ਫੇਫੜਿਆਂ ਲਈ ਘਾਤਕ ਸਾਬਿਤ ਹੁੰਦੀ ਹੈ ਉੱਲੀ ਦੀ ਇਨਫੈਕਸ਼ਨ
Thursday, Jun 13, 2024 - 03:10 PM (IST)
ਮੋਹਾਲੀ (ਨਿਆਮੀਆਂ) : ਕਾਰਡਿਓਥ੍ਰੋਰੋਸਿਕ ਸਾਇੰਸੇਜ਼ ਦੇ ਨਿਰਦੇਸ਼ਕ ਡਾ. ਹਰਿੰਦਰ ਸਿੰਘ ਬੇਦੀ ਨੇ ਕਿਹਾ ਕਿ ਜੇਕਰ ਫੇਫੜਿਆਂ 'ਚ ਪੈਦਾ ਹੋਈ ਫੰਗਸ-ਉੱਲੀ ਦੀ ਇਨਫੈਕਸ਼ਨ ਨੂੰ ਸਮੇਂ ਸਿਰ ਇਲਾਜ ਰਾਹੀਂ ਰੋਕਿਆ ਨਾ ਜਾ ਸਕੇ ਤਾਂ ਇਹ ਇਨਸਾਨੀ ਜ਼ਿੰਦਗੀ ਲਈ ਘਾਤਕ ਸਾਬਿਤ ਹੋ ਸਕਦੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਚੰਡੀਗੜ੍ਹ ਨਿਵਾਸੀ ਇੱਕ 45 ਸਾਲਾ ਮਰੀਜ਼ ਰਣਜੀਤ ਸਿੰਘ (ਨਾਮ ਬਦਲਿਆ ਹੋਇਆ ਹੈ) ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਕਤ ਮਰੀਜ਼ ਦਾ ਸੱਜਾ ਫੇਫੜਾ ਉੱਲੀ ਦੀ ਇਨਫੈਕਸ਼ਨ ਕਾਰਨ ਨਸ਼ਟ ਹੋ ਚੁੱਕਾ ਸੀ। ਉਕਤ ਮਰੀਜ਼ ਨੂੰ ਖੰਘ ਵਿੱਚ ਖੂਨ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਮਰੀਜ਼ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸਦੇ ਫੇਫੜਿਆਂ 'ਚ ਉੱਲੀ ਦੀ ਇਨਫੈਕਸ਼ਨ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ।
ਡਾ. ਬੇਦੀ ਨੇ ਕਿਹਾ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਜੇਕਰ ਇਸ ਉੱਲੀ ਦਾ ਤੁਰੰਤ ਇਲਾਜ ਨਾ ਕੀਤਾ ਗਿਆ ਤਾਂ ਇਹ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਸ਼ਟ ਹੋ ਚੁੱਕੇ ਫੇਫੜਿਆਂ ਨੂੰ ਰੀਸੈਕਸ਼ਨ ਸਰਜਰੀ ਰਾਹੀਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਫੇਫੜਿਆਂ ਦੇ ਟਿਸ਼ੂ ਬਹੁਤ ਜ਼ਿਆਦਾ ਸੁੱਜ ਗਏ ਸਨ, ਜਿਸ ਕਾਰਨ ਸੀਨ ਲਾਈਨ ਲੀਕ ਹੋਣ ਦਾ ਖ਼ਤਰਾ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਸਥਿਤੀ ਨੂੰ ਬ੍ਰੋਂਕੋ ਪਲਿਊਰਲ ਫਿਸਟੁਲਾ ਕਿਹਾ ਜਾਂਦਾ ਹੈ, ਜਿਸ ਨੂੰ ਰੋਕਣ ਲਈ ਉਨ੍ਹਾਂ ਖ਼ੁਦ ਦੀ ਖੋਜ ਰਾਹੀਂ ਇੱਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਸਿਉਚਰ ਲਾਈਨ ਨੂੰ ਮਜ਼ਬੂਤ ਕਰਨ ਲਈ ਮਰੀਜ਼ ਦੇ ਟਿਸ਼ੂਆਂ ਦੀ ਵਰਤੋਂ ਕਰਦੀ ਹੈ। ਜਿਸ ਨੂੰ ਵਿਸ਼ਵ ਦੇ ਸਰਜਨਾਂ ਵੱਲੋਂ ਸਵੀਕਾਰ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ।