ਜਦੋਂ ਗੈਂਗਸਟਰਾਂ ਨੇ ਸੋਸ਼ਲ ਮੀਡੀਆ ''ਤੇ ਲਿਖਿਆ, ''ਗੈਂਗਸਟਰ ਤੋਂ ਅੱਤਵਾਦੀ ਬਣਨ ''ਚ ਸਮਾਂ ਨਹੀਂ ਲਗਦੈ''

11/14/2017 9:14:19 AM

ਲੁਧਿਆਣਾ (ਪੰਕਜ)-ਆਈ. ਐੱਸ. ਆਈ. ਦੇ ਹੁਕਮਾਂ 'ਤੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਵੱਲੋਂ ਪੰਜਾਬ ਦੇ ਗੈਂਗਸਟਰਾਂ ਨਾਲ ਸੰਪਰਕ ਸਥਾਪਤ ਕਰ ਕੇ ਰਾਜ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਤਹਿਤ ਕਰਵਾਏ ਹਿੰਦੂ ਆਗੂਆਂ ਦੇ ਕਤਲਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੰਜਾਬ ਪੁਲਸ ਅਤੇ ਵੱਖ-ਵੱਖ ਏਜੰਸੀਆਂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਪੂਰੇ ਨੈੱਟਵਰਕ ਨੂੰ ਚੈੱਕ ਕਰਨ ਵਿਚ ਜੁਟੀਆਂ ਹੋਈਆਂ ਹਨ।
ਅਜਿਹੇ ਵਿਚ ਪੁਲਸ ਦਾ ਧਿਆਨ ਅਰਸੇ ਪਹਿਲਾਂ ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਪਾਈਆਂ ਉਨ੍ਹਾਂ ਪੋਸਟਾਂ 'ਤੇ ਵੀ ਗਿਆ, ਜਿਨ੍ਹਾਂ ਵਿਚ ਉਨ੍ਹਾਂ ਨੇ ਗੈਂਗਸਟਰ ਤੋਂ ਅੱਤਵਾਦੀ ਬਣਨ ਵਿਚ ਜ਼ਿਆਦਾ ਸਮਾਂ ਨਾ ਲੱਗਣ ਦਾ ਦਾਅਵਾ ਕੀਤਾ ਸੀ ਅਤੇ ਪੋਸਟ ਦੇ ਥੱਲੇ ਹਜ਼ਾਰਾਂ ਲਾਈਕਸ ਅਤੇ ਕੁਮੈਂਟਸ ਆਏ ਸਨ। ਪੰਜਾਬ ਵਿਚ ਪੈਰ ਜਮ੍ਹਾ ਚੁੱਕੇ ਵੱਖ-ਵੱਖ ਗੈਂਗਸਟਰ ਗਰੁੱਪਾਂ ਵੱਲੋਂ ਦਬਦਬਾ ਕਾਇਮ ਰੱਖਣ ਦੀ ਜੰਗ ਵਿਚ ਧੜਾਧੜ ਇਕ-ਦੂਜੇ ਦੇ ਬੇਦਰਦੀ ਨਾਲ ਕਤਲ ਕਰ ਕੇ ਬਾਕਾਇਦਾ ਸੋਸ਼ਲ ਮੀਡੀਆ 'ਤੇ ਇਕਰਾਰ-ਏ-ਜੁਰਮ ਕੀਤਾ ਜਾ ਰਿਹਾ ਸੀ ਅਤੇ ਇਨ੍ਹਾਂ ਖਿਲਾਫ ਸਰਗਰਮ ਹੋਈਆਂ ਪੰਜਾਬ ਪੁਲਸ ਦੀਆਂ ਟੀਮਾਂ, ਜਿਨ੍ਹਾਂ ਦੀ ਅਗਵਾਈ ਜਾਂਬਾਜ਼ ਅਧਿਕਾਰੀ ਕਰ ਰਹੇ ਸਨ, ਜਿਨ੍ਹਾਂ ਨੇ ਨਾਮੀ ਗੈਂਗਸਟਰਾਂ ਦਾ ਮੁਕਾਬਲਾ ਕਰਨ ਤੋਂ ਇਲਾਵਾ ਵੱਡੇ ਪੱਧਰ 'ਤੇ ਫੜੋ-ਫੜੀ ਸ਼ੁਰੂ ਕੀਤੀ ਹੋਈ ਸੀ। ਉਦੋਂ ਇਕ ਨਾਮੀ ਗੈਂਗਸਟਰ ਨੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਗੈਂਗਸਟਰ ਤੋਂ ਅੱਤਵਾਦੀ ਬਣਨ ਵਿਚ ਸਮਾਂ ਨਹੀਂ ਲਗਦਾ। ਇਸ ਲਈ ਪੁਲਸ ਉਸ ਦੇ ਬੇਗੁਨਾਹ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤੰਗ-ਪ੍ਰੇਸ਼ਾਨ ਨਾ ਕਰੇ। 
ਜਿਸ ਸਮੇਂ ਇਹ ਪੋਸਟ ਚਰਚਾ ਵਿਚ ਆਈ, ਉਸ ਦੌਰਾਨ ਹੀ ਆਈ. ਐੱਸ. ਆਈ. ਵਿਦੇਸ਼ਾਂ ਵਿਚ ਸਰਗਰਮ ਅੱਤਵਾਦੀਆਂ, ਗਰਮਖਿਆਲੀ ਨੌਜਵਾਨਾਂ ਅਤੇ ਗੈਂਗਸਟਰਾਂ ਦੀ ਜੁਗਲਬੰਦੀ ਨਾਲ ਪੰਜਾਬ ਵਿਚ ਹਾਈਪ੍ਰੋਫਾਈਲ ਕਤਲਾਂ ਦਾ ਦੌਰ ਸ਼ੁਰੂ ਹੋਇਆ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਸ ਅਤੇ ਏਜੰਸੀਆਂ ਆਈ. ਐੱਸ. ਆਈ. ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋਣ 'ਤੇ ਉਨ੍ਹਾਂ ਦੇ ਪੂਰੇ ਤੰਤਰ ਨੂੰ ਨਸ਼ਟ ਕਰਨ ਵਿਚ ਜੁਟ ਗਈਆਂ ਹਨ। ਖਾਸ ਕਰ ਕੇ ਅੱਤਵਾਦੀਆਂ ਦੇ ਸਲੀਪਰ ਸੈੱਲ ਦਾ ਲੱਕ ਤੋੜਨਾ ਪੁਲਸ ਦਾ ਮੁੱਖ ਨਿਸ਼ਾਨਾ ਹੈ। ਅਜਿਹੇ ਵਿਚ ਪੁਲਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਹੋਈਆਂ ਅਜਿਹੀਆਂ ਸਾਰੀਆਂ ਪੋਸਟਾਂ ਨੂੰ ਵੀ ਗੰਭੀਰਤਾ ਨਾਲ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਖਾਸਕਰ ਪੋਸਟਾਂ 'ਤੇ ਆਪਣੀ ਗਰਮ ਪ੍ਰਤੀਕਿਰਿਆ ਦੇਣ ਵਾਲੇ ਸ਼ੱਕੀ ਨਿਸ਼ਾਨੇ 'ਤੇ ਹਨ।

