ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

Wednesday, Apr 27, 2022 - 06:21 PM (IST)

ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਜਲੰਧਰ (ਪੁਨੀਤ)–300 ਯੂਨਿਟ ਮੁਫ਼ਤ ਬਿਜਲੀ ਦਾ ਦੁੱਗਣਾ ਲਾਭ ਲੈਣ ਲਈ ਲੋਕਾਂ ਵੱਲੋਂ ਇਕ ਘਰ ਵਿਚ ਦੂਜਾ ਮੀਟਰ ਲੁਆਉਣ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪਾਵਰਕਾਮ ਦੇ ਸੁਵਿਧਾ ਸੈਂਟਰਾਂ ’ਚ ਦੂਜੇ ਮੀਟਰ ਨੂੰ ਲੈ ਕੇ ਫਾਈਲਾਂ ਦਾ ਹੜ੍ਹ ਆ ਚੁੱਕਾ ਹੈ। ਹਾਲਤ ਇਹ ਹੈ ਕਿ ਦਫ਼ਤਰਾਂ ਵਿਚ ਫਾਈਲਾਂ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਜਲੰਧਰ ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ਵਿਚ ਰੋਜ਼ਾਨਾ 500 ਦੇ ਲਗਭਗ ਫਾਈਲਾਂ ਪਹੁੰਚ ਰਹੀਆਂ ਹਨ, ਜਿਸ ਨਾਲ ਸੁਵਿਧਾ ਸੈਂਟਰ ਵਿਚ ਬੈਠੇ ਕਰਮਚਾਰੀਆਂ ਨੂੰ ਇਕ ਪਲ ਦੀ ਵੀ ਫੁਰਸਤ ਨਹੀਂ ਮਿਲ ਰਹੀ। ਲੋਕ ਫਾਈਲਾਂ ਧੜਾਧੜ ਜਮ੍ਹਾ ਕਰਵਾਉਂਦੇ ਜਾ ਰਹੇ ਹਨ। ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਦੂਜਾ ਮੀਟਰ ਲੁਆਉਣਾ ਆਸਾਨ ਨਹੀਂ ਹੋਵੇਗਾ। ਇਸ ਦੇ ਲਈ 4 ਮੁਸ਼ਕਿਲ ਪੜਾਅ ਹਨ, ਜਿਨ੍ਹਾਂ ਬਾਰੇ ‘ਜਗ ਬਾਣੀ’ ਵੱਲੋਂ ਮੰਗਲਵਾਰ ਦੇ ਐਡਿਸ਼ਨ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਨਵੇਂ ਮੀਟਰ ਲੁਆਉਣ ਸਬੰਧੀ ਜਿਹੜੀ ਨਵੀਂ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਨਵਾਂ ਮੀਟਰ ਲੁਆਉਣ ਦੇ ਮਾਮਲੇ ਨੂੰ ਲੈ ਕੇ ਮਹਿਕਮਾ ਬਹੁਤ ਚੌਕਸ ਹੋ ਚੁੱਕਾ ਹੈ। ਇਸ ਤਹਿਤ ਮੀਟਰ ਲੁਆਉਣ ਲਈ ਨਿਯਮਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੋਵੇਗਾ ਅਤੇ ਇਸ ਦੀ ਕਈ ਤਰ੍ਹਾਂ ਦੀ ਜਾਂਚ ਹੋਵੇਗੀ।

ਇਹ ਵੀ ਪੜ੍ਹੋ: ਅਲਕਾ ਲਾਂਬਾ ਦੀ ਪੇਸ਼ੀ ਤੋਂ ਪਹਿਲਾਂ ਰੋਪੜ ਵਿਖੇ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ

