ਵਰਲਡ ਕੱਪ ਦੀ ਹਰ ਗੇਂਦ ''ਤੇ ਲੱਗ ਰਹੇ ਹਨ ਕਰੋੜਾਂ ਦੇ ਦਾਅ

06/16/2019 12:23:41 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਵਰਲਡ ਕੱਪ ਦੇ ਚੱਲ ਰਹੇ ਮੈਚਾਂ ਨੂੰ ਲੈ ਕੇ ਜ਼ਿਲੇ 'ਚ ਸੱਟਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ ਅਤੇ ਗੈਰ ਕਾਨੂੰਨੀ ਤੌਰ 'ਤੇ ਚੱਲ ਰਹੇ ਇਸ ਕਾਰੋਬਾਰ 'ਚ ਇਕ ਅਨੁਮਾਨ ਅਨੁਸਾਰ ਹਰ ਰੋਜ਼ ਕਰੋੜਾਂ ਰੁਪਏ ਦਾ ਸੱਟਾ ਲੱਗ ਰਿਹਾ ਹੈ ਪਰ ਪੁਲਸ ਦੇ ਹੱਥ ਅਜੇ ਤਕ ਖਾਲੀ ਹੀ ਹਨ। ਕਿਸੇ ਵੱਡੀ ਮੱਛੀ ਨੂੰ ਤਾਂ ਛੱਡੋ ਪੁਲਸ ਦੇ ਹੱਥ ਅਜੇ ਕੋਈ ਛੋਟੀ ਮੱਛੀ ਵੀ ਨਹੀਂ ਲੱਗੀ ਹੈ। ਕੱਲ ਵਰਲਡ ਕੱਪ 'ਚ ਭਾਰਤ-ਪਾਕਿਸਤਾਨ ਦਾ ਮੈਚ ਹੈ, ਜਿਸ 'ਤੇ ਵੀ ਕਥਿਤ ਤੌਰ 'ਤੇ ਕਰੋੜਾਂ ਰੁਪਏ ਦਾ ਸੱਟਾ ਲਗੇਗਾ। ਸੱਟੇ ਦੀ ਖੇਡ ਦੇਖਣ 'ਚ ਜਿੰਨੀ ਸਿੱਧੀ ਦਿੱਖਦੀ ਹੈ, ਓਨੀ ਹੁੰਦੀ ਨਹੀਂ ਹੈ। ਇਸ ਖੇਡ ਦੀ ਭਾਸ਼ਾ ਤੋਂ ਲੈ ਕੇ ਲੈਣ-ਦੇਣ ਦੇ ਸਾਰੇ ਹੀ ਮਾਮਲੇ ਬਹੁਤ ਅਜੀਬ ਹੁੰਦੇ ਹਨ। ਸੱਟਾ ਲਗਾਉਣ ਵਾਲਾ ਵਿਅਕਤੀ ਫੈਂਟਰ ਭਾਵ ਏਜੰਟ ਰਾਹੀਂ ਬੁੱਕੀ ਤਕ ਪਹੁੰਚਦਾ ਹੈ ਅਤੇ ਬੁੱਕੀ ਹੀ ਪੈਸੇ ਦਾ ਸਾਰਾ ਹਿਸਾਬ-ਕਿਤਾਬ ਰੱਖਦਾ ਹੈ। ਸੱਟੇ 'ਚ ਸਭ ਤੋਂ ਵੱਧ 'ਲਗਾਣਾ' ਅਤੇ 'ਖਾਨਾ' ਸ਼ਬਦ ਵਰਤੋਂ 'ਚ ਲਿਆਏ ਜਾਂਦੇ ਹਨ। ਕਿਸੇ ਟੀਮ ਨੂੰ ਪਸੰਦੀਦਾ ਮਨ ਕੇ ਉਸ 'ਤੇ ਰਕਮ ਲਗਾਉਣ ਨੂੰ ਦਾਅ ਲਗਾਣਾ ਕਹਿੰਦੇ ਹਨ ਅਤੇ ਦੂਜੀ ਟੀਮ 'ਤੇ ਲਗਾਏ ਦਾਅ ਨੂੰ ਖਾਨਾ ਕਹਿੰਦੇ ਹਨ। ਮੈਚ ਦੌਰਾਨ ਹਰ ਬਾਲ 'ਤੇ ਰੇਟ ਦੱਸਿਆ ਜਾਂਦਾ ਹੈ।
ਵਿਸ਼ੇਸ਼ ਗੱਲ ਇਹ ਹੈ ਕਿ ਕਿਸੇ ਵੀ ਖੇਡ ਦੀ ਪਹਿਲੀ ਗੇਂਦ ਤੋਂ ਲੈ ਕੇ ਹਾਰ-ਜਿੱਤ ਦਾ ਫੈਸਲਾ ਹੋਣ ਤੱਕ ਸੱਟੇ ਦੇ ਭਾਅ ਲਗਾਤਾਰ ਬਦਲਦੇ ਰਹਿੰਦੇ ਹਨ ਭਾਵ ਕਦੇ ਭਾਅ ਉਚੇ ਅਤੇ ਕਦੇ ਘੱਟ ਵੀ ਹੋ ਸਕਦੇ ਹਨ। ਇਸ ਖੇਡ 'ਚ ਜੇਕਰ ਕੋਈ ਇਕ ਵਾਰ ਦਾਅ ਲਗਾ ਦਿੰਦਾ ਹੈ ਅਤੇ ਬਾਅਦ 'ਚ ਅਜਿਹਾ ਮਹਿਸੂਸ ਕਰਦਾ ਹੈ ਕਿ ਉਸਨੇ ਦਾਅ ਘੱਟ ਕਰਨਾ ਹੈ ਤਾਂ ਉਹ ਏਜੰਟ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਉਸਨੇ ਚਵੰਨੀ ਖਾ ਲਈ ਹੈ। ਜਿਸ ਤੋਂ ਬਾਅਦ ਹੀ ਏਜੰਟ ਅੱਗੇ ਸੂਚਨਾ ਭੇਜਦਾ ਹੈ। ਪੁਲਸ ਦੀ ਪਹੁੰਚ ਤੋਂ ਬਚਣ ਲਈ ਸੱਟੇਬਾਜ਼ਾਂ ਅਤੇ ਖਾਈਵਾਲਾ ਵੱਲੋਂ ਵਿਸ਼ੇਸ਼ ਸਾਵਧਾਨੀ ਵਰਤੀ ਜਾਂਦੀ ਹੈ। ਜਿਸ ਨੰਬਰ ਨੂੰ ਇਕ ਵਾਰ ਇਸ ਖੇਡ 'ਚ ਵਰਤ ਲਿਆ ਜਾਂਦਾ ਹੈ, ਉਸਦੀ ਵਰਤੋਂ ਫਿਰ ਤੋਂ ਨਹੀਂ ਕੀਤੀ ਜਾਂਦੀ।