ਗੌਂਡਰ ਤੇ ਜੈਪਾਲ ਦੀ ਭਾਲ ਸ਼ੁਰੂ
ਪੂਰੇ ਨੈੱਟਵਰਕ ਨੂੰ ਤਹਿਤ ਨਹਿਸ ਕਰਨ ਦੀ ਪ੍ਰਕਿਰਿਆ ਵਿਚ ਜੁਟੀ ਪੰਜਾਬ ਪੁਲਸ ਦੇ ਨਿਸ਼ਾਨੇ 'ਤੇ ਪੰਜਾਬ ਦੇ ਦੋ ਨਾਮੀ ਗੈਂਗਸਟਰਾਂ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਹਨ। ਹਾਈ ਸਕਿਓਰਟੀ ਨਾਭਾ ਜੇਲ ਤੋੜ ਕੇ ਫਰਾਰ ਹੋਣ ਵਾਲੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਰੌਕੀ ਦਾ ਕਤਲ ਕਰਨ ਵਾਲੇ ਖਤਰਨਾਕ ਗੈਂਗਸਟਰ ਜੈਪਾਲ ਮੁੱਖ ਰੂਪ ਨਾਲ ਪੁਲਸ ਦੇ ਨਿਸ਼ਾਨੇ 'ਤੇ ਹਨ, ਕਿਉਂਕਿ ਰਾਜ ਵਿਚ ਸਰਗਰਮ ਵੱਖ-ਵੱਖ ਗੈਂਗਸਟਰ ਗਰੁੱਪਾਂ ਦੇ ਜ਼ਿਆਦਾਤਰ ਲੀਡਰ ਸਪੈਸ਼ਲ ਟਾਸਕ ਫੋਰਸ ਦੇ ਹੱਥੇ ਚੜ੍ਹ ਕੇ ਜੇਲ ਦੀ ਚਾਰਦੀਵਾਰੀ ਵਿਚ ਬੰਦ ਹਨ ਪਰ ਗੌਂਡਰ ਅਤੇ ਜੈਪਾਲ ਦਾ ਆਜ਼ਾਦ ਘੁੰਮਣਾ, ਜਿੱਥੇ ਕਾਨੂੰਨ ਵਿਵਸਥਾ ਲਈ ਖਤਰਾ ਬਣਿਆ ਹੋਇਆ ਹੈ, ਉਥੇ ਇਨ੍ਹਾਂ ਨੂੰ ਗ੍ਰਿਫਤਾਰ ਕਰਨਾ ਪੁਲਸ ਲਈ ਚੁਣੌਤੀ ਵਰਗਾ ਵੀ ਹੈ।
ਪਕੋਕਾ ਬਣੇਗਾ ਸਰਾਪ
ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਰਗਰਮ ਗੈਂਗਸਟਰਾਂ ਅਤੇ ਉਨ੍ਹਾਂ ਦੇ ਗਰੁੱਪਾਂ ਨੂੰ ਖਤਮ ਕਰਨ ਲਈ ਪਕੋਕਾ ਕਾਨੂੰਨ ਜਿੱਥੇ ਵਰਦਾਨ ਸਾਬਤ ਹੋਵੇਗਾ, ਉਥੇ ਕਾਨੂੰਨ ਵਿਵਸਥਾ ਨੂੰ ਟਿੱਚ ਜਾਣਨ ਵਾਲੇ ਅਪਰਾਧੀਆਂ ਲਈ ਇਹ ਕਾਨੂੰਨ ਸਰਾਪ ਸਿੱਧ ਹੋਵੇਗਾ, ਜਿਸ ਨੂੰ ਲਾਗੂ ਕਰਨ ਲਈ ਸਰਕਾਰ ਤਿਆਰੀ ਕਰ ਰਹੀ ਹੈ।


Related News