ਗਡਕਰੀ ਨੇ ਚੁੱਘ ਨੂੰ ਪੰਜਾਬ ਦੇ ਹਿੱਤ ''ਚ ਤੇਜ਼ੀ ਨਾਲ ਵਿਚਾਰ ਕਰਨ ਦਾ ਦਿੱਤਾ ਭਰੋਸਾ

Friday, Aug 11, 2017 - 04:21 AM (IST)

ਗਡਕਰੀ ਨੇ ਚੁੱਘ ਨੂੰ ਪੰਜਾਬ ਦੇ ਹਿੱਤ ''ਚ ਤੇਜ਼ੀ ਨਾਲ ਵਿਚਾਰ ਕਰਨ ਦਾ ਦਿੱਤਾ ਭਰੋਸਾ

ਅੰਮ੍ਰਿਤਸਰ,   (ਕਮਲ)-  ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੰਤਰੀ ਤਰੁਣ ਚੁੱਘ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਪੰਜਾਬ 'ਚ ਉਨ੍ਹਾਂ ਦੇ ਵਿਭਾਗ ਵੱਲੋਂ ਚਲਾਏ ਜਾ ਰਹੇ ਸੜਕਾਂ ਦੇ ਨਿਰਮਾਣ ਕੰਮਾਂ 'ਤੇ ਸੰਤੋਸ਼ ਪ੍ਰਗਟ ਕੀਤਾ। ਚੁੱਘ ਨੇ ਕਿਹਾ ਕਿ ਬੀਤੀ ਭਾਜਪਾ-ਅਕਾਲੀ ਸਰਕਾਰ ਨੇ 22 'ਚੋਂ 18 ਜ਼ਿਲਾ ਹੈੱਡਕੁਆਰਟਰਾਂ ਨੂੰ ਫੋਰ ਲੇਨ/ਸਿਕਸ ਲੇਨ ਨਾਲ ਜੋੜਿਆ। ਕੈਬਨਿਟ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ਦੇ ਬਾਕੀ 4 ਜ਼ਿਲਾ ਹੈੱਡਕੁਆਰਟਰਾਂ ਫਿਰੋਜ਼ਪੁਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਨੂੰ ਵੀ ਫੋਰ ਲੇਨ/ਸਿਕਸ ਲੇਨ ਨਾਲ ਜੋੜ ਕੇ ਉਪਰੋਕਤ ਖੇਤਰ ਦੀ ਜਨਤਾ ਨੂੰ ਰਾਹਤ ਦਿੱਤੀ ਜਾਵੇ।
ਚੁੱਘ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਮਾਰਗ ਦੇ ਨਿਰਮਾਣ ਕਾਰਜ ਨੂੰ ਜਲਦ ਸ਼ੁਰੂ ਕਰਵਾਉਣ ਲਈ ਗਡਕਰੀ ਦਾ ਧੰਨਵਾਦ ਕਰਦੇ ਹੋਏ ਸੁਝਾਅ ਦਿੱਤਾ ਕਿ ਪੰਜਾਬ 'ਚ ਉਪਰੋਕਤ ਐਕਸਪ੍ਰੈੱਸ ਮਾਰਗ ਨੂੰ ਪਠਾਨਕੋਟ ਤੋਂ ਆਰੰਭ ਕਰ ਕੇ ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਰਨਾਲਾ, ਸਮਾਣਾ ਹੁੰਦੇ ਹੋਏ ਹਰਿਆਣਾ 'ਚ ਦਾਖਲ ਹੋਣਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦੇ ਉਪਰੋਕਤ ਖੇਤਰਾਂ 'ਚ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਮਿਲ ਸਕੇ। ਚੁੱਘ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਉਪਰੋਕਤ ਪ੍ਰਾਜੈਕਟ 'ਚ ਰਾਜ ਦੀ ਲਾਗਤ 'ਚੋਂ ਹਿੱਸੇਦਾਰੀ ਦੇਣ 'ਚ ਅਸਮਰੱਥਾ ਪ੍ਰਗਟ ਕਰਨ ਦੇ ਬਾਵਜੂਦ ਗਡਕਰੀ ਵੱਲੋਂ ਇਤਿਹਾਸਕ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਚੁੱਘ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਹਿੱਤ 'ਚ ਉਨ੍ਹਾਂ ਦੇ ਸੁਝਾਵਾਂ ਤਹਿਤ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। 


Related News