ਪਾਕਿਸਤਾਨ 'ਤੇ ਲੱਗਿਆ 20-1 ਦਾ ਭਾਅ
ਕੱਲ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ 'ਚ ਫਿਲਹਾਲ ਪਾਕਿਸਤਾਨ 'ਤੇ ਇਕ ਦਾ 20 ਬੇਸਿਕ ਭਾਅ ਹੈ, ਭਾਵ 100 ਰੁਪਏ ਲਗਾਉਣ 'ਤੇ 2000 ਰੁਪਏ ਦੀ ਰਕਮ ਵਾਪਸ ਮਿਲੇਗੀ, ਜਦੋਂਕਿ ਭਾਰਤ ਦਾ ਭਾਅ ਇਕ 'ਤੇ ਤਿੰਨ ਦਾ ਹੈ, ਭਾਵ 100 ਰੁਪਏ ਲਗਾਉਣ 'ਤੇ ਸਿਰਫ 300 ਰੁਪਏ ਹੀ ਭਾਰਤ ਦੀ ਜਿੱਤ 'ਤੇ ਮਿਲਣਗੇ। ਬਾਕੀ ਟੀਮ ਇੰਡੀਆ ਦੇ ਸਾਰੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਤੇ ਵੱਖ-ਵੱਖ ਭਾਅ ਚੱਲ ਰਿਹਾ ਹੈ।

ਸੱਟੇ 'ਚ ਕਿਹੜੀ-ਕਿਹੜੀ ਗੱਲ 'ਤੇ ਲੱਗਦਾ ਹੈ ਦਾਅ
ਮੈਚ ਦੀਆਂ ਦੋਨਾਂ ਪਾਰੀਆਂ ਦੌਰਾਨ ਕੁੱਲ ਕਿੰਨੇ ਵਿਕਟ ਡਿਗਣਗੇ।
ਕੁੱਲ ਕਿੰਨੇ ਚੌਕੇ-ਛੱਕੇ ਲੱਗਣਗੇ।
ਕਿਹੜਾ ਖਿਡਾਰੀ ਕਿੰਨੇ ਚੌਕੇ-ਛੱਕੇ ਲਗਾਉੂਗਾ ਜਾਂ ਵਿਕਟ ਲਊਗਾ।
ਬਾਲਰ ਨੂੰ ਇਸ ਵਾਰ ਸਫਲਤਾ ਮਿਲੇਗੀ ਜਾਂ ਨਹੀਂ।
ਮੈਚ 'ਚ ਜਿੱਤ ਕਿਸਦੀ ਹੋਵੇਗੀ।
ਅਗਲੇ 5 ਓਵਰਾਂ 'ਚ ਬੈਟਿੰਗ ਕਰਨ ਵਾਲੀ ਟੀਮ ਕਿੰਨੀਆਂ ਦੌੜਾਂ ਬਣਾਏਗੀ ਜਾਂ ਨਹੀ।

ਕੀ ਕਹਿੰਦੇ ਹਨ ਜ਼ਿਲਾ ਪੁਲਸ ਮੁਖੀ
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੈਂ ਹੁਣੇ ਇਸ ਮਾਮਲੇ ਦੀ ਜਾਂਚ ਕਰਵਾਉਂਦਾ ਹਾਂ ਜੇਕਰ ਜ਼ਿਲੇ 'ਚ ਕਿਸੇ ਵੱਲੋਂ ਕੋਈ ਗੈਰ-ਕਾਨੂੰਨੀ ਕੰਮ ਕੀਤਾ ਜਾ ਰਿਹਾ ਹੈ ਤਾਂ ਉਸਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।


KamalJeet Singh

Content Editor

Related News