ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ’

06/24/2020 11:47:42 AM

ਹਰਪ੍ਰੀਤ ਸਿੰਘ ਕਾਹਲੋਂ ਦੀ ਰਿਪੋਰਟ

ਸਫਲ ਹੈ, ਉਨ੍ਹਾਂ ਬਹਾਦਰ ਸੂਰਮਿਆਂ ਦਾ ਮਰਨਾ ਜਿਹੜੇ ਮਰਨ ਤੋਂ ਪਹਿਲਾਂ ਕਬੂਲ ਪੈ ਜਾਂਦੇ ਹਨ। ਇਹ ਸੂਰਮੇ ਕਿਸੇ ਆਦਰਸ਼ ਲਈ ਮਰਦੇ ਹਨ। ਇਹੋ ਸ਼ਹਾਦਤ ਹੈ।

ਦੂਜਾ ਨੁਕਤਾ ਉਹ ਹੈ, ਜੋ ਗ਼ੁਲਾਮ ਮੁਸਤਫਾ ਤਬੱਸਮ ਨੇ ਲਿਖਿਆ ਹੈ। ਇਹਨੂੰ ਨੂਰਜਹਾਂ ਨੇ ਗਾਇਆ ਸੀ।

ਇਹ ਪੁੱਤਰ ਹੱਟਾਂ ’ਤੇ ਨਹੀਂ ਵਿਕਦੇ,
ਕੀ ਲੱਭਦੀ ਏ ਵਿੱਚ ਬਾਜ਼ਾਰ ਕੁੜੇ ! 

ਦੋਵੇਂ ਭਾਵਨਾਵਾਂ ਸੱਚੀਆਂ ਹਨ। ਸ਼ਹੀਦੀ ਦਾ ਮਾਣ ਵੀ ਹੈ ਅਤੇ ਜਹਾਨੋਂ ਤੁਰ ਗਏ ਆਪਣਿਆਂ ਦਾ ਦੁੱਖ ਵੀ ਹੈ। ਗਲਵਾਨ ਘਾਟੀ ਵਿੱਚ ਭਾਰਤੀ-ਚੀਨੀ ਫੌਜੀਆਂ ਦੇ ਦਰਮਿਆਨ ਹੋਈ ਮੁਠਭੇੜ ਵਿਚ ਸਾਡੇ ਜਵਾਨ ਸ਼ਹੀਦ ਹੋ ਗਏ ਅਤੇ ਕਈ ਜ਼ਖਮੀ ਵੀ ਹੋਏ। ਇਸ ਘਟਨਾ ਤੋਂ ਬਾਅਦ ਕਈ ਮਿਲੀਆਂ ਜੁਲੀਆਂ ਭਾਵਨਾਵਾਂ ਉਜਾਗਰ ਹੋ ਰਹੀਆਂ ਹਨ। ਇਸ ਸਮੇਂ ਲੋੜ ਹੈ ਕਿ ਅਸੀਂ ਆਪਣੇ ਭਾਰਤੀ ਜਵਾਨਾਂ ਉੱਤੇ ਵਿਸ਼ਵਾਸ ਕਰੀਏ ਅਤੇ ਉਨ੍ਹਾਂ ਦਾ ਹੌਂਸਲਾ ਵਧਾਈਏ। ਇਸ ਵੇਲੇ ਜ਼ਰੂਰਤ ਹੈ ਕਿ ਅਸੀਂ ਧੀਰਜ ਤੋਂ ਕੰਮ ਲਈਏ ਅਤੇ ਇਸ ਵਿਸ਼ੇ ਦੇ ਮਾਹਰਾਂ ਦੀ ਸੁਣੀਏ।

ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਪਰ ਜਵਾਬੀ ਕਾਰਵਾਈ ਵੀ ਜ਼ਰੂਰੀ ਹੈ ਅਤੇ ਇਸ ਕਾਰਵਾਈ ਨੂੰ ਅਸੀਂ ਰੌਲਿਆਂ ਵਿਚ ਤੈਅ ਨਹੀਂ ਕਰਾਂਗੇ। ਅਸੀਂ ਆਪਣੇ ਭਾਰਤੀ ਫੌਜ ਦਾ ਹੌਂਸਲਾ ਵਧਾਵਾਂਗੇ। ਸਰਹੱਦਾਂ ਦੀ ਨਬਜ਼ ਉਹ ਸਭ ਤੋਂ ਵੱਧ ਜਾਣਦੇ ਹਨ। ਸਾਡੇ ਇਨ੍ਹਾਂ ਜੁਆਨਾਂ ਦੇ ਕੱਲ੍ਹ ਅਤੇ ਪਰਸੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ, ਪਟਿਆਲੇ ਤੋਂ ਪਿੰਡ ਸੀਲ, ਮਾਨਸੇ ਤੋਂ ਪਿੰਡ ਬੀਰੇਵਾਲਾ ਡੋਗਰਾ ਅਤੇ ਸੰਗਰੂਰ ਤੋਂ ਪਿੰਡ ਤੋਲੇਵਾਲ ਦੇ ਇਹ ਭਾਰਤੀ ਜਵਾਨ ਸ਼ਹੀਦੀਆਂ ਪਾ ਗਏ ਹਨ। ਇਨ੍ਹਾਂ ਸ਼ਹੀਦ ਜਵਾਨਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੱਗਬਾਣੀ ਦੀ ਵਿਸ਼ੇਸ਼ ਕਵਰੇਜ਼ ਵਿੱਚ ਉਨ੍ਹਾਂ ਪਰਿਵਾਰਾਂ ਦੇ ਹਲਾਤ ਮਹਿਸੂਸ ਕਰਕੇ ਜ਼ਰੂਰ ਵੇਖਣਾ ਜੀ। 

ਜੰਗਜੂ ਰਵਾਇਤਾਂ ਅਤੇ ਯੁੱਧ ਕਲਾ ਦੇ ਮਾਹਿਰ ਲਿਖਾਰੀ ਅਜੈਪਾਲ ਸਿੰਘ ਬਰਾੜ ਭਾਰਤੀ ਚੀਨ ਸਬੰਧਾਂ ਦੇ ਇਸ ਨੁਕਤੇ ’ਤੇ ਵਧੇਰੇ ਜ਼ੋਰ ਦੇਣ ਦਾ ਇਸ਼ਾਰਾ ਕਰਦੇ ਹਨ।

ਚੀਨ ਦਾ ਬਾਈਕਾਟ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਲਈ ਵੱਡੀ ਰਣਨੀਤੀ ਦੀ ਲੋੜ ਹੈ ਜਿਵੇਂ ਕਿ ਟੈਲੀਕਾਮ ਮਾਰਕੀਟ ਵਿੱਚੋਂ ਉਨ੍ਹਾਂ ਦੀ ਪਹੁੰਚ ਨੂੰ ਅਸੀਂ ਰੱਦ ਕਰ ਦੇਈਏ। ਚੀਨ ਦਾ ਸਾਲਾਨਾ ਨਿਰਯਾਤ ਬਜ਼ਾਰ 2.5 ਟ੍ਰਿਲੀਅਨ ਦਾ ਹੈ। ਏਸ ਵਿਚ ਭਾਰਤ ਦੀ ਸਿਰਫ 3 ਫੀਸਦੀ ਹਿੱਸੇਦਾਰੀ ਹੈ। ਚੀਨ ਕੋਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ 3 ਟ੍ਰਿਲੀਅਨ ਡਾਲਰ ਅਤੇ ਇੱਕ ਵੱਡਾ ਵਪਾਰ ਸਰਪਲੱਸ ਹੈ ਤਾਂ ਫਿਰ ਅਸੀਂ ਕਿਸ ਨੂੰ ਦੁੱਖ ਦੇ ਰਹੇ ਹਾਂ ? ਜਦੋਂ ਤੱਕ ਅਸੀਂ ਚੀਨ ਦੇ ਘਰੇਲੂ ਬਾਜ਼ਾਰ ਦੇ ਬਰਾਬਰ ਆਪਣਾ ਬਾਜ਼ਾਰ ਨਹੀਂ ਖੜ੍ਹਾ ਕਰਦੇ ਉਦੋਂ ਤੱਕ ਕੋਈ ਹੱਲ ਨਹੀਂ ਹੈ। ਇਸ ਨੁਕਤੇ ’ਤੇ ਭਾਰਤ ਨੂੰ ਆਪਣੀਆਂ ਘਰੇਲੂ ਨੀਤੀਆਂ ਬਾਰੇ ਸੋਚਣ ਦੀ ਲੋੜ ਹੈ ਕਿ ਉਨ੍ਹਾਂ ਨੇ ਭਾਰਤ ਅੰਦਰ ਕਾਰੋਬਾਰ ਨੂੰ ਹੁੰਗਾਰਾ ਦੇਣ ਲਈ ਨੀਤੀਆਂ ਨੂੰ ਕਿੰਨਾ ਕੁ ਸੁਖਾਲਾ ਕੀਤਾ ਹੈ ? 

