ਵਿਦਿਆਰਥੀਆਂ ਦਾ ਭਵਿੱਖ ਸਰਕਾਰ ਵੱਲੋਂ ਪਾਇਆ ਜਾ ਰਿਹੈ ਖਤਰੇ ''ਚ
Friday, Nov 24, 2017 - 05:47 AM (IST)

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਸੁਖਪਾਲ, ਪਵਨ, ਦਰਦੀ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਜਦੋਂ ਤੋਂ ਪੰਜਾਬ ਵਿਚ ਬਣੀ ਹੈ, ਉਦੋਂ ਤੋਂ ਹੀ ਇਸ ਸਰਕਾਰ ਨੇ ਨਵੇਂ ਤੋਂ ਨਵਾਂ ਵਿਵਾਦ ਖੜ੍ਹਾ ਕਰ ਕੇ ਲੋਕਾਂ ਲਈ ਵਖਤ ਪਾਇਆ ਹੋਇਆ ਹੈ। ਕਦੇ ਸੂਬੇ ਵਿਚ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਤੇ ਕਦੇ ਪੰਜਾਬ 'ਚ ਚੱਲ ਰਹੇ ਕਰੀਬ 26 ਹਜ਼ਾਰ 700 ਆਂਗਣਵਾੜੀ ਕੇਂਦਰਾਂ ਵਿਚ ਆਉਣ ਵਾਲੇ ਬੱਚਿਆਂ ਨੂੰ ਵਰਕਰਾਂ ਤੇ ਹੈਲਪਰਾਂ ਕੋਲੋਂ ਖੋਹ ਕੇ ਸਰਕਾਰੀ ਸਕੂਲਾਂ ਵਿਚ ਭੇਜਣ ਦਾ ਫੈਸਲਾ। ਹੋਰ ਵੀ ਕਈ ਅਜਿਹੇ ਫੈਸਲੇ ਸਰਕਾਰ ਨੇ ਕੀਤੇ, ਜੋ ਲੋਕ ਮਾਰੂ ਹਨ।
ਹੁਣ ਸਿੱਖਿਆ ਸਬੰਧੀ ਹੀ ਸਰਕਾਰ ਦਾ ਇਕ ਨਵਾਂ ਫਰਮਾਨ ਸਾਹਮਣੇ ਆਇਆ ਹੈ ਕਿ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਲੜਕੀਆਂ ਦੇ ਗੁਰੂ ਨਾਨਕ ਕਾਲਜ ਅਤੇ ਗੁਰਦੁਆਰਾ ਟਿੱਬੀ ਸਾਹਿਬ ਦੇ ਵਿਚਕਾਰ ਚੱਲ ਰਹੇ ਸਰਕਾਰੀ ਰਿਜਨਲ ਸੈਂਟਰ ਨੂੰ ਹਲਕਾ ਗਿੱਦੜਬਾਹਾ ਦੇ ਪਿੰਡ ਕਾਉਣੀ ਜੋ ਇਥੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਵਿਖੇ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਜਿਥੇ ਵਿਦਿਆਰਥੀ ਵਰਗ, ਉਨ੍ਹਾਂ ਦੇ ਮਾਪੇ, ਰਿਜਨਲ ਸੈਂਟਰ ਦਾ ਸਮੁੱਚਾ ਸਟਾਫ਼ ਤੇ ਆਮ ਵਰਗ ਦੇ ਸਾਰੇ ਲੋਕ ਨਿਰਾਸ਼ ਹਨ, ਉਥੇ ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਨਾਲ ਸਬੰਧਤ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਇਸ ਗੱਲ ਦਾ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਰਿਜਨਲ ਸੈਂਟਰ ਨੂੰ ਇਥੋਂ ਤਬਦੀਲ ਨਹੀਂ ਹੋਣ ਦੇਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਦਾ ਇਹ ਫੈਸਲਾ ਬਿਲਕੁਲ ਗਲਤ ਹੈ ਤੇ ਉਕਤ ਰਿਜਨਲ ਸੈਂਟਰ ਵਿਚ ਪੜ੍ਹ ਰਹੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਉਕਤ ਸੈਂਟਰ ਵਿਚ ਕਰੀਬ 425 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿਚੋਂ 300 ਦੇ ਲਗਭਗ ਇਕੱਲੀਆਂ ਲੜਕੀਆਂ ਹੀ ਹਨ, ਜਿਨ੍ਹਾਂ ਦੇ ਭਵਿੱਖ ਨੂੰ ਖਤਰੇ ਵਿਚ ਪਾਉਣ ਦੀਆਂ ਸਰਕਾਰ ਤਿਆਰੀਆਂ ਕਰ ਰਹੀ ਹੈ।