ਰੁਟੀਨ ਮੁਤਾਬਕ ਮੀਟਰ ਲੁਆਉਣ ਸਬੰਧੀ ਫਾਈਲ ਨੂੰ ਸੁਵਿਧਾ ਸੈਂਟਰ ਵਿਚ ਜਮ੍ਹਾ ਕਰਵਾਇਆ ਜਾਂਦਾ ਹੈ। ਜਲੰਧਰ ਵਿਚ ਪਾਵਰਕਾਮ ਦੇ ਕਈ ਸੁਵਿਧਾ ਸੈਂਟਰ ਹਨ। ਇਨ੍ਹਾਂ ਵਿਚ ਹੰਸਰਾਜ ਸਟੇਡੀਅਮ ਦੇ ਸਾਹਮਣੇ ਸਬ-ਸਟੇਸ਼ਨ ਦੇ ਨਾਲ ਵਾਲੀ ਬਿਲਡਿੰਗ, ਪਠਾਨਕੋਟ ਚੌਂਕ ਬਿਜਲੀ ਘਰ, ਬੜਿੰਗ, ਮਕਸੂਦਾਂ ਆਦਿ ਸੁਵਿਧਾ ਸੈਂਟਰ ਸ਼ਾਮਲ ਹਨ। ਇਥੋਂ ਫਾਈਲ ਨੂੰ ਅੱਗੇ ਸਬੰਧਤ ਡਿਵੀਜ਼ਨ ਦੇ ਐਕਸੀਅਨ ਦੇ ਦਫ਼ਤਰ ਵਿਚ ਭੇਜ ਦਿੱਤਾ ਜਾਂਦਾ ਹੈ। ਐਕਸੀਅਨ ਵੱਲੋਂ ਅੱਗੇ ਫਾਈਲ ਐੱਸ. ਡੀ. ਓ. ਨੂੰ ਮਾਰਕ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਮੁੱਖ ਕੰਮ ਸ਼ੁਰੂ ਹੁੰਦਾ ਹੈ। ਐੱਸ. ਡੀ. ਓ. ਆਪਣੀ ਸਬ-ਡਿਵੀਜ਼ਨ ਵਿਚ ਕੰਮ ਕਰਨ ਵਾਲੇ ਵੱਖ-ਵੱਖ ਜੂਨੀਅਰ ਇੰਜੀਨੀਅਰਾਂ (ਜੇ. ਈਜ਼) ਵਿਚੋਂ ਕਿਸੇ ਇਕ ਨੂੰ ਫਾਈਲ ਸੌਂਪ ਦਿੰਦੇ ਹਨ। ਇਸ ਤੋਂ ਬਾਅਦ ਬਿਜਲੀ ਕੁਨੈਕਸ਼ਨ ਅਪਲਾਈ ਕਰਨ ਵਾਲੇ ਦੇ ਘਰ ਵਿਜ਼ਿਟ ਕੀਤੀ ਜਾਂਦੀ ਹੈ ਅਤੇ ਰਿਪੋਰਟ ਬਣਾ ਕੇ ਐੱਸ. ਡੀ. ਓ. ਨੂੰ ਸੌਂਪੀ ਜਾਂਦੀ ਹੈ। ਇਸ ਤੋਂ ਬਾਅਦ ਐੱਸ. ਡੀ. ਓ. ਚਾਹੇ ਤਾਂ ਉਹ ਖੁਦ ਮੌਕੇ ਦਾ ਮੁਆਇਨਾ ਕਰ ਸਕਦਾ ਹੈ ਪਰ ਵਧੇਰੇ ਕੇਸਾਂ ਵਿਚ ਜੇ. ਈ. ਵੱਲੋਂ ਸਾਈਨ ਕੀਤੀ ਫਾਈਲ ਐੱਸ. ਡੀ. ਓ. ਵੱਲੋਂ ਓ. ਕੇ. ਕਰ ਦਿੱਤੀ ਜਾਂਦੀ ਹੈ ਅਤੇ ਆਸਾਨੀ ਨਾਲ ਮੀਟਰ ਲੱਗ ਜਾਂਦਾ ਸੀ।