ਦੂਜਾ ਪਾਸਾ ਇਹ ਵਿਚਾਰਨ ਦੀ ਲੋੜ ਵੀ ਹੈ ਕਿ ਭਾਰਤ-ਚੀਨ ਨੂੰ ਨਿਰਯਾਤ ਵੱਧ ਹੁੰਦਾ ਹੈ। ਇਸ ਵਿੱਚ ਕੁੱਲ ਉਤਪਾਦਨ ਦਾ 4.3 ਫ਼ੀਸਦੀ ਵਪਾਰ ਚੀਨ ਨੂੰ ਭਾਰਤ ਤੋਂ ਮਿਲਦਾ ਹੈ। 4.9 ਫ਼ੀਸਦੀ ਵਪਾਰ ਉਹ ਹੈ ਜੋ ਹਾਂਗਕਾਂਗ ਨੂੰ ਭਾਰਤ ਵੱਲੋਂ ਵਾਇਆ ਚੀਨ ਜਾਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਭਾਰਤ ਤੋਂ 9.2 ਫ਼ੀਸਦੀ ਵਪਾਰ ਚੀਨ ਵੱਲ ਨੂੰ ਹੁੰਦਾ ਹੈ, ਜੋ ਸਾਡਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਇਹ ਚੀਨ ਤੋਂ ਆਉਂਦੀ 3 ਫੀਸਦੀ ਦੇ ਮੁਕਾਬਲੇ ਕਿਤੇ ਵੱਧ ਹੈ।

ਸਾਨੂੰ ਆਪਣੇ ਦੇਸ਼ ਲਈ ਜ਼ਿਆਦਾ ਸੰਜੀਦਾ ਪਹੁੰਚ ਬਣਾਉਣ ਦੀ ਲੋੜ ਹੈ। ਸਾਨੂੰ ਟੈਲੀਕਾਮ ਪ੍ਰੋਡੱਕਟ ਦੀ ਮਾਰਕੀਟ ਲਈ ਨੀਤੀ ਘੜ੍ਹਨ ਦੀ ਲੋੜ ਹੈ, ਕਿਉਂਕਿ ਇਸ ਇੰਡਸਟਰੀ ਤੋਂ ਜਾਸੂਸੀ ਮੋਰੀ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। 

ਮੈਂ ਸੋਚਦਾ ਹਾਂ ਕਿ ਸਾਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਵਧੇਰੇ ਸੰਕੇਤਕ ਪਹੁੰਚ ਅਪਣਾਈ ਜਾਣ ਦੀ ਜ਼ਰੂਰਤ ਹੈ, ਕਿਉਂਕਿ ਸਪਾਈਵੇਅਰ ਦੀ ਸ਼ਰਾਰਤ ਦੀ ਸੰਭਾਵਨਾ ਦੇ ਕਾਰਨ ਚੀਨ ਨੂੰ ਰਣਨੀਤਕ ਬਾਜ਼ਾਰਾਂ ਜਿਵੇਂ ਦੂਰਸੰਚਾਰ ਉਤਪਾਦਾਂ ਤੱਕ ਪਹੁੰਚ ਦੀ ਆਗਿਆ ਨਾ ਦਿਓ। ਚੀਨ ਨੂੰ ਉਤਪਾਦ ਦੇ ਹਿੱਸਿਆਂ ਤੋਂ ਬਾਹਰ ਕੱਢੋ ਜਿੱਥੇ ਕਿਹਾ ਜਾਂਦਾ ਹੈ ਕਿ ਕੁਆਲਟੀ ਦਾ ਰਿਕਾਰਡ ਕਮਜ਼ੋਰ ਹੈ, ਜਿਵੇਂ ਕਿ ਥਰਮਲ ਪਾਵਰ ਪਲਾਂਟ ਉਪਕਰਣ। ਜੇ ਚੀਨ ਭਾਰਤੀ ਫਾਰਮਾਸਿਊਟੀਕਲ ਜਾਂ ਸਾੱਫਟਵੇਅਰ ਸੇਵਾਵਾਂ ਨੂੰ ਬਾਹਰ ਰੱਖਣ ਦੇ ਤਰੀਕਿਆਂ ਦੀ ਭਾਲ ਕਰ ਰਿਹਾ ਹੈ ਤਾਂ ਉਸੇ ਪਹਿਲੂ 'ਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਚਾਈਨਾ ਤੋਂ ਲੰਬੀ ਖਿੱਚੀ, ਚੰਗੀ ਤਰ੍ਹਾਂ ਯੋਜਨਾਬੱਧ ਅਤੇ ਸਾਵਧਾਨੀ ਨਾਲ ਲਾਗੂ ਕੀਤੀ ਪ੍ਰਕਿਰਿਆ ਹੋਣੀ ਚਾਹੀਦੀ ਹੈ।

ਸੋ ਅਜਿਹਾ ਜ਼ਰੂਰੀ ਹੈ ਅੰਦਰੂਨੀ ਅਤੇ ਬਾਹਰੀ ਨੀਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਸੌੜੀ ਸਿਆਸਤ ਨੂੰ ਪਿੱਛੇ ਛੱਡਕੇ ਸਭ ਨੂੰ ਨਾਲ ਲੈਕੇ ਤੁਰੀਏ। ਸਾਡੇ ਦੇਸ਼ ਦੇ ਇਕ ਇਕ ਜਵਾਨ ਦੀ ਜਾਨ ਕੀਮਤੀ ਹੈ ਅਤੇ ਉਹ ਹਰਦਮ ਸਰਹੱਦਾਂ ਤੇ’ ਸਾਡੀ ਰਾਖੀ ਲਈ ਤਿਆਰ ਹਨ। ਖਾਸ ਵਿਚਾਰ ਇਹ ਹੈ ਅਸੀਂ ਆਪਣਿਆਂ ਜਵਾਨਾਂ ਲਈ ਮਜ਼ਬੂਤ ਫੈਸਲੇ ਲੈਣ ਦਾ ਮਾਹੌਲ ਤਿਆਰ ਕਰਦੇ ਹਾਂ ਜਾਂ ਨਹੀਂ ?


