ਹੜ੍ਹਾਂ ਦਾ ਕਹਿਰ ਜਾਰੀ, ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਨੌਜਵਾਨ, ਨਹੀਂ ਲੱਗਾ ਕੋਈ ਥਹੁ-ਪਤਾ

Thursday, Jul 20, 2023 - 07:49 PM (IST)

ਮੂਨਕ (ਗਰਗ) : ਹਲਕਾ ਲਹਿਰਾ ਦੇ ਮੂਨਕ ਏਰੀਆ ’ਚ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਇਲਾਕੇ ਅੰਦਰ ਹੜ੍ਹਾਂ ਦਾ ਕਹਿਰ ਜਾਰੀ ਹੈ, ਜਿਸ ਦੇ ਚੱਲਦਿਆਂ ਮੂਨਕ-ਟੋਹਾਣਾ ਰੋਡ ’ਤੇ ਪਏ 100 ਫੁੱਟ ਚੌੜੇ ਤੇ ਤਕਰੀਬਨ 15 ਫੁੱਟ ਡੂੰਘੇ ਪਾੜ ਵਿਚ ਇਕ ਨੌਜਵਾਨ ਦੇ ਰੁੜ੍ਹਨ ਦੀ ਸੂਚਨਾ ਹੈ ਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸੂ ਸਿੰਘ ਪੁੱਤਰ ਜਗਰਾਜ ਸਿੰਘ ਨਿਵਾਸੀ ਮੂਨਕ ਜੋ ਮਜ਼ਦੂਰੀ ਕਰਦਾ ਸੀ, ਅੱਜ ਕੰਮ ’ਤੇ ਜਾਣ ਲਈ ਮੂਨਕ ਤੋਂ ਟੋਹਾਣਾ ਵੱਲ ਜਾ ਰਿਹਾ ਸੀ ਤਾਂ ਉਸ ਨੇ ਪਾੜ ਦੇ ਨਜ਼ਦੀਕ ਪੁਲਸ ਵੱਲੋਂ ਲਗਾਈਆਂ ਰੋਕਾਂ ਤੋਂ ਬਚਦਿਆਂ ਪਾੜ ਦੇ ਸਾਈਡ ਤੋਂ ਮੂਨਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਾਣੀ ਦੀ ਡੂੰਘਾਈ ਅਤੇ ਪਾਣੀ ਦੇ ਵਹਾਅ ਦਾ ਅੰਦਾਜ਼ਾ ਨਹੀਂ ਸੀ, ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ।

PunjabKesari

ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਅਤੇ ਡੀ.ਐੱਸ.ਪੀ. ਮਨੋਜ ਗੋਰਸੀ ਤੇ ਥਾਣਾ ਇੰਚਾਰਜ ਸੁਰਿੰਦਰ ਭੱਲਾ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਾਣੀ ’ਚ ਰੁੜ੍ਹੇ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਥੇ ਹੀ ਡੀ.ਐੱਸ.ਪੀ. ਮਨੋਜ ਗੋਰਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਸੜਕਾਂ ’ਤੇ ਪਾੜ ਪਏ ਹੋਏ ਹਨ, ਉਥੋਂ ਨਾ ਲੰਘਿਆ ਜਾਵੇ, ਸਿਰਫ ਤੇ ਸਿਰਫ ਸੁਰੱਖਿਅਤ ਰਸਤਿਆਂ ਨੂੰ ਹੀ ਵਰਤੋਂ ’ਚ ਲਿਆਂਦਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। 

PunjabKesari

ਪਾੜ ਵਾਲੀ ਥਾਂ ’ਤੇ ਪੁਲਸ ਨੇ ਲਾਈਆਂ ਨੇ ਰੋਕਾਂ : ਡੀ. ਐੱਸ. ਪੀ. 

ਉਕਤ ਮਾਮਲੇ ’ਤੇ ਡੀ.ਐੱਸ.ਪੀ. ਮਨੋਜ ਗੋਰਸੀ ਨੇ ਕਿਹਾ ਕਿ ਪੁਲਸ ਵੱਲੋਂ ਮੂਨਕ ਟੋਹਾਣਾ ਰੋਡ ਜਿੱਥੇ ਪਾੜ ਪਿਆ ਹੈ, ਬੈਰੀਕੇਡਿੰਗ ਕੀਤੀ ਗਈ ਹੈ ਅਤੇ ਵਿਸ਼ੇਸ਼ ਤੌਰ ’ਤੇ ਇਹ ਰਸਤਾ ਬੰਦ ਹੈ, ਦੇ ਹੋਰਡਿੰਗ ਵੀ ਲਗਾਏ ਗਏ ਹਨ, ਬਾਵਜੂਦ ਇਸ ਦੇ ਲੋਕ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਨਾ ਮੰਨਦੇ ਹੋਏ ਪਾੜ ਦੇ ਇਧਰੋਂ-ਉਧਰੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਦੇ ਚੱਲਦਿਆਂ ਹਾਦਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੂਨਕ-ਟੋਹਾਣਾ ਰੋਡ ’ਤੇ ਪਏ ਪਾੜ ਦੇ ਦੋਵੇਂ ਪਾਸੇ ਪੁਲਸ ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ। ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਏਰੀਏ ਵਿਚ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।

PunjabKesari


Manoj

Content Editor

Related News