27 ਨੂੰ ਟੀਮ ਆ ਰਹੀ ਹੈ ਸ੍ਰੀ ਮੁਕਤਸਰ ਸਾਹਿਬ
ਜਾਣਕਾਰੀ ਅਨੁਸਾਰ ਇਸ ਮਸਲੇ ਨੂੰ ਲੈ ਕੇ ਸੈਂਟਰ ਦੇ ਸਟਾਫ਼ ਅਤੇ ਇਥੇ ਪੜ੍ਹ ਰਹੇ ਲੜਕੇ-ਲੜਕੀਆਂ ਦਾ ਪੱਖ ਜਾਣਨ ਲਈ ਇਕ ਵਿਸ਼ੇਸ਼ ਟੀਮ 27 ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਰਹੀ ਹੈ।
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਸੀ ਮੀਟਿੰਗ
ਰਿਜਨਲ ਸੈਂਟਰ ਨੂੰ ਇਥੋਂ ਤਬਦੀਲ ਕਰ ਕੇ ਪਿੰਡ ਕਾਉਣੀ ਲਿਜਾਣ ਲਈ ਚੰਡੀਗੜ੍ਹ ਵਿਖੇ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਹ ਮਸਲਾ ਭਖ ਗਿਆ।
ਮਾਲਵੇ ਦੇ ਕਈ ਸ਼ਹਿਰਾਂ ਤੇ ਪਿੰਡਾਂ ਦੇ ਬੱਚੇ ਆਉਂਦੇ ਹਨ ਪੜ੍ਹਨ
ਮਾਲਵਾ ਖੇਤਰ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਤੋਂ ਬੱਚੇ ਇਸ ਸੈਂਟਰ ਵਿਚ ਪੜ੍ਹਨ ਲਈ ਆਉਂਦੇ ਹਨ। ਇਨ੍ਹਾਂ ਬੱਚਿਆਂ ਦਾ ਕਾਉਣੀ ਪਿੰਡ ਜਾਣਾ ਤਾਂ ਬੇਹੱਦ ਔਖਾ ਹੋਵੇਗਾ।
ਇਕ ਕਰੋੜ ਦੀ ਹੋਈ ਸੀ ਗ੍ਰਾਂਟ ਜਾਰੀ
ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਜਨਲ ਸੈਂਟਰ ਦੀ ਇਮਾਰਤ ਬਣਾਉਣ ਲਈ 5 ਏਕੜ ਜ਼ਮੀਨ ਦਿੱਤੀ ਗਈ ਹੈ ਤੇ ਸਾਬਕਾ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸਮੇਂ ਇਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਤੇ ਕੰਮ ਸ਼ੁਰੂ ਹੋ ਚੁੱਕਾ ਸੀ।
ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਪੱਖ
ਇਸ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਜੀ. ਐੱਸ. ਚੱਢਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦਾ ਰਿਜਨਲ ਸੈਂਟਰ ਕਿਧਰੇ ਵੀ ਤਬਦੀਲ ਨਹੀਂ ਕੀਤਾ ਜਾਵੇਗਾ ਤੇ ਕਾਉਣੀ ਪਿੰਡ ਵਿਖੇ ਚੱਲ ਰਹੇ ਸੈਂਟਰ ਬਾਰੇ ਅਜੇ ਸੋਚਿਆ ਜਾ ਰਿਹਾ ਹੈ।