ਨਾਇਬ ਸੂਬੇਦਾਰ ਸਤਨਾਮ ਸਿੰਘ

PunjabKesari
Unit 3 Med Arty ਤੋਪਖਾਨਾ
23 ਅਗਸਤ 1995 ਤੋਂ ਡਿਊਟੀ ਸੀ (25 ਸਾਲ ਡਿਊਟੀ)
12-ਜਨਵਰੀ-1979 - 15-ਜੂਨ-2020
ਪਿੰਡ ਭੋਜਰਾਜ ਜ਼ਿਲ੍ਹਾ ਗੁਰਦਾਸਪੁਰ 

ਉਹ ਕਹਿੰਦੇ ਸਨ ਸ਼ਹਾਦਤ ਮੇਰੀ ਗੁੜ੍ਹਤੀ ਹੈ
ਪਿੰਡ ਭੋਜਰਾਜ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਸੁਫਨਾ ਸੀ ਕਿ ਉਨ੍ਹਾਂ ਦਾ ਪੁੱਤ ਅਫਸਰ ਬਣਕੇ, ਉਨ੍ਹਾਂ ਦੀ ਯੂਨਿਟ ਵਿਚ ਆਵੇ ਅਤੇ ਉਹ ਆਪਣੇ ਪੁੱਤ ਨੂੰ ਹੀ ਸੈਲਿਊਟ ਕਰਨ। ਸਤਨਾਮ ਸਿੰਘ ਸ਼ਹੀਦੀਆਂ ਪਾ ਗਏ ਹਨ ਅਤੇ ਪਿੱਛੇ ਸੁਫ਼ਨਾ ਛੱਡ ਗਏ ਹਨ। 

ਪਿੰਡ ਭੋਜਰਾਜ ਦੇ ਡੇਰਿਆਂ ਵਿੱਚ ਉਨ੍ਹਾਂ ਦਾ ਘਰ ਹੈ। ਕਿਸਾਨੀ ਪਰਿਵਾਰ ਗੁਰੂ ਆਸਰੇ ਵਿੱਚ ਅਮ੍ਰਿਤਧਾਰੀ ਪਰਿਵਾਰ ਹੈ। ਸ਼ਹੀਦ ਸਤਨਾਮ ਸਿੰਘ ਦੇ ਭਰਾ ਸੂਬੇਦਾਰ ਸੁਖਚੈਨ ਸਿੰਘ ਵੀ ਭਾਰਤੀ ਫੌਜ ਵਿੱਚ ਹਨ। ਸੂਬੇਦਾਰ ਸੁਖਚੈਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਹਿਲਾ ਪਿੰਡ ਸਹਾਰੀ ਸੀ। ਬਹੁਤ ਸਾਲ ਪਹਿਲਾਂ ਬੁਜ਼ੁਰਗ ਸਹਾਰੀ ਤੋਂ ਪਿੰਡ ਭੋਜਰਾਜ ਦੀ ਜ਼ਮੀਨ ’ਤੇ ਆ ਬੈਠੇ। ਏਥੇ ਉਨ੍ਹਾਂ ਨੇ 11 ਹਜ਼ਾਰ ਰੁਪਏ ਵਿੱਚ 9 ਕਿੱਲੇ ਲਏ ਸਨ। ਏਥੇ ਚਾਚੇ ਤਾਇਆਂ ਦਾ ਪਰਿਵਾਰ ਇਕੱਠਾ ਰਹਿੰਦਾ ਹੈ। ਘੁੰਮਣੀ ਵਾਲਿਆਂ ਸੰਤਾਂ ਨੇ ਬੇਨਤੀ ਕੀਤੀ ਕਿ ਗੁਰਦੁਆਰਾ ਬਣਾਉ। ਗੁਰਬਾਣੀ ਦੇ ਇਸੇ ਆਸਰੇ ਵਿੱਚੋਂ ਅਸੀਂ ਅਤੇ ਵੱਡੇ ਭਰਾ ਸ਼ਹੀਦ ਸਤਨਾਮ ਸਿੰਘ ਨੇ ਅੰਮ੍ਰਿਤ ਛੱਕਿਆ। 

"ਪਾਪਾ ਕਹਿੰਦੇ ਹੁੰਦੇ ਸਨ, ਸਾਡਾ ਸ਼ਹਾਦਤਾਂ ਦਾ ਇਤਿਹਾਸ ਹੈ। ਐਸੀ ਮੌਤ ਜਾਣਾ ਕਿ ਦੁਨੀਆਂ ਯਾਦ ਰੱਖੇ ਇਹੋ ਵੱਡੀ ਗੱਲ ਹੈ।" ਸ਼ਹੀਦ ਸਤਨਾਮ ਸਿੰਘ ਦੀ ਕੁੜੀ ਸੰਦੀਪ ਕੌਰ ਆਪਣੇ ਪਿਤਾ ਦੀਆਂ ਇਹ ਗੱਲਾਂ ਦਹੁਰਾਉਂਦੀ ਹੈ। 

PunjabKesari

ਮਹੀਨਿਆਂ ਵਿੱਚ ਬਦਲੀ ਕਹਾਣੀ
ਸ਼ਹੀਦ ਸਤਨਾਮ ਸਿੰਘ ਦੀ ਪਤਨੀ ਜਸਵਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਦਾ ਵਿਆਹ 1998 ਵਿੱਚ ਹੋਇਆ ਸੀ। 16 ਸਾਲ ਦੀ ਉਮਰ ਵਿੱਚ 1995 ਨੂੰ ਸਤਨਾਮ ਸਿੰਘ ਭਾਰਤੀ ਫੌਜ ਵਿਚ ਭਰਤੀ ਹੋਏ ਸਨ। ਇਹ ਆਖ਼ਰੀ ਛੁੱਟੀ 16 ਮਾਰਚ ਨੂੰ ਕੱਟਕੇ ਗਏ ਸਨ ਅਤੇ 18 ਮਾਰਚ ਨੂੰ ਹੀ ਕੋਰੋਨਾ ਕਰਕੇ ਤਾਲਾਬੰਦੀ ਹੋ ਗਈ। ਲੇਹ ਲਦਾਖ਼ ਦੀ ਉਨ੍ਹਾਂ ਦੀ ਦੋ ਸਾਲ ਡਿਊਟੀ ਪੂਰੀ ਹੋ ਗਈ ਸੀ। ਅਗਲੀ ਯੂਨਿਟ ਨੇ ਉੱਥੇ ਪਹੁੰਚਣਾ ਸੀ ਅਤੇ ਸ਼ਹੀਦ ਸਤਨਾਮ ਸਿੰਘ ਦੀ ਯੂਨਿਟ ਨੇ ਬਠਿੰਡੇ ਵਾਪਸ ਆਉਣਾ ਸੀ। ਜਸਵਿੰਦਰ ਕੌਰ ਮੁਤਾਬਕ ਸ਼ਹੀਦ ਸਤਨਾਮ ਸਿੰਘ ਆਪਣੀ ਫ਼ੌਜ ਦੀ ਨੌਕਰੀ ਤੋਂ ਬਾਅਦ ਪਰਿਵਾਰ ਸੰਗ ਖੇਤੀਬਾੜੀ ਕਰਨ ਬਾਰੇ ਸੋਚਦੇ ਸਨ।

ਕਾਰਗਿਲ ਜੰਗ ਤੋਂ ਬਾਅਦ ਦਾਦੀ ਨੇ ਦਿੱਤੀ ਪਾਰਟੀ

PunjabKesari
ਸੂਬੇਦਾਰ ਸੁਖਚੈਨ ਸਿੰਘ ਦੱਸਦੇ ਹਨ ਕੀ ਉਹ ਤੇ ਉਨ੍ਹਾਂ ਦਾ ਭਰਾ ਦੋਹਾਂ ਨੇ ਕਾਰਗਿਲ ਜੰਗ ਵਿਚ ਹਿੱਸਾ ਲਿਆ ਹੈ। ਉਸ ਸਮੇਂ ਉਹ ਸਾਂਬਾ ਸਰਹੱਦ ’ਤੇ ਤਾਇਨਾਤ ਸਨ ਅਤੇ ਉਨ੍ਹਾਂ ਦਾ ਭਰਾ ਸੂਬੇਦਾਰ ਸ਼ਹੀਦ ਸਤਨਾਮ ਸਿੰਘ ਪੁੰਛ ਸੈਕਟਰ ਤੋਂ ਆਪਣੀ ਯੂਨਿਟ ਨਾਲ ਕਾਰਗਿਲ ਦੇ ਮੈਦਾਨ ’ਤੇ ਲੜ ਰਿਹਾ ਸੀ। ਇਸ ਮੌਕੇ ਉਨ੍ਹਾਂ ਦੀ ਦਾਦੀ ਨੇ ਸੁਖਣਾ ਸੁੱਖੀ ਸੀ ਕਿ ਮੇਰੇ ਪੋਤਰੇ ਜੰਗ ਜਿੱਤਕੇ ਸਹੀ ਸਲਾਮਤ ਘਰ ਆ ਜਾਣ ਦਰਬਾਰ ਸਾਹਿਬ ਮੱਥਾ ਟੇਕ ਕੇ ਆਵਾਂਗੇ। ਕਾਰਗਿਲ ਜੰਗ ਖਤਮ ਹੋਣ ਤੋਂ ਬਾਅਦ ਦਾਦੀ ਨੇ ਖੁਸ਼ੀ ਵਿੱਚ ਪਾਰਟੀ ਦਿੱਤੀ ਸੀ।

