ਪੰਜਾਬ ਸਰਕਾਰ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਲਈ ਮੁਫਤ ਡਾਇਲਸਿਸ ਦੀ ਸੁਵਿਧਾ ਸ਼ੁਰੂ ਕਰੇਗੀ

Saturday, Nov 25, 2017 - 07:20 AM (IST)

ਪੰਜਾਬ ਸਰਕਾਰ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਲਈ ਮੁਫਤ ਡਾਇਲਸਿਸ ਦੀ ਸੁਵਿਧਾ ਸ਼ੁਰੂ ਕਰੇਗੀ

ਪਟਿਆਲਾ  (ਜੋਸਨ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਸਰਕਾਰ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਲਈ ਮੁਫਤ ਡਾਇਲਸਿਸ ਦੀ ਸੁਵਿਧਾ ਸ਼ੁਰੂ ਕਰੇਗੀ। ਜਨਤਕ ਹਸਪਤਾਲਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ ਵਰਗੀਆਂ ਵੱਖ-ਵੱਖ ਨੀਤੀਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਮੋਹਾਲੀ ਵਿਚ ਇੱਕ ਨਵਾਂ ਸਰਕਾਰੀ ਹਸਪਤਾਲ ਖੋਲ੍ਹਿਆ ਜਾਵੇਗਾ। ਬ੍ਰਹਮ ਮਹਿੰਦਰਾ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀ-ਮੀਡੀਆ ਰਿਸਰਚ ਸੈਂਟਰ (ਈ. ਐੈੱਮ. ਆਰ. ਸੀ.) ਵੱਲੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਸਰਪ੍ਰਸਤੀ ਹੇਠ 'ਮੀਡੀਆ ਅਤੇ ਸਿਹਤ: ਸਿੱਖਿਆ, ਖੋਜ ਅਤੇ ਜਨਤਕ ਨੀਤੀਆਂ' ਵਿਸ਼ੇ 'ਤੇ ਇੱਕ ਰਾਸ਼ਟਰੀ ਸੈਮੀਨਾਰ ਅਤੇ ਮੈਸਿਵ ਓਪਨ ਆਨਲਾਈਨ ਕੋਰਸਿਜ਼ (ਮੂਕਸ) ਵਰਕਸ਼ਾਪ ਮੌਕੇ ਬੋਲ ਰਹੇ ਸਨ। ਯੂਨੀਵਰਸਲ ਕੈਸ਼ਲੈੱਸ ਲਾਇਸੈਂਸ ਸਕੀਮ ਸ਼ੁਰੂ ਕਰਨ ਅਤੇ ਤੀਸਰੇ ਪੱਧਰ 'ਤੇ ਗੁਣਵੱਤਾ ਸਿਹਤ ਸੇਵਾਵਾਂ ਦੀ ਸ਼ੁਰੂਆਤ ਕਰਨ ਬਾਰੇ ਸਰਕਾਰ ਦੇ ਯਤਨਾਂ ਦੀ ਗੱਲ ਕਰਦਿਆਂ ਬ੍ਰਹਮ ਮਹਿੰਦਰਾ ਨੇ ਮੀਡੀਆ ਨੂੰ ਸਾਕਾਰਾਤਮਕ ਰਿਪੋਰਟਿੰਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ ਨੇ ਕਿਹਾ ਕਿ ਸਿਹਤ ਅਤੇ ਜਨਤਕ ਨੀਤੀਆਂ ਦਾ ਖਰੜਾ ਤਿਆਰ ਕਰਨਾ ਅਤੇ ਇਨ੍ਹਾਂ ਨੂੰ ਲਾਗੂ ਕਰਨਾ ਪ੍ਰਭਾਵਸ਼ਾਲੀ ਪ੍ਰਕਿਰਿਆਵਾਂ ਹਨ। ਇਨ੍ਹਾਂ ਲਈ ਮੀਡੀਆ ਅਤੇ ਵਿਦਿਅਕ ਅਦਾਰੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨਵੇਂ ਉੱਭਰ ਰਹੇ ਸਿਹਤ ਮੁੱਦਿਆਂ ਦੀ ਪਛਾਣ ਕਰਨ ਅਤੇ ਸਰਕਾਰ ਦੁਆਰਾ ਸਫਲ ਨੀਤੀਆਂ ਬਣਾਉਣ ਲਈ ਮੀਡੀਆ ਦੁਆਰਾ ਠੋਸ ਸੁਝਾਅ ਦੇਣ 'ਤੇ ਜ਼ੋਰ ਦਿੱਤਾ।
ਡਾ. ਵਿਕਰਮ ਦੱਤ ਨੇ ਨਵੀਨਤਮ ਕੌਮੀ ਸਿਹਤ ਨੀਤੀ ਦੇ ਵੱਖ-ਵੱਖ ਹਿੱਸਿਆਂ ਅਤੇ ਮਾਹਿਰਾਂ ਵੱਲੋਂ ਸਿਹਤ ਖੇਤਰ ਵਿਚ ਦਿੱਤੇ ਗਏ ਸੁਝਾਵਾਂ ਅਨੁਸਾਰ ਟੀਚੇ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ। ਡਾਇਰੈਕਟਰ ਈ. ਐੈੱਮ. ਆਰ. ਸੀ. ਡਾ. ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਇਸ ਸੈਮੀਨਾਰ-ਕਮ-ਵਰਕਸ਼ਾਪ ਦਾ ਉਦੇਸ਼ ਸਰਕਾਰੀ ਸਹਾਇਤਾ ਪ੍ਰਾਪਤ ਹਸਪਤਾਲਾਂ ਵਿਚ ਮੈਡੀਕਲ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਮੀਡੀਆ ਅਤੇ ਸਿਹਤ ਵਿਚਾਲੇ ਇਕ 'ਠੋਸ ਦ੍ਰਿਸ਼ਟੀਕੋਣ' ਵਿਕਸਿਤ ਕਰਨਾ ਹੈ।


Related News