ਜੀ. ਐੱਨ. ਡੀ. ਯੂ. ਮੂਹਰੇ ਸਰਕਾਰ ਖਿਲਾਫ ਨਾਅਰੇਬਾਜ਼ੀ

Thursday, Apr 12, 2018 - 04:31 AM (IST)

ਜੀ. ਐੱਨ. ਡੀ. ਯੂ. ਮੂਹਰੇ ਸਰਕਾਰ ਖਿਲਾਫ ਨਾਅਰੇਬਾਜ਼ੀ

ਅੰਮ੍ਰਿਤਸਰ,  (ਸੰਜੀਵ)-  ਪੰਜਾਬ ਫੈੱਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ. ਐੱਫ. ਯੂ. ਟੀ. ਸੀ. ਓ.) ਵੱਲੋਂ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸਮੇਤ ਵੱਖਰੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੈਲੀ ਦਾ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਆਰਗੇਨਾਈਜ਼ੇਸ਼ਨ ਦੇ ਆਗੂ ਪ੍ਰੋ. ਜਗਵੰਤ ਸਿੰਘ ਤੇ ਪੀ. ਸੀ. ਸੀ. ਟੀ. ਯੂ. ਦੇ ਜਨਰਲ ਸਕੱਤਰ ਵਿਨੇ ਸੋਫਤ ਨੇ ਕਿਹਾ ਕਿ ਸਰਕਾਰ ਵੱਲੋਂ ਉੱਚ ਸਿੱਖਿਆ ਨੂੰ ਬੜ੍ਹਾਵਾ ਦੇਣ ਦੇ ਮਾਮਲੇ 'ਚ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਨਾਲ ਸਿੱਖਿਆ ਦਾ ਪੱਧਰ ਦਿਨੋ-ਦਿਨ ਡਿੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜਾਂ ਵਿਚ ਲਗਭਗ 70 ਫ਼ੀਸਦੀ ਅਧਿਆਪਕਾਂ ਦੇ ਅਹੁਦੇ ਖਾਲੀ ਪਏ ਹੋਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੈਗੂਲਰ ਪਦਾਂ 'ਤੇ ਟੀਚਰ ਭਰਤੀ ਕਰਨ ਦੀ ਬਜਾਏ ਠੇਕੇ 'ਤੇ 15-15 ਹਜ਼ਾਰ ਤਨਖਾਹ ਦੇ ਕੇ ਅਧਿਆਪਕ ਰੱਖੇ ਜਾ ਰਹੇ ਹਨ। ਇੰਨਾ ਹੀ ਨਹੀਂ, ਸਿੱਖਿਆ ਸਥਾਨਾਂ 'ਤੇ ਆਪਣੇ ਖਰਚੇ ਕੱਢਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜਦੋਂ ਕਿ ਮਾਤਾ-ਪਿਤਾ ਬੱਚਿਆਂ ਦੀਆਂ ਭਾਰੀ ਮਾਤਰਾ 'ਚ ਫੀਸਾਂ ਭਰਨ ਵਿਚ ਅਸਮਰੱਥ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਹੋਵੇਗਾ।
ਰੈਲੀ ਨੂੰ ਪ੍ਰਧਾਨ ਮੁਖਵਿੰਦਰ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ ਰੰਧਾਵਾ ਪ੍ਰਧਾਨ ਡੀ. ਏ. ਵੀ. ਜਲੰਧਰ, ਪੀ. ਸੀ. ਸੀ. ਟੀ. ਯੂ. ਦੇ ਜ਼ਿਲਾ ਪ੍ਰਧਾਨ ਮਲਕੀਅਤ ਸਿੰਘ, ਕਾਰਜਕਾਰਨੀ ਮੈਂਬਰ ਬੀ. ਬੀ. ਯਾਦਵ ਤੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਸੰਬੋਧਨ ਕੀਤਾ।


Related News