ਜਸਵਿੰਦਰ ਕੌਰ ਦੱਸਦੇ ਹਨ ਕਿ 2016 ਦੀ ਫਿਰੋਜ਼ਪੁਰ ਛਾਉਣੀ ਦੀ ਗੱਲ ਹੈ। ਉਸ ਵੇਲੇ ਸੂਬੇਦਾਰ ਸਤਨਾਮ ਸਿੰਘ ਦੋ ਗੱਡੀਆਂ ਦੇ ਵਿਚਕਾਰ ਆ ਗਏ ਸਨ। ਉਸ ਸਮੇਂ ਉਨ੍ਹਾਂ ਦੀ ਛਾਤੀ ’ਤੇ ਕਾਫੀ ਸੱਟਾਂ ਲੱਗੀਆਂ ਸਨ। ਉਦੋਂ ਉਹ ਵਾਲ-ਵਾਲ ਬਚੇ ਸਨ। ਉਨ੍ਹਾਂ ਮੁਤਾਬਕ ਉਸ ਤੋਂ ਪਹਿਲਾਂ ਕਾਰਗਿਲ ਦੀ ਜੰਗ ਲੜੀ। ਹੁਣ ਤਾਂ ਉਨ੍ਹਾਂ ਨੇ ਰਿਟਾਇਰ ਹੋਕੇ ਘਰ ਪਰਤ ਆਉਣਾ ਸੀ। ਸ਼ਾਇਦ ਰੱਬ ਨੂੰ ਹੀ ਮਨਜ਼ੂਰ ਸੀ।

PunjabKesari

ਚੜ੍ਹਦੀਕਲਾ !
ਸ਼ਹੀਦ ਸਤਨਾਮ ਸਿੰਘ ਦੇ ਘਰ ਸਹਿਜ ਪਾਠ ਰੱਖਿਆ ਹੈ। ਆਉਂਦੀ 25 ਤਾਰੀਖ਼ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸੂਬੇਦਾਰ ਸੁਖਚੈਨ ਸਿੰਘ ਅਤੇ ਸਮੂਹ ਪਰਿਵਾਰ ਹਰ ਆਉਣ ਜਾਣ ਵਾਲੇ ਨੂੰ ਗੁਰੂ ਦਾ ਲੰਗਰ ਛਕਾ ਰਿਹਾ ਹੈ। ਸੂਬੇਦਾਰ ਸੁਖਚੈਨ ਸਿੰਘ ਕਹਿੰਦੇ ਹਨ ਇਹ ਗੁਰੂ ਦਾ ਹੁਕਮ ਹੈ ਅਤੇ ਸ਼ਹੀਦੀਆਂ ਪਾਉਣੀਆਂ ਸਾਡੀ ਵਿਰਾਸਤ ਦਾ ਹਿੱਸਾ ਹੈ।

ਨਾਇਬ ਸੂਬੇਦਾਰ ਮਨਦੀਪ ਸਿੰਘ

PunjabKesari
Unit 3 Med Arty ਤੋਪਖਾਨਾ
24 ਦਿਸੰਬਰ 1997 ਤੋਂ ਡਿਊਟੀ ਸੀ (23 ਸਾਲ ਡਿਊਟੀ)
28-ਮਾਰਚ-1981 - 15-ਜੂਨ-2020
ਪਿੰਡ ਸੀਲ ਜ਼ਿਲ੍ਹਾ ਪਟਿਆਲਾ

ਇਹ ਪੁੱਤਰ ਹੱਟਾਂ ’ਤੇ ਨਹੀਂ ਵਿਕਦੇ !
"ਮੈਨੂੰ ਓ ਨਿਉਂ ਕਹੇ ਕਰੇ ਤਾਂ ਤੇਰੀਆਂ ਸੋਲਾਂ ਪੜ੍ਹੀਆਂ ਖੂਹ ਪੈ ਜਾਣੀਆਂ। ਜਦ ਹਮੇਂ ਫਿਰੋਜ਼ਪੁਰ ਛਾਉਣੀ ਮਾ ਰਿਹਾ ਕਰਦੇ ਤੇ ਮਨਦੀਪ ਨੇ ਆਪਣੀ ਦੋਸਤ ਕੀ ਐਕਟਿਵਾ ਲਿਆਕਾ ਰਾਤ ਨੂੰ ਐਕਟਿਵਾ ਸਿਖਾਣੀ।"

ਸਵੇਰੇ ਸੱਤ ਵਜੇ ਪਿੰਡ ਸੀਲ ਵਿਖੇ ਸ਼ਹੀਦ ਮਨਦੀਪ ਸਿੰਘ ਦੇ ਘਰ ਬੈਠਕ ਵਿੱਚ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਖਿਆ ਹੈ। ਡਿਊੜੀ ਪਾਰ ਕਰਦਿਆਂ ਉਸ ਕਮਰੇ ਵਿਚ ਪਹੁੰਚਿਆ ਹਾਂ ਜਿਥੇ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਗੁਰਦੀਪ ਕੌਰ, ਮਾਤਾ ਸ਼ੁਕੰਤਲਾ ਕੌਰ, ਪੁੱਤਰ ਜੋਬਨਪ੍ਰੀਤ ਸਿੰਘ ਬੈਠੇ ਹਨ। 

ਸ਼ਹੀਦ ਮਨਦੀਪ ਸਿੰਘ ਪੰਜ ਭੈਣਾਂ ਦੇ ਇਕਲੌਤੇ ਵੀਰ ਸਨ। 24 ਦਸੰਬਰ 1997 ਨੂੰ ਮਨਦੀਪ ਸਿੰਘ ਹੁਣਾਂ ਇਸ ਉਮੀਦ ਨਾਲ ਡਿਊਟੀ ਜੁਆਇਨ ਕੀਤੀ ਸੀ ਕਿ ਪਰਿਵਾਰ ਦੀ ਆਰਥਕ ਮੰਦਹਾਲੀ ਨੂੰ ਕੱਟਿਆ ਜਾਵੇ। ਗੁਰਦੀਪ ਕੌਰ ਦੱਸਦੇ ਨੇ ਉਨ੍ਹਾਂ ਦਾ ਵਿਆਹ 2002 ਵਿੱਚ ਹੋਇਆ ਸੀ। ਉਹ ਸਦਾ ਚਾਹੁੰਦੇ ਸਨ ਕਿ ਮੈਂ ਆਪਣੇ ਪੈਰਾਂ ’ਤੇ ਖੜ੍ਹੀ ਹੋਵਾਂ। ਜਦੋਂ ਉਹ ਹੁਣ ਸਾਨੂੰ ਛੱਡ ਗਏ ਹਨ ਤਾਂ ਵੀ ਇਹ ਯਕੀਨ ਹੁੰਦਾ ਹੈ ਕਿ ਉਹ ਹੋਣ ਆਏ, ਹੁਣ ਆਏ।

