ਜੀ. ਆਰ. ਪੀ. ਨੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਕੀਤੇ ਕਾਬੂ

Thursday, Mar 01, 2018 - 04:41 AM (IST)

ਜੀ. ਆਰ. ਪੀ. ਨੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਕੀਤੇ ਕਾਬੂ

ਲੁਧਿਆਣਾ (ਵਿਪਨ)    ਸਥਾਨਕ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਸ ਵੱਲੋਂ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਟਰੇਨਾਂ 'ਚ ਸੌਂ ਰਹੇ ਯਾਤਰੀਆਂ ਦਾ ਸਾਮਾਨ ਚੁੱਕਣ ਤੇ ਰੇਲਵੇ ਸਟੇਸ਼ਨਾਂ ਤੋਂ ਨਿਕਲਦੇ ਸੁੰਨਸਾਨ ਰਸਤਿਆਂ 'ਤੇ ਹਥਿਆਰਾਂ ਦੇ ਬਲ 'ਤੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਕੁਝ ਮੈਂਬਰ ਰੇਲਵੇ ਸਟੇਸ਼ਨ 'ਤੇ ਬੈਠੇ ਹਨ।  ਸੂਚਨਾ ਮਿਲਦੇ ਹੀ ਏ. ਐੱਸ. ਆਈ. ਜੀਵਨ ਸਿੰਘ ਤੇ ਏ. ਐੱਸ. ਆਈ. ਕੈਲਾਸ਼ ਚੰਦ ਨੂੰ ਪੁਲਸ ਪਾਰਟੀ ਨਾਲ ਛਾਪੇਮਾਰੀ ਕਰਨ ਲਈ ਭੇਜਿਆ ਗਿਆ। ਜੀਵਨ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪਲੇਟ ਫਾਰਮ ਨੰ. 1 'ਤੇ ਰੇਲ ਮੇਲ ਸਰਵਿਸ ਦਫਤਰ ਦੇ ਨੇੜੇ ਛਾਪੇਮਾਰੀ ਕੀਤੀ ਗਈ ਤਾਂ ਉਥੇ ਬੈਠੇ ਕੁੱਝ ਨੌਜਵਾਨਾਂ ਨੇ ਪੁਲਸ ਨੂੰ ਦੇਖ ਉਥੋਂ ਭੱਜਣ ਦਾ ਯਤਨ ਕੀਤਾ, ਉਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਤੇਜ਼ਧਾਰ ਹਥਿਆਰ ਤੇ ਯਾਤਰੀਆਂ ਦੇ ਚੋਰੀ ਕੀਤੇ 9 ਮੋਬਾਇਲ ਫੋਨ ਬਰਾਮਦ ਹੋਏ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਜ਼ਿਲਾ ਬਸਤੀ ਦੇ ਰਹਿਣ ਵਾਲੇ ਅਜੇ, ਬਠਿੰਡਾ ਦੇ ਰਹਿਣ ਵਾਲੇ ਵਿਕਾਸ ਭੰਡਾਰੀ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਸ਼ੋਕ ਕੁਮਾਰ, ਕਾਠਮੰਡੂ ਨੇਪਾਲ ਦੇ ਰਹਿਣ ਵਾਲੇ ਸੁਨੀਲ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News