ਆਪਣੇ ਹੀ ਮੰਤਰੀ ਤੋਂ ਮਾਨ ਨੇ ਭ੍ਰਿਸ਼ਟਾਚਾਰ ਖ਼ਿਲਾਫ ਸ਼ੁਰੂ ਕੀਤੀ ‘ਸਰਜੀਕਲ ਸਟ੍ਰਾਈਕ’, ਸੋਸ਼ਲ ਮੀਡੀਆ ’ਤੇ ਹੋ ਰਹੀ ਤਾਰੀਫ
Wednesday, May 25, 2022 - 06:32 PM (IST)
ਲੁਧਿਆਣਾ (ਵਿੱਕੀ) : ਮੰਗਲਵਾਰ ਸਵੇਰ ਤੱਕ ਪੰਜਾਬ ਦੇ ਸਿਹਤ ਮੰਤਰੀ ਰਹੇ ਵਿਜੇ ਸਿੰਗਲਾ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਸ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਨ ਦੀ ਕੀਤੀ ਗਈ ਕਾਰਵਾਈ ਨਾਲ ਜਿੱਥੇ ਸਰਕਾਰੀ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ’ਚ ਸਖ਼ਤ ਸੁਨੇਹਾ ਗਿਆ ਹੈ, ਉਥੇ ਹੀ ਆਮ ਲੋਕਾਂ ਵਲੋਂ ਵੀ ਮਾਨ ਦੇ ਇਸ ਕਦਮ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ ਉੁਹੀ ਕਰ ਰਹੀ ਜੋ, ਕਦੇ ਉਸ ਨੇ 7 ਸਾਲ ਪਹਿਲਾਂ ਦਿੱਲੀ ਵਿਚ ਵੀ ਕੀਤਾ ਸੀ। ਦੱਸ ਦੇਈਏ ਕਿ ਉਸ ਸਮੇਂ ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਭ੍ਰਿਸ਼ਟਾਚਾਰ ਦੇ ਦੋਸ਼ ’ਚ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ। ਹੁਣ ਭਗਵੰਤ ਮਾਨ ਨੇ ਵੀ ਕੇਜਰੀਵਾਲ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਇਆ, ਪੁਲਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ
ਸਿੰਗਲਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਠੇਕੇ ਲਈ ਅਧਿਕਾਰੀਆਂ ਤੋਂ 1 ਫੀਸਦੀ ਕਮਿਸ਼ਨ ਮੰਗੀ ਸੀ। ਸ਼ਿਕਾਇਤ ਤੋਂ ਬਾਅਦ ਸੀ. ਐੱਮ. ਮਾਨ ਨੇ ਫੈਸਲਾ ਲਿਆ, ਜਿਸ ਤੋਂ ਬਾਅਦ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਧਰ, ਭ੍ਰਿਸ਼ਟਾਚਾਰ ਖਿਲਾਫ ਮਾਨ ਵਲੋਂ ਅਪਣਾਈ ਗਈ ‘ਜ਼ੀਰੋ ਟਾਲਰੈਂਸ’ ਨੀਤੀ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਅਤੇ ਸ਼ਲਾਘਾ ਹੋ ਰਹੀ ਹੈ। ਟਵਿੱਟਰ ’ਤੇ ਇਕ ਯੂਜ਼ਰ ਨੇ ਲਿਖਿਆ, ‘ਮੈਂ ਤੁਹਾਡੀ ਈਮਾਨਦਾਰੀ ਨੂੰ ਸਲਾਮ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਤੁਸੀਂ ਨੇਕ ਇਰਾਦੇ ਨਾਲ ਪੰਜਾਬ ’ਚ ਰਿਸ਼ਵਤਖੋਰੀ ਦੀ ਗੰਦਗੀ ਨੂੰ ਸਾਫ ਕਰੋਗੇ।’’ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਖਿਲਾਫ ਮੁੱਖ ਮੰਤਰੀ ਮਾਨ ਦੀ ਸਰਜੀਕਲ ਸਟ੍ਰਾਈਕ, ਕਰੱਪਸ਼ਨ ਦੇ ਦੋਸ਼ਾਂ ਕਾਰਨ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਅਹੁਦੇ ਤੋਂ ਹਟਾਇਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੇਸ ਰਜਿਸਟਰਡ ਕਰਨ ਦੇ ਹੁਕਮ ਨਾਲ ਜਨਤਾ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੱਦ ਹੋਰ ਵਧਿਆ ਹੈ। ਹੁਣ ਰਿਸ਼ਵਤਖੋਰ ਅਧਿਕਾਰੀਆਂ ਦਾ ਨੰਬਰ ਲਗਾਓ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚੋਂ ਬਰਖਾਸਤ ਹੋਣ ਤੋਂ ਬਾਅਦ ਵਿਜੇ ਸਿੰਗਲਾ ਨੂੰ ਕੀਤਾ ਗਿਆ ਗ੍ਰਿਫ਼ਤਾਰ
ਟਵਿੱਟਰ ’ਤੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਸ ਨੂੰ ਕਹਿੰਦੇ ਹਨ ਮੁੱਖ ਮੰਤਰੀ। ਅੱਜ ਤੱਕ ਪੰਜਾਬ ਦੇ ਇਤਿਹਾਸ ਵਿਚ ਅਜਿਹਾ ਨਹੀਂ ਹੋਇਆ। ਹੁਣ ਸਰਕਾਰੀ ਵਿਭਾਗਾਂ ਵਾਲਿਆਂ ਨੂੰ ਵੀ ਥੋੜ੍ਹਾ ਡਰ ਪਵੇਗਾ। ਸਿਹਤ ਮੰਤਰੀ ਉੱਡ ਗਿਆ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜ਼ੀਰੋ ਟਾਲਰੈਂਸ ਮਤਲਬ, ਜ਼ੀਰੋ ਟਾਲਰੈਂਸ। ਮੈਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਮਾਣ ਹੈ।
ਇਹ ਵੀ ਪੜ੍ਹੋ : 20 ਸਾਲ ਤੋਂ ਕੁੜੀ ਨਾਲ ਆਸ਼ਰਮ ’ਚ ਹੋ ਰਿਹੈ ਸੀ ਜਬਰ-ਜ਼ਿਨਾਹ ਅਤੇ ਗੈਰ-ਕੁਦਰਤੀ ਸੰਭੋਗ, ਕਥਿਤ ਸਾਧ ’ਤੇ ਲੱਗੇ ਦੋਸ਼
ਕੇਜਰੀਵਾਲ ਨੇ ਪੇਸ਼ ਕੀਤੀ ਸੀ ਉਦਾਹਰਣ
2015 ਵਿਚ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਅਤੇ ਮੌਜੂਦਾ ਸੀ. ਐੱਮ. ਅਰਵਿੰਦਰ ਕੇਜਰੀਵਾਲ ਉਦੋਂ ਵੀ ਸੀ. ਐੱਮ. ਸਨ। ਕੈਬਨਿਟ ਮੰਤਰੀ ਆਸਿਮ ਅਹਿਮਦ ਖਾਨ ਦਿੱਲੀ ਸਰਕਾਰ ਵਿਚ ਖੁਰਾਕ ਸਪਲਾਈ ਮੰਤਰੀ ਸਨ। ਉਨ੍ਹਾਂ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਇਕ ਬਿਲਡਰ ਤੋਂ 6 ਲੱਖ ਰੁਪਏ ਦੀ ਰਿਸ਼ਤਵ ਮੰਗੀ ਸੀ। ਸੀ. ਐੱਮ. ਕੇਜਰੀਵਾਲ ਤੋਂ ਮਾਮਲੇ ਦੀ ਸ਼ਿਕਾਇਤ ਕੀਤੀ ਗਈ। ਕੇਜਰੀਵਾਲ ਨੇ ਖੁਦ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਅਹਿਮਦ ਖਾਨ ਦੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਨਾਲ ਸਬੰਧਤ ਸਬੂਤ ਪੇਸ਼ ਕੀਤੇ। ਆਸਿਮ ਨੂੰ ਅਹੁਦੇ ਤੋਂ ਹਟਾਇਆ ਹੀ ਨਹੀਂ ਗਿਆ, ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਗਈ ਤਾਂ ਕੇਜਰੀਵਾਲ ਨੇ ਕਿਹਾ ਸੀ ਕਿ ਚਾਹੇ ਮੇਰਾ ਹੀ ਬੇਟਾ ਕਿਉਂ ਨਾ ਹੋਵੇ, ਭ੍ਰਿਸ਼ਟਾਚਾਰ ਵਿਚ ਸ਼ਾਮਲ ਲੋਕਾਂ ਨੂੰ ਛੱਡਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਕੁਆਰਟਰਾਂ ’ਚ ਜਨਾਨੀ ਦਾ ਬੇਰਹਿਮੀ ਨਾਲ ਕਤਲ, ਪੁੱਤ ਨੂੰ ਵੀ ਬੁਰੀ ਤਰ੍ਹਾਂ ਵੱਢਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?