PunjabKesari

ਸੂਬੇਦਾਰ ਮਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ। ‌ ਉਹਨਾਂ ਦੇ ਪਿਤਾ 2002 ਵਿਚ ਉਨ੍ਹਾਂ ਦੇ ਵਿਆਹ ਤੋਂ ਛੇ ਮਹੀਨੇ ਬਾਅਦ ਹੀ ਰੱਬ ਨੂੰ ਪਿਆਰੇ ਹੋ ਗਏ ਸਨ। ਪੰਜ ਭੈਣਾਂ ਵਿੱਚੋਂ ਦੋ ਭੈਣਾਂ ਦਾ ਵੀ ਇੰਤਕਾਲ ਹੋ ਗਿਆ ਹੈ। ਕੁਝ ਕਨਾਲਾਂ ਦੀ ਖੇਤੀ ਕਰਦਾ ਇਸ ਪਰਿਵਾਰ ਵਿੱਚ ਸ਼ਹੀਦ ਮਨਦੀਪ ਸਿੰਘ ਤੋਂ ਬਾਅਦ ਸਿਰਫ ਤੀਵੀਆਂ ਹੀ ਬਚੀਆਂ ਹਨ। ਦਾਦੀ ਸ਼ੁਕੰਤਲਾ ਆਪਣੇ ਪੋਤਰੇ ਜੋਬਨਪ੍ਰੀਤ ਵੱਲ ਇਸ਼ਾਰਾ ਕਰਦੀ ਦੱਸਦੀ ਹੈ ਪੂਰੇ ਪਰਿਵਾਰ ਵਿਚ ਸਾਡਾ ਹੁਣ ਇਹ ਮਰਦ ਬਚਿਆ ਹੈ।

ਭਾਰਤੀ ਫੌਜ ਨਾਲ ਰਿਸ਼ਤਾ  
ਭਾਰਤੀ ਫੌਜ ਨਾਲ ਸਿਲਸਿਲਾ ਤਾਂ ਇੰਝ ਹੈ ਕਿ ਸ਼ਹੀਦ ਮਨਦੀਪ ਸਿੰਘ ਦੇ ਦੋ ਭਣਵੱਈਏ, ਦੋ ਸਾਲੇ ਅਤੇ ਸਹੁਰਾ ਸਾਹਿਬ ਵੀ ਭਾਰਤੀ ਫੌਜ ਦਾ ਹਿੱਸਾ ਰਹੇ ਹਨ। ਸ਼ਹੀਦ ਮਨਦੀਪ ਸਿੰਘ ਦਾ ਸੁਫਨਾ ਸੀ ਉਹ ਆਪਣਾ ਪਿੰਡ ਵਾਲਾ ਘਰ ਨਵਾਂ ਬਣਾਵੇ। ਉਹਦੇ ਬੱਚੇ ਸੋਹਣਾ ਪੜ੍ਹਿਆ ਲਿਖਿਆ ਕਰਨ ਅਤੇ ਭਾਰਤੀ ਫੌਜ ਤੋਂ ਬਾਅਦ ਉਹ ਪੰਜਾਬ ਪੁਲਸ ਵਿੱਚ ਏ.ਐੱਸ.ਆਈ ਭਰਤੀ ਹੋਣਾ ਚਾਹੁੰਦੇ ਸਨ। ਜਬਲਪੁਰ ਆਪਣੀ ਡਿਊਟੀ ਦੌਰਾਨ ਉਨ੍ਹਾਂ ਨੇ ਉਰਦੂ ਵੀ ਸਿੱਖੀ। ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਉਹ ਵੱਧ ਤੋਂ ਵੱਧ ਪੜ੍ਹਨ ਲਈ ਹੀ ਕਹਿੰਦੇ।

PunjabKesari

ਸੰਤਾਂ ਦੇ ਬਚਨ 
ਮਾਤਾ ਸ਼ੁਕੰਤਲਾ ਕੌਰ ਕਹਿੰਦੇ ਨੇ ਕਿਰਪਾਨ ਭੈਣਾਂ ਤੋਂ ਬਾਅਦ ਇਲਾਕੇ ਦੇ ਸੰਤਾਂ ਨੂੰ ਅਰਦਾਸ ਕਰਨ ਨੂੰ ਕਿਹਾ। ਸੰਤਾਂ ਦਾ ਬਚਨ ਸੀ,"ਪੁਤ ਆਵੇਗਾ ਅਤੇ ਧੰਨ ਧੰਨ ਕਰਵਾ ਦੇਵੇਗਾ।" ਮਾਤਾ ਸ਼ੁਕੰਤਲਾ ਕੌਰ ਦੱਸਦੇ ਨੇ ਕਿ ਵੇਖ ਲੈ ਪੁੱਤ ਉਹ ਜੰਮਿਆ ਅਤੇ ਸਾਰੇ ਇਲਾਕੇ ਵਿੱਚ ਧੰਨ ਧੰਨ ਕਰਵਾ ਗਿਆ। 

ਭੈਣਾਂ ਦਾ ਵੀਰ ਅਤੇ ਚੰਗਾ ਪਤੀ

PunjabKesari
ਭੈਣ ਬਲਵਿੰਦਰ ਕੌਰ ਕਹਿੰਦੇ ਨੇ ਕਿ ਉਹ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸਭ ਦਾ ਹਾਲ-ਚਾਲ ਪੁੱਛਦਾ ਰਹਿੰਦਾ ਸੀ। ਗੁਰਦੀਪ ਕੌਰ ਮੁਤਾਬਕ ਸੂਬੇਦਾਰ ਮਨਦੀਪ ਸਿੰਘ ਸੋਹਣੀ ਟੌਹਰ ਕੱਢਣ ਦਾ ਸ਼ੌਂਕੀ ਸੀ। ਬੁਲਟ ਮੋਟਰਸਾਈਕਲ, ਬਰੈਂਡਡ ਐਨਕ ਅਤੇ ਕੁਆਲਿਟੀ ਵਾਲੇ ਬੂਟਾਂ ਦਾ ਉਹਨੂੰ ਸਦਾ ਸ਼ੌਂਕ ਰਹਿੰਦਾ ਸੀ। ਉਨ੍ਹਾਂ ਮੁਤਾਬਕ ਉਹ ਹਮੇਸ਼ਾ ਮੈਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਕਹਿੰਦਾ ਰਹਿੰਦਾ। ਉਨ੍ਹਾਂ ਦਾ ਮੰਨਣਾ ਸੀ ਕਿ ਪਰਿਵਾਰ ਵਿੱਚ ਬੀਬੀਆਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ।

ਗੁਰਦੀਪ ਕੌਰ ਦੱਸਦੇ ਹਨ ਕੇ ਵਿਆਹ ਦੇ ਇਨ੍ਹਾਂ 18 ਸਾਲਾਂ ਵਿੱਚ ਉਹ ਸਿਰਫ 6 ਸਾਲ ਫਿਰੋਜ਼ਪੁਰ ਛਾਉਣੀ ਦੀ ਡਿਊਟੀ ਦੌਰਾਨ ਹੀ ਇਕੱਠੇ ਰਹੇ ਹਨ। ਉਨ੍ਹਾਂ ਨੂੰ ਬਹੁਤ ਚਾਅ ਸੀ ਕਿਉਂ ਕਿ ਗਲੇਸ਼ੀਅਰ ਦੀ 2 ਸਾਲ ਦੀ ਡਿਊਟੀ ਤੋਂ ਬਾਅਦ ਉਨ੍ਹਾਂ ਦੀ ਯੂਨਿਟ ਬਠਿੰਡੇ ਆਉਣ ਵਾਲੀ ਸੀ। 