ਹੁਣ ਮਹਿਕਮੇ ਵੱਲੋਂ ਪ੍ਰਤੀ ਮੀਟਰ ਦਿੱਤੀ ਜਾਣ ਵਾਲੀ 300 ਯੂਨਿਟ ਮੁਫ਼ਤ ਬਿਜਲੀ ਦੀ ਗਲਤ ਢੰਗ ਨਾਲ ਵਰਤੋਂ ਨਾ ਹੋ ਸਕੇ, ਇਸ ਦੇ ਲਈ ਪਾਵਰਕਾਮ ਦਾ ਪਟਿਆਲਾ ਹੈੱਡ ਆਫ਼ਿਸ ਪੂਰੇ ਘਟਨਾਕ੍ਰਮ ’ਤੇ ਨਜ਼ਰ ਰੱਖੇਗਾ। ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਨਵੇਂ ਮੀਟਰ ਅਪਲਾਈ ਹੋ ਜਾਣਗੇ, ਇਸ ਲਈ ਹਰੇਕ ਘਰ ਵਿਚ ਜਾਣਾ ਪਟਿਆਲਾ ਆਫ਼ਿਸ ਦੀਆਂ ਟੀਮਾਂ ਲਈ ਸੰਭਵ ਨਹੀਂ ਹੋਵੇਗਾ ਪਰ ਪਟਿਆਲਾ ਤੋਂ ਆਉਣ ਵਾਲੀਆਂ ਟੀਮਾਂ ਹਰੇਕ ਡਿਵੀਜ਼ਨ ਦੇ ਵੱਖ-ਵੱਖ ਇਲਾਕਿਆਂ ਦੀਆਂ ਫਾਈਲਾਂ ਦੇਖ ਕੇ ਉਨ੍ਹਾਂ ਵਿਚੋਂ 10-12 ਫਾਈਲਾਂ ਚੁੱਕ ਕੇ ਚੈੱਕ ਕਰਨਗੀਆਂ। ਇਸ ਚੈਕਿੰਗ ਵਿਚ ਕੋਈ ਵੀ ਖਪਤਕਾਰ ਆ ਸਕਦਾ ਹੈ, ਜਿਹੜਾ ਨਿਯਮਾਂ ਦੇ ਉਲਟ ਪਾਇਆ ਜਾਵੇਗਾ, ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ:  ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਦੂਜੇ ਮੀਟਰ ਦੀ ਐੱਸ. ਡੀ. ਓ. ਅਤੇ ਐਕਸੀਅਨ ਕਰਨਗੇ ਜਾਂਚ
ਦੂਜਾ ਮੀਟਰ ਲੁਆਉਣ ਵਾਲੇ ਕੇਸ ਵਿਚ ਜੇ. ਈ. ਵੱਲੋਂ ਖ਼ੁਦ ਮੌਕੇ ਦਾ ਮੁਆਇਨਾ ਕਰਕੇ ਨਿਯਮ ਅਤੇ ਸ਼ਰਤਾਂ ਨਾਲ ਸਬੰਧਤ ਜ਼ਰੂਰੀ ਚੀਜ਼ਾਂ ਜਿਵੇਂ ਕਿਚਨ, ਬਾਥਰੂਮ ਅਤੇ ਘਰ ਦੇ ਅੰਦਰ ਦੇ ਰਸਤਿਆਂ ਆਦਿ ਦੀ ਫੋਟੋ ਲਈ ਜਾਵੇਗੀ। ਜੇ. ਈ. ਦੀ ਵਿਸਥਾਰਿਤ ਰਿਪੋਰਟ ਆਉਣ ਤੋਂ ਬਾਅਦ ਐੱਸ. ਡੀ. ਓ. ਵੱਲੋਂ ਮੌਕੇ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਫਾਈਲ ਨੂੰ ਵਾਪਸ ਐਕਸੀਅਨ ਨੂੰ ਭੇਜਣਾ ਹੋਵੇਗਾ। ਸੂਤਰ ਦੱਸਦੇ ਹਨ ਕਿ ਚੌਕਸੀ ਵਜੋਂ ਐਕਸੀਅਨ ਨੂੰ ਮੌਕਾ ਵੇਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਤਿੰਨ ਅਧਿਕਾਰੀਆਂ ਵੱਲੋਂ ਮੌਕਾ ਵੇਖਣ ਕਾਰਨ ਗਲਤੀ ਦੀ ਸੰਭਾਵਨਾ ਬਹੁਤ ਘੱਟ ਰਹੇਗੀ।

ਪਾਵਰਕਾਮ ਦੀ ਸਖ਼ਤੀ ਨਾਲ ਭ੍ਰਿਸ਼ਟ ਕਰਮਚਾਰੀਆਂ ਦੀ ਨਹੀਂ ਗਲੇਗੀ ਦਾਲ
ਪਾਵਰਕਾਮ ਵਿਚ ਕਈ ਭ੍ਰਿਸ਼ਟ ਕਰਮਚਾਰੀ ਵੀ ਮੌਜੂਦ ਹਨ। ਕਈਆਂ ਖ਼ਿਲਾਫ਼ ਵਿਭਾਗੀ ਕਾਰਵਾਈ ਚੱਲ ਰਹੀ ਹੈ, ਜਦਕਿ ਕਈਆਂ ’ਤੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕਾਰਵਾਈ ਹੋ ਚੁੱਕੀ ਹੈ। ਮੀਟਰ ਰੀਡਿੰਗ ਕਰਨ ਵਾਲੇ ਪ੍ਰਾਈਵੇਟ ਕੰਪਨੀ ਦੇ 80 ਮੀਟਰ ਰੀਡਰਾਂ ਨੂੰ ਟਰਮੀਨੇਟ ਕੀਤਾ ਜਾ ਚੁੱਕਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਭਾਗੀ ਕਰਮਚਾਰੀਆਂ ਦੀ ਮਿਲੀਭੁਗਤ ਕਾਰਨ ਗਲਤ ਢੰਗ ਨਾਲ ਮੀਟਰ ਲਾਏ ਜਾਂਦੇ ਹਨ। ਜੇਕਰ ਜਲੰਧਰ ਵਿਚ ਸਾਰੇ ਮੀਟਰਾਂ ਦੀ ਜਾਂਚ ਕਰਵਾਈ ਜਾਵੇ ਤਾਂ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਦੂਜਾ ਮੀਟਰ ਲੁਆਉਣ ਨੂੰ ਲੈ ਕੇ ਮਹਿਕਮੇ ਵੱਲੋਂ ਜਿਹੜੀ ਸਖ਼ਤੀ ਅਪਣਾਈ ਜਾ ਰਹੀ ਹੈ, ਉਸ ਕਾਰਨ ਭ੍ਰਿਸ਼ਟ ਕਰਮਚਾਰੀਆਂ ਦੀ ਦਾਲ ਨਹੀਂ ਗਲੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News