਗੋਲੀ ਚੱਲਣ ਵਾਲੀ ਘਟਨਾ ਵਿੱਚ ਵੀ ਸੋਨੂੰ ਰੋੜ ਮਜਾਰੀਆ ਦਾ ਨਾਂ ਸਾਹਮਣੇ ਆ ਰਿਹਾ ਸੀ, ਜਿਸ ਬਾਰੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਖ਼ਿਲਾਫ਼ ਥਾਣਾ ਗੜਸ਼ੰਕਰ ਵਿੱਚ 5 ਅਤੇ ਅੰਮ੍ਰਿਤਸਰ ਵਿਖੇ ਇਕ ਮਾਮਲਾ ਦਰਜ ਹੈ। ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗੜ੍ਹਸ਼ੰਕਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਦਾ 5 ਦਿਨ ਦਾ ਰਿਮਾਂਡ ਦਿੱਤਾ ਗਿਆ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