"ਮੇਰਾ ਪੁੱਤ ਸ਼ਹੀਦੀ ਪਾਕੇ ਸਾਡਾ ਨਾਮ ਰੌਸ਼ਨ ਕਰ ਗਿਆ ਪਰ ਬੜੀਆਂ ਦੁਆਵਾਂ ਨਾਲ ਪੁੱਤ ਮਿਲਿਆ ਸੀ। ਸੋਚਦੀ ਹਾਂ ਕਿ ਲੱਤ ਹੀ ਟੁੱਟ ਜਾਂਦੀ ਘੱਟੋ ਘੱਟ ਅੱਖਾਂ ਸਾਹਮਣੇ ਤਾਂ ਹੁੰਦਾ। ਜਦੋਂ ਉਹ ਪੈਦਾ ਹੋਇਆ ਤਾਂ ਸਾਰਾ ਪਿੰਡ ਬਹੁਤ ਖੁਸ਼ ਹੋਇਆ ਸੀ। ਉਹਦੀ ਸ਼ਹੀਦੀ ਤੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਵੀ ਪਸਰ ਗਈ।" - ਮਾਤਾ ਸ਼ੁਕੰਤਲਾ ਕੌਰ


ਸਿਪਾਹੀ ਗੁਰਵਿੰਦਰ ਸਿੰਘ

PunjabKesari
Unit 3 Punjab Regiment
24 ਮਾਰਚ 2018 ਤੋਂ ਡਿਊਟੀ ਸੀ (2 ਸਾਲ ਡਿਊਟੀ)
2-ਜੂਨ-1998 -15-ਜੂਨ-2020
ਪਿੰਡ ਤੋਲੇਵਾਲ ਜ਼ਿਲ੍ਹਾ ਸੰਗਰੂਰ 

16 ਜੀਆਂ ਦੇ ਵੱਡੇ ਪਰਿਵਾਰ ਦਾ ਇਕਲੌਤਾ ਸਹਾਰਾ ਸ਼ਹੀਦ ਸਿਪਾਹੀ ਗੁਰਵਿੰਦਰ ਸਿੰਘ

ਪਿੰਡ ਰੰਘੜੇਆਲ ਤੋਂ ਤਿਆਰ ਹੋਈ ਪੂਰੀ ਛਾਉਣੀ !
ਇਹ ਕਹਾਣੀ ਪਿੰਡ ਰੰਘੜੇਆਲ ਤੋਂ ਸ਼ੁਰੂ ਹੋਈ ਹੈ। ਇਹ ਪਿੰਡ ਸ਼ਹੀਦ ਗੁਰਵਿੰਦਰ ਸਿੰਘ ਦੇ ਨਾਨਕੇ ਹਨ। ਇਸ ਪਿੰਡ ਦੇ 250 ਤੋਂ ਵੱਧ ਨੌਜਵਾਨ ਭਾਰਤੀ ਫੌਜ ਵਿੱਚ ਹਨ। ਗੁਰਵਿੰਦਰ ਸਿੰਘ ਦੇ ਮਾਮੇ ਮੁਤਾਬਕ 10-15 ਜਵਾਨ ਆਮ ਹੀ ਸਾਡੇ ਪਿੰਡ ਛੁੱਟੀ ਤੇ ਆਏ ਰਹਿੰਦੇ ਹਨ। ਉਨ੍ਹਾਂ ਤੋਂ ਫੌਜ ਦੀਆਂ ਗੱਲਾਂ ਸੁਣ ਕੇ ਨਵੇਂ ਮੁੰਡੇ ਪ੍ਰੇਰਿਤ ਹੋਕੇ ਭਾਰਤੀ ਫੌਜ ਦਾ ਹਿੱਸਾ ਬਣਨ ਦੌੜ ਪੈਂਦੇ ਹਨ। ਸਾਡੇ ਪਿੰਡ ਦੇ ਸਕੂਲ ਦਾ ਸਟੇਡੀਅਮ ਇਨ੍ਹਾਂ ਮੁੰਡਿਆਂ ਦਾ ਖਾਸ ਠਿਕਾਣਾ ਹੈ।

ਇਕਲੌਤਾ ਸਹਾਰਾ 

PunjabKesari
ਗੁਰਵਿੰਦਰ ਸਿੰਘ ਏਥੋਂ ਹੀ ਭਾਰਤੀ ਫੌਜ ਦਾ ਹਿੱਸਾ ਬਣਿਆ। ਪਿੰਡ ਤੋਲੇਵਾਲ ਦੇ ਆਮ ਕਿਸਾਨੀ ਪਰਿਵਾਰ ਦੇ ਗੁਰਵਿੰਦਰ ਸਿੰਘ ਦਾ ਇੱਕੋ ਹੀ ਸੁਫਨਾ ਸੀ ਕਿ ਉਹ ਆਪਣੇ ਪਰਿਵਾਰ ਲਈ ਵੱਡਾ ਸਹਾਰਾ ਬਣੇ। ਗੁਰਵਿੰਦਰ ਸਿੰਘ ਦਾ ਵੱਡਾ ਭਰਾ ਗੁਰਪ੍ਰੀਤ ਸਿੰਘ ਦਸਦਾ ਹੈ ਖੇਤੀ ਗੁਜ਼ਾਰੇ ਜੋਗੀ ਸੀ। ਗੁਰਵਿੰਦਰ ਨੇ ਭਾਰਤੀ ਫੌਜ ਵਿੱਚ ਜਾਕੇ ਸਾਨੂੰ ਸੁਫਨਾ ਦਿੱਤਾ। ਅਸੀਂ ਸਾਰੇ ਚਾਚੇ ਤਾਏ ਇਕਠੇ ਹਾਂ। 16 ਜੀਆਂ ਦੇ ਵੱਡੇ ਪਰਿਵਾਰ ਨੇ ਹੁਣੇ ਹੀ ਪੁਰਾਣੇ ਘਰਾਂ ਤੋਂ ਨਿਕਲਕੇ ਨਵੇਂ ਬਣਾਏ ਘਰਾਂ ਵਿਚ ਆਸਰਾ ਲਿਆ ਸੀ। 

ਗੁਰਵਿੰਦਰ ਸਿੰਘ ਦੇ ਮਾਤਾ ਚਰਨਜੀਤ ਕੌਰ ਕਹਿੰਦੇ ਨੇ ਭਾਰਤੀ ਫੌਜ ਵਿੱਚ ਜਾਣ ਦਾ ਚਾਅ ਸੀ। ਅਸੀਂ ਉਹਨੂੰ ਕਹਿਣਾ ਕਿ ਤੂੰ ਚਾਰ ਜਮਾਤਾਂ ਹੋਰ ਪੜ੍ਹ ਲੈ ਅਤੇ ਇਥੇ ਨੌਕਰੀ ਕਰ ਪਰ ਉਹਦੀ ਧੁਨ ਭਾਰਤੀ ਫੌਜ ਵਿੱਚ ਹੀ ਸੀ। 

ਐਲਬਮ ਵਿੱਚ ਸਮੋਈਆਂ ਯਾਦਾਂ
ਗੁਰਵਿੰਦਰ ਦੀ ਭੈਣ ਸੁਖਜੀਤ ਕੌਰ ਕਹਿੰਦੀ ਹੈ ਕਿ ਉਹਨੇ ਆਪਣੇ ਭਰਤੀ  ਹੋਣ ਤੋਂ ਲੈਕੇ ਹੁਣ ਤੱਕ ਦੀਆਂ ਤਮਾਮ ਯਾਦਗਾਰਾਂ ਨੂੰ ਇੱਕ ਐਲਬਮ ਵਿੱਚ ਸੰਜੋਕੇ ਰੱਖਿਆ ਸੀ। ਇਹ ਐਲਬਮ ਗੁਰਵਿੰਦਰ ਸਿੰਘ ਦੇ ਜੀਜੇ ਨੇ ਹੀ ਬਣਾਕੇ ਦਿੱਤੀ ਸੀ। ਜਦੋਂ ਗੁਰਵਿੰਦਰ ਸਿੰਘ ਫੌਜ ਵਿਚ ਭਰਤੀ ਹੋਇਆ ਸੀ ਤਾਂ ਉਹਨੂੰ ਸਾਰਾ ਪਰਿਵਾਰ ਰੇਲਗੱਡੀ ਤੇ ਸਟੇਸ਼ਨ ਚੜ੍ਹਾਉਣ ਆਇਆ ਸੀ। ਭਾਬੀ ਵੀਰਪਾਲ ਕੌਰ ਦੱਸਦੇ ਹਨ ਇਸ ਸਟੇਸ਼ਨ ਤੇ ਨਜ਼ਾਰਾ ਇੰਝ ਦਾ ਸੀ ਜਿਵੇਂ ਮੁੰਡਾ ਵਲਾਇਤ ਚੱਲਿਆ ਹੈ।

