ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਅਸਲੇ ਸਮੇਤ 6 ਕਾਬੂ
Sunday, May 01, 2022 - 02:02 PM (IST)
ਮੋਗਾ (ਅਜ਼ਾਦ) : ਗਲਤ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਮੋਗਾ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਕੇ 6 ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ। ਜਿਨ੍ਹਾਂ ਦੇ ਖ਼ਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਦ ਸੀ.ਆਈ.ਏ. ਸਟਾਫ ਮੋਗਾ ਦੀ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਕਰਦੀ ਹੋਈ ਪਿੰਡ ਅਜੀਤਵਾਲ ਦੇ ਕੋਲ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੁਰਜੀਵਨ ਸਿੰਘ ਉਰਫ ਜੁਗਨੂੰ ਨਿਵਾਸੀ ਪਿੰਡ ਸਿੰਘਾਂਵਾਲਾ ਹਾਲ ਆਬਾਦ ਐੱਮ.ਪੀ. ਬਸਤੀ ਲੰਡੇਕੇ ਮੋਗਾ, ਮਨਪ੍ਰੀਤ ਸਿੰਘ ਉਰਫ ਪਾਵਰ ਨਿਵਾਸੀ ਦਸਮੇਸ਼ ਨਗਰ, ਅਕਾਸ਼ਦੀਪ ਸਿੰਘ ਉਰਫ ਅਰਸ਼ ਨਿਵਾਸੀ ਪਿੰਡ ਸਿੰਘਾਂਵਾਲਾ, ਸੁਖਜਿੰਦਰ ਸਿੰਘ ਨਿਵਾਸੀ ਪਿੰਡ ਦੁੱਨੇਕੇ, ਮਨਜੀਤ ਸਿੰਘ ਉਰਫ ਸਨੀ ਨਿਵਾਸੀ ਪਿੰਡ ਦਾਤਾ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਜੈ ਸਿੰਘ ਵਾਲਾ ਆਦਿ ਨੇ ਮਿਲ ਕੇ ਇਕ ਖਤਰਨਾਕ ਗਿਰੋਹ ਬਣਾਇਆ ਹੋਇਆ ਹੈ।
ਅੱਜ ਉਹ ਅਜੀਤਵਾਲ ਤੋਂ ਢੁੱਡੀਕੇ ਰੋਡ ’ਤੇ ਬਣੇ ਇਕ ਬੇਆਬਾਦ ਕਮਰੇ ਵਿਚ ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਦੇ ਕੋਲ ਅਸਲਾ ਅਤੇ ਤੇਜ਼ਧਾਰ ਹਥਿਆਰ ਵੀ ਹਨ। ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਛਾਮਾਮਾਰੀ ਕਰ ਕੇ ਉਕਤ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਜਾ ਦਬੋਚਿਆ। ਪੁਲਸ ਨੇ ਗੁਰਜੀਵਨ ਸਿੰਘ ਉਰਫ ਜੁਗਨੂੰ ਤੋਂ 32 ਬੋਰ ਰਿਵਾਲਵਰ ਸਮੇਤ ਦੋ ਕਾਰਤੂਸ, ਮਨਪ੍ਰੀਤ ਸਿੰਘ ਉਰਫ ਪਾਵਰ ਤੋਂ ਦੇਸੀ ਕੱਟਾ 315 ਬੋਰ ਸਮੇਤ ਇਕ ਕਾਰਤੂਸ, ਅਕਾਸ਼ਦੀਪ ਸਿੰਘ ਉਰਫ ਅਰਸ਼ ਤੋਂ 32 ਬੋਰ ਪਿਸਟਲ ਦੇਸੀ ਸਮੇਤ ਦੋ ਕਾਰਤੂਸ, ਸੁਖਜਿੰਦਰ ਸਿੰਘ ਤੋਂ ਇਕ 32 ਬੋਰ ਦੇਸੀ ਪਿਸਟਲ, ਦੋ ਕਾਰਤੂਸ, ਮਨਜੀਤ ਸਿੰਘ ਤੋਂ ਇਕ 32 ਬੋਰ ਪਿਸਟਲ ਮੇਡ ਇਨ ਇੰਗਲੈਂਡ ਸਮੇਤ ਦੋ ਕਾਰਤੂਸ, ਗੁਰਪ੍ਰੀਤ ਸਿੰਘ ਤੋਂ 315 ਬੋਰ ਦੇਸੀ ਕੱਟਾ ਸਮੇਤ ਇਕ ਕਾਰਤੂਸ ਬਰਾਮਦ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਪੁੱਛਗਿਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।