ਜੀ. ਐੱਸ. ਟੀ. ਵਿਭਾਗ ਵੱਲੋਂ ਸੈਮੀਨਾਰ
Sunday, Jan 28, 2018 - 12:10 AM (IST)

ਗੁਰਦਾਸਪੁਰ, (ਵਿਨੋਦ)- ਜੀ. ਐੱਸ. ਟੀ. ਵਿਭਾਗ ਵੱਲੋਂ ਵਪਾਰੀ ਵਰਗ ਨੂੰ ਜੀ.ਐੱਸ.ਟੀ ਅਧੀਨ ਈ-ਵੇਅ ਬਿਲਿੰਗ ਸੰਬੰਧੀ ਜਾਗਰੂਕ ਕਰਨ ਲਈ ਇਕ ਰੈਸਟੋਰੈਂਟ 'ਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸੇਲ ਟੈਕਸ ਸੰਬੰਧੀ ਸਾਰੇ ਵਕੀਲ, ਪ੍ਰਮੁੱਖ ਵਪਾਰੀ ਤੇ ਹੋਲਸੇਲ ਕਾਰੋਬਾਰੀ ਸ਼ਾਮਲ ਹੋਏ। ਸੈਮੀਨਾਰ 'ਚ ਵਿਭਾਗ ਦੇ ਸਹਾਇਕ ਕਮਿਸ਼ਨਰ ਰਾਜੇਸ਼ ਕੁਮਾਰ ਮੀਨਾ, ਅਸਿਸਟੈਂਟ ਕਮਿਸ਼ਨਰ ਵਰੁਣ ਸੈਣੀ, ਸੁਪਰਡੈਂਟ ਕੇ. ਪੀ. ਸਿੰਘ, ਤਰਸੇਮ ਲਾਲ ਅਤੇ ਰਾਜੇਸ਼ ਸਾਰਸਵਤ, ਹੋਲਸੇਲ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ, ਸੰਦੀਪ ਮਹਾਜਨ ਸੀ. ਏ., ਸਮਰਥ ਮਹਾਜਨ ਆਦਿ ਸ਼ਾਮਲ ਹੋਏ। ਵਿਭਾਗੀ ਅਧਿਕਾਰੀਆਂ ਨੇ ਸੈਮੀਨਾਰ ਵਿਚ ਸੰਬੋਧਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਜਦੋਂ ਕੋਈ ਵਪਾਰੀ 50 ਹਜ਼ਾਰ ਰੁਪਏ ਤੋਂ ਵੱਧ ਰਾਸ਼ੀ ਦਾ ਬਿੱਲ ਕੱਟਦਾ ਹੈ ਤਾਂ ਉਸ ਨੂੰ ਈ-ਵੇਅ ਅਧੀਨ ਆਪਣੇ ਉਕਤ ਬਿੱਲ ਦੀ ਜਾਣਕਾਰੀ ਵਿਭਾਗ ਨੂੰ ਈ. ਮੇਲ 'ਤੇ ਦੇਣੀ ਜ਼ਰੂਰੀ ਹੋਵੇਗੀ। ਇਸ ਤਰ੍ਹਾਂ ਸਾਰੇ ਟਰਾਂਸਪੋਰਟ ਨੂੰ ਵੀ ਆਪਣੀ ਆਈ.ਡੀ. ਜਨਰੇਟ ਕਰਨੀ ਹੋਵੇਗੀ। ਜਦੋਂ 50 ਹਜ਼ਾਰ ਰੁਪਏ ਦੀ ਰਾਸ਼ੀ ਤੋਂ ਵੱਧ ਦੇ ਬਿੱਲ ਸੰੰਬੰਧੀ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਜਾਂਦਾ ਤਾਂ ਉਹ ਸਾਮਾਨ ਦੋ ਨੰਬਰ ਵਿਚ ਵੇਚਿਆ ਮੰਨਿਆ ਜਾਵੇਗਾ, ਜਿਸ ਦੇ ਫੜੇ ਜਾਣ 'ਤੇ ਬਣਦੇ ਟੈਕਸ ਦੇ ਬਰਾਬਰ ਜੁਰਮਾਨਾ ਅਦਾ ਕਰਨਾ ਹੋਵੇਗਾ। ਇਸ ਸਮੇਂ ਅਧਿਕਾਰੀਆਂ ਨੇ ਵਪਾਰੀਆਂ ਤੇ ਵਕੀਲਾਂ ਵੱਲੋਂ ਜੀ.ਐੱਸ.ਟੀ ਅਤੇ ਈ-ਵੇਅ ਸੰਬੰਧੀ ਪੁੱਛੇ ਕਈ ਸਵਾਲਾਂ ਦਾ ਸਰਲ ਭਾਸ਼ਾ ਵਿਚ ਜਵਾਬ ਦਿੱਤਾ।