ਪਿਛਲੇ ਸਾਲ ਗੁਰਵਿੰਦਰ ਸਿੰਘ ਦੀ ਮੰਗਣੀ ਹੋਈ ਸੀ। ਮਾਮਾ ਜਗਸੀਰ ਸਿੰਘ ਮੁਤਾਬਕ ਭਰਤੀ ਹੋਣ ਤੋਂ ਬਾਅਦ ਉਹ ਸਿਰਫ ਲੇਹ ਨੂੰ ਜਾਂਦਿਆਂ ਤਿੰਨ ਦਿਨ ਦੀ ਛੁੱਟੀ ਵਿੱਚ ਹੀ ਘਰ ਮਿਲਕੇ ਗਿਆ ਸੀ। ਉਹ ਪਿਛਲੇ 10 ਮਹੀਨਿਆਂ ਤੋਂ ਗਲੇਸ਼ੀਅਰ ਤੇ ਡਿਊਟੀ ਦੇ ਰਿਹਾ ਸੀ। 

PunjabKesari

ਪਾਣੀ ਵਾਰਨ ਦਾ ਚਾਅ ਹੀ ਰਹਿ ਗਿਆ 
ਪਰਿਵਾਰ ਵਿਚ ਇਹ ਵਿਚਾਰਾਂ ਚੱਲਦੀਆਂ ਸਨ ਕਿ ਹੁਣ ਉਹ ਜਿਸ ਦਿਨ ਛੁੱਟੀ ’ਤੇ ਆਵੇਗਾ ਉਸ ਦਾ ਵਿਆਹ ਕਰਾਂਗੇ। ਭਾਬੀ ਵੀਰਪਾਲ ਕੌਰ ਮੁਤਾਬਕ ਸਾਡੇ ਵਿਆਹ ਨੂੰ 15 ਸਾਲ ਹੋ ਗਏ ਹਨ। ਇਸ ਪਰਿਵਾਰ ਵਿੱਚ ਜਦੋਂ ਮੈਂ ਵਿਆਹ ਕੇ ਆਈ ਸਾਂ ਉਦੋਂ ਗੁਰਵਿੰਦਰ ਸਿੰਘ ਨਿੱਕਾ ਜਿਹਾ ਸੀ। ਉਹ ਮੈਨੂੰ ਭਾਬੀ ਨਹੀਂ ਬਾਈ ਜਾਂ ਮਾਂ ਕਹਿੰਦਾ ਸੀ। ਸਾਡਾ ਰਿਸ਼ਤਾ ਮਾਵਾਂ ਪੁੱਤਾਂ ਵਾਲਾ ਸੀ। ਇਹਨਾਂ ਦਿਨਾਂ ਵਿੱਚ ਸਾਡੇ ਪਰਿਵਾਰ ਦੀਆਂ ਇਹ ਗੱਲਾਂ ਹੁੰਦੀਆਂ ਸਨ, ਉਹਦਾ ਵਿਆਹ ਕਰਾਂਗੇ ਅਤੇ ਖੁਸ਼ੀਆਂ ਇੰਝ ਮਨਾਵਾਂਗੇ।

ਸ਼ਹੀਦ ਗੁਰਵਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਦਾ ਭਰਾ ਇਹੋ ਪੱਕਾ ਕਰਦਾ ਰਹਿੰਦਾ ਸੀ ਕੇ ਸਾਰਾ ਪਰਿਵਾਰ ਇੱਕਠਾ ਅਤੇ ਮਿਲ ਜੁਲ ਕੇ ਰਹੇ। ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਚੰਗਾ ਹੋਵੇਗਾ ਜੇ ਸਾਡੇ ਇਲਾਕੇ ਦੀਆਂ ਸਾਡੇ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਸਰਕਾਰ ਮੇਰੇ ਭਰਾ ਨੂੰ ਸਮਰਪਿਤ ਕਰਕੇ ਸੋਹਣੀਆਂ ਬਣਾ ਦੇਵੇ।

ਸਿਪਾਹੀ ਗੁਰਤੇਜ ਸਿੰਘ

PunjabKesari
Unit 3 Punjab Regiment
8-ਦਿਸੰਬਰ-2018 ਤੋਂ ਡਿਊਟੀ ਸੀ ( ਡੇੜ ਸਾਲ ਡਿਊਟੀ)
15-ਨਵੰਬਰ-1997-15-ਜੂਨ-2020
ਪਿੰਡ ਬੀਰੇਵਾਲਾ ਡੋਗਰਾ ਜ਼ਿਲ੍ਹਾ ਮਾਨਸਾ

ਪਿੰਡ ਦੇ ਗੁਰਦੁਆਰੇ ਦੀ ਡਿਊਟੀ ਤੋਂ ਲੈਕੇ ਸਰਹੱਦਾਂ ਤੇ ਡਿਊਟੀ ਕਰਨ ਵਾਲਾ ਸ਼ਹੀਦ ਸਿੱਖ ਗੁਰਤੇਜ ਸਿੰਘ
ਪਿੰਡ ਬੀਰੇਵਾਲਾ ਡੋਗਰਾ ਦੇ ਪਰਿਵਾਰ 47 ਦੀ ਵੰਡ ਦਾ ਝੰਬਿਆ ਲਾਹੌਰ ਤੋਂ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਤੋਂ ਮਾਨਸਾ ਦੇ ਇਸ ਪਿੰਡ ਆਕੇ ਵੱਸਿਆ। ਮਾਤਾ ਪ੍ਰਕਾਸ਼ ਕੌਰ ਅਤੇ ਪਿਤਾ ਵਿਰਸਾ ਸਿੰਘ ਦਾ ਇਹ ਮੁੰਡਾ ਸਭ ਤੋਂ ਨਿੱਕਾ ਸੀ। 

PunjabKesari

ਗੁਰਦੁਆਰੇ ਪਾਠ ਕਰਦਾ ਗੁਰਤੇਜ ਸਿੰਘ
22 ਸਾਲ ਦੀ ਨਿੱਕੀ ਜਿਹੀ ਉਮਰ ਵਿਚ ਸ਼ਹੀਦੀ ਪਾਉਣ ਵਾਲਾ ਸਿਪਾਹੀ ਗੁਰਤੇਜ ਸਿੰਘ ਗੁਰਬਾਣੀ ਦੇ ਆਸਰੇ ਵਾਲਾ ਸਿੰਘ ਸੀ। ਪਿੰਡ ਵਾਲੇ ਦੱਸਦੇ ਹਨ ਕਿ ਜਦੋਂ ਪਿੰਡ ਦੇ ਭਾਈ ਜੀ ਨੇ ਵਾਂਡੇ ਕਿਸੇ ਕੰਮ ਜਾਣਾ ਤਾਂ ਗੁਰਦੁਆਰਾ ਸਾਹਿਬ ਦੀ ਸਵੇਰ-ਸ਼ਾਮ ਦੀ ਡਿਊਟੀ ਗੁਰਤੇਜ ਸਿੰਘ ਨੂੰ ਸੌਂਪ ਜਾਣੀ। ਗੁਰਤੇਜ ਸਿੰਘ ਨੇ ਨਿੱਕੀ ਉਮਰ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ। ਉਹਨੇ ਨਾਨ ਮੈਡੀਕਲ ਵਿੱਚ ਬਾਰ੍ਹਵੀਂ ਕੀਤੀ। ਗ੍ਰੈਜੂਏਸ਼ਨ ਦੇ ਪਹਿਲੇ ਸਾਲ ਵਿਚ ਹੀ ਪੜ੍ਹਾਈ ਵਿਚੇ ਛੱਡਕੇ ਗੁਰਤੇਜ ਸਿੰਘ ਨੇ ਪਟਿਆਲੇ ਵਿਖੇ ਭਾਰਤੀ ਫੌਜ ਵਿੱਚ ਹਿੱਸਾ ਲੈ ਲਿਆ। 9 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਸਿਪਾਹੀ ਗੁਰਤੇਜ ਸਿੰਘ ਪਿਛਲੇ 4 ਮਹੀਨਿਆਂ ਤੋਂ ਹੀ ਗਲੇਸ਼ੀਅਰ ਵਿਖੇ ਡਿਊਟੀ ’ਤੇ ਸੀ। ਗੁਰਤੇਜ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਮੁਤਾਬਕ ਉਹ ਆਖਰੀ ਵੇਲੇ ਪਿਛਲੇ ਸਾਲ ਨਵੰਬਰ ਵਿਚ ਮਿਲੇ ਸਨ। 

