ਲੱਸੀ ’ਚ ਨਸ਼ਾ ਮਿਲਾ ਵਿਦੇਸ਼ੀ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ, ਇਕ ਮੁਲਜ਼ਮ ਕਾਬੂ
Sunday, Jun 14, 2026 - 12:49 AM (IST)
ਖਰੜ (ਰਣਬੀਰ) - ਖਰੜ ’ਚ ਇਕ ਵਿਦੇਸ਼ੀ ਲੜਕੀ ਨਾਲ ਸਮੂਹਿਕ ਜ਼ਬਰ-ਜ਼ਨਾਹ ਤੇ ਅਣਮਨੁੱਖੀ ਤਸ਼ੱਦਦ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਦੋਸ਼ ਹਨ ਕਿ ਲਾਇਬੇਰੀਆ ਨਾਲ ਸਬੰਧਤ 3 ਨੌਜਵਾਨ ਉਸ ਨੂੰ ਲੱਸੀ ’ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰਦੇ ਰਹੇ ਤੇ ਉਸ ਨਾਲ ਜਬਰ-ਜ਼ਨਾਹ ਕਰਦੇ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਬੰਨ੍ਹ ਕੇ ਰੱਖਿਆ ਗਿਆ ਅਤੇ ਪਿਘਲੀ ਮੋਮ ਨਾਲ ਹੱਥ-ਪੈਰ ਸਾੜ ਕੇ ਤਸੀਹੇ ਦਿੱਤੇ ਗਏ। ਸਦਰ ਖਰੜ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮਾਰਕ ਟੈਰੀਏਬੇ ਵਿਲਸਨ, ਥਾਮਸ ਐੱਚ. ਏ. ਗਾਰਵੋ ਤੇ ਹੈਸ਼ਲ ਟਾਰਪੇਹ ਉਰਫ਼ ਡੌਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਮੁੱਖ ਮੁਲਜ਼ਮ ਮਾਰਕ ਟੈਰੀਏਬੇ ਵਿਲਸਨ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ। ਬਾਕੀ ਦੋ ਮੁਲਜ਼ਮ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
