ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ''ਚ ਗਿਰੋਹ ਦਾ ਇਕ ਮੈਂਬਰ ਕਾਬੂ, 2 ਫਰਾਰ

Friday, Nov 22, 2019 - 04:52 PM (IST)

ਨਕੋਦਰ (ਪਾਲੀ) : ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਇਕ ਰਿਵਾਲਵਰ (ਦੇਸੀ ਕੱਟੇ) ਅਤੇ ਰੌਂਦ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਜਦਕਿ ਗਿਰੋਹ ਦੇ 2 ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਦੀ ਅਗਵਾਈ ਹੇਠ ਸਦਰ ਥਾਣਾ ਮੁਖੀ ਨਕੋਦਰ ਸਿਕੰਦਰ ਸਿੰਘ, ਏ. ਐੱਸ. ਆਈ. ਜਗਦੇਵ ਸਿੰਘ ਅਤੇ ਹੋਰ ਸਾਥੀ ਕਰਮਚਾਰੀਆਂ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਪਵਨ ਕੁਮਾਰ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ, ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਵਾਸੀ ਉੱਪਲ ਜਗੀਰ ਥਾਣਾ ਨੂਰਮਹਿਲ ਅਤੇ ਗੁਰਜੰਟ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਲੋਹਗੜ੍ਹ ਥਾਣਾ ਮਹਿਤਪੁਰ ਨੇ ਹਥਿਆਰ ਖਰੀਦ ਕੇ ਇਲਾਕੇ 'ਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸਲਾਹ ਬਣਾਈ ਹੈ ਜੋ ਮਹਿਤਪੁਰ ਤੋਂ ਪਿੰਡ ਸਿੱਧਵਾਂ ਸਟੇਸ਼ਨ ਵੱਲ ਆ ਰਹੇ ਹਨ। ਪੁਲਸ ਪਾਰਟੀ ਨੇ ਤੁਰੰਤ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਪਵਨ ਕੁਮਾਰ ਉਰਫ ਮਟਰ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਅਤੇ ਮਨਦੀਪ ਸਿੰਘ ਉਰਫ ਮੰਨਾ ਤੇ ਗੁਰਜੰਟ ਸਿੰਘ ਭੱਜਣ 'ਚ ਸਫਲ ਹੋ ਗਏ। ਪੁਲਸ ਪਾਰਟੀ ਨੇ ਤਲਾਸ਼ੀ ਦੌਰਾਨ ਪਵਨ ਕੁਮਾਰ ਉਰਫ ਮਟਰ ਪਾਸੋਂ ਰਿਵਾਲਵਰ 315 ਬੋਰ (ਦੇਸੀ ਕੱਟਾ) ਅਤੇ 2 ਰੌਂਦ ਜ਼ਿੰਦਾ ਬਰਾਮਦ ਕੀਤੇ। ਪੁਲਸ ਨੇ ਥਾਣਾ ਸਦਰ ਨਕੋਦਰ 'ਚ ਪਵਨ ਕੁਮਾਰ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ, ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਵਾਸੀ ਉੱਪਲ ਜਗੀਰ ਨੂਰਮਹਿਲ ਅਤੇ ਗੁਰਜੰਟ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਲੋਹਗੜ੍ਹ ਮਹਿਤਪੁਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਪਵਨ ਉਰਫ ਮਟਰ 'ਤੇ 7 ਅਤੇ ਫਰਾਰ ਮਨਦੀਪ ਉਰਫ ਮੰਨਾ 'ਤੇ ਹਨ 12 ਪਰਚੇ ਦਰਜ
ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਉਰਫ ਮਟਰ ਅਤੇ ਮਨਦੀਪ ਉਰਫ ਮੰਨਾ ਬਹੁਤ ਹੀ ਸ਼ਾਤਿਰ ਕਿਸਮ ਦੇ ਅਪਰਾਧੀ ਹਨ ਅਤੇ ਕਈ ਵਾਰ ਜੇਲ ਜਾ ਚੁੱਕੇ ਹਨ ਤੇ ਕੁਝ ਮਹੀਨੇ ਪਹਿਲਾਂ ਲੁੱਟ-ਖੋਹ ਦੇ ਮਾਮਲੇ 'ਚ ਜੇਲ 'ਚੋਂ ਜ਼ਮਾਨਤ 'ਤੇ ਆਏ ਸਨ। ਗ੍ਰਿਫਤਾਰ ਪਵਨ ਕੁਮਾਰ ਉਰਫ ਮਟਰ ਦੇ ਖਿਲਾਫ ਥਾਣਾ ਨੂਰਮਹਿਲ, ਥਾਣਾ ਸਦਰ ਨਕੋਦਰ ਅਤੇ ਥਾਣਾ ਸੁਲਤਾਨਪੁਰ ਲੋਧੀ ਵਿਚ ਲੁੱਟ-ਖੋਹ, ਲੜਾਈ-ਝਗੜਾ ਅਤੇ ਅਸਲਾ ਐਕਟ ਤਹਿਤ 7 ਮੁਕੱਦਮੇ ਦਰਜ ਹਨ ਅਤੇ ਇਹ ਅਦਾਲਤ ਵਿਚ ਤਰੀਕ ਪੇਸ਼ੀ 'ਤੇ ਨਾ ਜਾਣ ਕਰ ਕੇ ਪੀ. ਓ. ਵੀ ਕਰਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਰਾਰ ਸਾਥੀ ਮਨਦੀਪ ਉਰਫ ਮੰਨਾ ਦੇ ਖਿਲਾਫ ਜ਼ਿਲਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ 'ਚ ਕਈ ਸੰਗੀਨ ਜੁਰਮਾਂ ਤਹਿਤ 12 ਮੁਕੱਦਮੇ ਦਰਜ ਹਨ।

ਅਸਲਾ ਕਿੱਥੋਂ ਲਿਆ, ਪੁਲਸ ਕਰ ਰਹੀ ਹੈ ਜਾਂਚ
ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਉਰਫ ਮਟਰ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ 315 ਬੋਰ ਦਾ ਰਿਵਾਲਵਰ ਅਤੇ ਰੌਂਦ ਕਿੱਥੋਂ ਅਤੇ ਕਿਸ ਪਾਸੋਂ ਲੈ ਕੇ ਆਏ ਅਤੇ ਹਥਿਆਰ ਨਾਲ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਕਿਹਾ ਕਿ ਮੌਕੇ ਤੋਂ ਭੱਜੇ ਦੋਵਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਾਂਚ ਦੌਰਾਨ ਪੁਲਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।
 


Anuradha

Content Editor

Related News