ਸਿਦਕ ਵਾਲ਼ਾ ਪੁੱਤ

PunjabKesari
ਗੁਰਤੇਜ ਸਿੰਘ ਦੇ ਮਾਤਾ ਪ੍ਰਕਾਸ਼ ਕੌਰ ਅਤੇ ਪਿੰਡ ਵਾਲੇ ਦੱਸਦੇ ਹਨ ਕਿ ਗੁਰਤੇਜ ਸਿੰਘ ਬਹੁਤ ਸਿਦਕ ਵਾਲਾ ਮੁੰਡਾ ਸੀ। ਤਿੰਨ ਭਰਾਵਾਂ ਵਿੱਚੋਂ ਸਭ ਤੋਂ ਨਿੱਕਾ ਹੋਣ ਕਰਕੇ ਉਹ ਪਰਿਵਾਰ ਦਾ ਲਾਡਲਾ ਸੀ। ਨਿੱਕੀ ਕਿਸਾਨੀ ਹੋਣ ਕਰਕੇ ਸਾਰੀ ਜ਼ਿੰਦਗੀ ਪਰਿਵਾਰ ਨੇ ਤੰਗੀਆਂ ਹੀ ਝੱਲੀਆਂ ਹਨ। ਗੁਰਤੇਜ ਸਿੰਘ ਦੀ ਨੌਕਰੀ ਦਾ ਪਰਿਵਾਰ ਨੂੰ ਬਹੁਤ ਸਹਾਰਾ ਸੀ। ਗੁਰਤੇਜ ਦੇ ਦੋਵੇਂ ਵੱਡੇ ਭਰਾ ਪ੍ਰਾਈਵੇਟ ਨੌਕਰੀਆਂ ਕਰਦੇ ਹਨ। ਗੁਰਤੇਜ ਸਿੰਘ ਦੀ ਸ਼ਹੀਦੀ ਤੋਂ ਇਕ ਦਿਨ ਪਹਿਲਾਂ ਹੀ ਵੱਡੇ ਭਰਾ ਦਾ ਵਿਆਹ ਹੋਇਆ ਸੀ। ਇਸ ਵਿਆਹ ਲਈ ਸਿਪਾਹੀ ਗੁਰਤੇਜ ਸਿੰਘ ਨੂੰ ਛੁੱਟੀ ਨਹੀਂ ਮਿਲੀ ਸੀ। 

ਗੁਰਤੇਜ ਸਿੰਘ ਦੀ ਮੋਡੀਫਾਈ ਆਰਮੀ ਜੀਪ
ਗੁਰਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਦੋਵੇਂ ਵੱਡੇ ਭਰਾਵਾਂ ਨੇ ਗੁਰਤੇਜ ਸਿੰਘ ਲਈ ਮੋਡਿਫਾਈ ਜੀਪ ਬਣਵਾਈ ਸੀ। ਫੌਜੀ ਰੰਗੀ ਇਸ ਜੀਪ 'ਤੇ ਪਹਿਲੀ ਅਤੇ ਆਖਰੀ ਵਾਰ ਨਵੰਬਰ ਦੀਆਂ ਛੁੱਟੀਆਂ ਵਿਚ ਹੀ ਘੁੰਮਿਆ ਸੀ। ਇਹ ਜੀਪ ਗੁਰਤੇਜ ਸਿੰਘ ਦੇ ਘਰ ਪਿੰਡ ਬੀਰੇਵਾਲਾ ਖੜ੍ਹੀ ਹੈ। 

ਆਖਰੀ ਗੱਲਬਾਤ

PunjabKesari
ਪਰਿਵਾਰ ਵਾਲੇ ਦੱਸਦੇ ਹਨ ਕਿ ਉਨ੍ਹਾਂ ਦੀ ਆਖਰੀ ਵੀਡੀਓ ਕਾਲ 8 ਮਈ ਨੂੰ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਇੱਕਾ ਦੁੱਕਾ ਗੱਲਬਾਤ ਫੋਨ ਰਾਹੀਂ ਹੀ ਹੋਈ ਹੈ। ਗੱਲਬਾਤ ਦੌਰਾਨ ਉਹਨੇ ਇਹੋ ਕਿਹਾ ਸੀ ਅਤੇ ਛੁੱਟੀ ਨਹੀਂ ਮਿਲੀ ਤੁਸੀਂ ਵਿਆਹ ਕਰਵਾਓ, ਜਦੋਂ ਮੈਂ ਆਵਾਂਗਾ ਤਾਂ ਪਾਰਟੀ ਕਰਾਂਗੇ।

ਸ਼ਹੀਦ ਗੁਰਤੇਜ ਸਿੰਘ ਦੇ ਸਸਕਾਰ ਵੇਲੇ ਆਲੇ ਦੁਆਲੇ ਤੋਂ ਸੰਗਤਾਂ ਦਾ ਵੱਡਾ ਹਜੂਮ ਸੀ। ਗੁਰਪ੍ਰੀਤ ਸਿੰਘ ਮੁਤਾਬਕ ਉਸ ਦਿਨ ਨੇੜਲੇ ਪਿੰਡ ਸੈਦੇਵਾਲਾ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਦੁਆਰਾ ਸਾਹਿਬ ਨੇ ਲੰਗਰ ਦਾ ਪ੍ਰਬੰਧ ਕੀਤਾ। ਉਨ੍ਹਾਂ ਦਾ ਨਿੱਕਾ ਭਰਾ ਜੋ ਸ਼ਹੀਦੀ ਪਾ ਗਿਆ ਉਹਦੀ ਮਿਸਾਲ ਰਹਿੰਦੀ ਦੁਨੀਆਂ ਤੱਕ ਸਾਡੇ ਇਲਾਕੇ ਵਿਚ ਰਹੇਗੀ। 

ਜੋ ਨਹੀਂ ਸੀ ਹੋਣਾ ਚਾਹੀਦਾ
ਇਹ ਰਿਪੋਰਟ ਵੀ ਕੀਤਾ ਗਿਆ ਹੈ ਕਿ ਸੂਬੇਦਾਰ ਸਤਨਾਮ ਸਿੰਘ ਦੇ ਪਿੰਡ ਭੋਜਰਾਜ ਤੋਂ ਹਜ਼ਾਰਾਂ ਦੇ ਇਕੱਠ ਵਿਚ ਕਈਆਂ ਦੇ ਬਟੂਏ ਵੀ ਚੋਰੀ ਹੋ ਗਏ। ਇੰਝ ਦੀਆਂ ਹੀ ਖਬਰਾਂ ਪਿੰਡ ਬੀਰੇਵਾਲਾ ਡੋਗਰਾ ਤੋਂ ਸੁਣਨ ਨੂੰ ਮਿਲੀਆਂ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਅਜੇਹੇ ਇਕੱਠ ਵਿੱਚ, ਜਿਨ੍ਹਾਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਮੰਦਭਾਗਾ ਹੈ।
 


rajwinder kaur

Content Editor

Related News